ਦੋ ਦਸੰਬਰ ਦਾ ਇਤਿਹਾਸਕ ਹੁਕਮਨਾਮਾ ਜਾਰੀ ਕੀਤੇ ਜਾਣ ਤੋਂ ਕਰੀਬ ਇੱਕ ਮਹੀਨੇ ਬਾਅਦ ਆਖ਼ਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਪਣੀ ਚੁੱਪ ਤੋੜ ਦਿੱਤੀ ਹੈ ਅਤੇ ਹੁਕਮਨਾਮੇ ਨੂੰ ਸਮੁੱਚੇ ਰੂਪ ਵਿੱਚ ਲਾਗੂ ਕਰਨ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਹੁਣ ਸ਼ਾਇਦ ਹੋਰ ਰਾਹ ਬੰਦ ਹੋ ਗਏ ਹਨ। ਉਨ੍ਹਾਂ ਦੋ ਟੁੱਕ ਲਫ਼ਜ਼ਾਂ ਵਿੱਚ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟਾਲਮਟੋਲ ਛੱਡ ਕੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਜਾਰੀ ਕੀਤਾ ਗਿਆ ਫ਼ੈਸਲਾ ਲਾਗੂ ਕਰਨਾ ਚਾਹੀਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫ਼ਾ ਫੌਰੀ ਪ੍ਰਵਾਨ ਕੀਤਾ ਜਾਣਾ ਚਾਹੀਦਾ ਅਤੇ ਹੋਰਨਾਂ ਆਗੂਆਂ ਦੇ ਅਸਤੀਫ਼ੇ ਵੀ ਲਏ ਜਾਣੇ ਚਾਹੀਦੇ ਹਨ। ਉਸ ਸੰਬੰਧੀ ਅਕਾਲੀ ਦਲ ਨੂੰ ਕੋਈ ਆਨਾਕਾਨੀ ਨਹੀਂ ਕਰਨੀ ਚਾਹੀਦੀ, ਉਸ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੀਦਾ ਹੈ ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੋ੍ਰਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਦੋਸ਼ਾਂ ਦੀ ਜਾਂਚ ਲਈ ਗਠਿਤ ਕੀਤੀ ਜਾਂਚ ਕਮੇਟੀ ਪ੍ਰਤੀ ਨਾਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਮੈਂ ਉਸ ਦਿਨ ਵੀ ਇਸ ਕਮੇਟੀ ਦੇ ਗਠਨ ਪ੍ਰਤੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਦਾ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਅਧਿਕਾਰ ਹੈ, ਇਸ ਲਈ ਇਹ ਪੜਤਾਲ ਸਾਨੂੰ ਸੌਂਪ ਦੇਣੀ ਚਾਹੀਦੀ ਹੈ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਦੇ ਸਨਮੁਖ ਜਾ ਕੇ ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਖੰਡਨ ਕਰ ਦਿੱਤਾ ਹੈ ਤਾਂ ਮੈਂ ਸਮਝਦਾ ਇਸ ਤੋਂ ਬਾਅਦ ਕੋਈ ਵੀ ਪੜਤਾਲ ਬਾਕੀ ਨਹੀਂ ਰਹਿ ਜਾਂਦੀ ।
ਪੰਜ ਸਿੰਘ ਸਾਹਿਬਾਨ ਦਾ ਆਦੇਸ਼ ਆਉਣ ਤੋਂ ਬਾਅਦ ਤਨਖ਼ਾਹੀਏ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੀ ਧਾਰਮਿਕ ਸੇਵਾ ਨਿਭਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਪਰ ਜਿੱਥੋਂ ਤੱਕ ਹੁਕਮਨਾਮੇ ਦੇ ਸਿਆਸੀ ਹਿੱਸੇ ਦਾ ਤਾਅਲੁਕ ਸੀ, ਉਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅੰਦਰ ਸ਼ੁਰੂ ਤੋਂ ਹੀ ਝਿਜਕ ਬਣੀ ਰਹੀ ਅਤੇ ਪਾਰਟੀ ਦੇ ਕੁਝ ਆਗੂਆਂ ਦੇ ਬਿਆਨਾਂ ਤੋਂ ਸਾਫ਼ ਸੰਕੇਤ ਮਿਲੇ ਸਨ ਕਿ ਲੀਡਰਸ਼ਿਪ ਇਨ੍ਹਾਂ ਫ਼ੈਸਲਿਆਂ ਨੂੰ ਪ੍ਰਵਾਨ ਨਹੀਂ ਕਰੇਗੀ।
ਇਸ ਸਬੰਧ ਵਿੱਚ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਸੀ ਕਿ ਜੇ ਅਸਤੀਫ਼ਿਆਂ ਅਤੇ ਨਵੀਂ ਮੈਂਬਰਸ਼ਿਪ ਮੁਤੱਲਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕੀਤਾ ਗਿਆ ਤਾਂ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ।
ਇਸੇ ਦੌਰਾਨ ਅਕਾਲੀ ਦਲ ਨੇ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ’ਤੇ ਕਾਨਫ਼ਰੰਸ ਲਈ ਆਪਣੀ ਸਿਆਸੀ ਸਰਗਰਮੀ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਇਆ ਇਹ ਬਿਆਨ ਵੀ ਗ਼ੌਰਤਲਬ ਹੈ ਕਿ ਉਨ੍ਹਾਂ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ ਝੂਠੇ ਸਨ ਅਤੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਰ ਕੇ ਹੀ ਇਨ੍ਹਾਂ ਦੀ ਜ਼ਿੰਮੇਵਾਰੀ ਕਬੂਲ ਕੀਤੀ ਸੀ। ਉਨ੍ਹਾਂ ਸਾਫ ਕਿਹਾ ਕਿ ਅਕਾਲੀ ਦਲ ਹੁਣ ਜਾਗ ਗਿਆ ਹੈ ਤੇ ਸਭ ਨੂੰ ਬੰਦੇ ਬਣਾਵੇਗਾ।ਇਸ ਨਾਲ ਸਾਫ਼ ਹੋ ਗਿਆ ਹੈ ਕਿ ਪੰਥਕ ਏਕਤਾ ਦਾ ਰਾਹ ਪੱਧਰਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਥਕ ਸਫ਼ਾਂ ਅੰਦਰ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੀ ਲੰਮੇ ਅਰਸੇ ਤੋਂ ਚਲੀ ਆ ਰਹੀ ਮੁਹਿੰਮ ਹਾਲੇ ਚਲਦੀ ਰਹੇਗੀ। ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਸਿਆਸਤ ਵਿੱਚ ਖਿੰਡਾਓ ਬਹੁਤ ਅੱਗੇ ਵਧ ਚੁੱਕਿਆ ਹੈ ਅਤੇ ਇਸ ਨੂੰ ਜੋੜ ਤੋੜ ਨਾਲ ਉਪਰੋਂ ਠੱਲ੍ਹ ਪਾਉਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ।ਹੋ ਸਕਦਾ ਹੈ ਜਥੇਦਾਰ ਰਘਬੀਰ ਸਿੰਘ ਨੂੰ ਅਸਤੀਫਾ ਦੇਣਾ ਪੈ ਜਾਵੇ।
ਸ਼੍ਰੋਮਣੀ ਅਕਾਲੀ ਦਲ ਲੰਮੇ ਅਰਸੇ ਤੋਂ ਪੰਜਾਬ ਅਤੇ ਪੰਥ ਦੇ ਹਿੱਤਾਂ ਦਾ ਤਰਜਮਾਨ ਰਿਹਾ ਹੈ ਪਰ ਹਾਲੀਆ ਰੁਝਾਨਾਂ ਕਰ ਕੇ ਪੰਜਾਬ ਦੇ ਹਿੱਤਾਂ ਨੂੰ ਗਹਿਰੀ ਸੱਟ ਵੱਜੀ ਹੈ ਅਤੇ ਅੱਤ ਦੇ ਕੇਂਦਰਵਾਦ ਦੀ ਮੁਹਿੰਮ ਨੂੰ ਵੀ ਬਲ ਮਿਲਿਆ ਹੈ। ਹੁਣ ਸ਼ਾਇਦ ਇਸ ਦਾ ਜਵਾਬ ਪੰਜਾਬ ਦੀਆਂ ਜਨਤਕ ਸਫ਼ਾਂ ’ਚੋਂ ਹੀ ਤਲਾਸ਼ ਕੀਤਾ ਜਾ ਸਕੇਗਾ ਜਿੱਥੇ ਲੀਡਰਸ਼ਿਪ ਨੂੰ ਆਪਣੀ ਪ੍ਰਮਾਣਿਕਤਾ ਸਿੱਧ ਕਰਨ ਲਈ ਦੇਰ ਸਵੇਰ ਜਾਣਾ ਹੀ ਪੈਂਦਾ ਹੈ।
ਦੂਜੇ ਪਾਸੇ ਬਾਦਲ ਦਲ ਦੇ ਹਲਕਿਆਂ ਦਾ ਮੰਨਣਾ ਹੈ ਕਿ ਚੋਣ ਕਮਿਸ਼ਨ ਅਨੁਸਾਰ ਅਕਾਲੀ ਨਵੀਂ ਭਰਤੀ ਟੀਮ ਬਣਾ ਸਕਦਾ ਹੈ।ਉਸ ਮੁਤਾਬਕ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਵਲੋਂ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਾਘੀ ਦੀ ਕਾਨਫਰੰਸ ਬਾਅਦ ਪ੍ਰਵਾਨ ਕਰਨ ਦੀ ਸੰਭਾਵਨਾ ਹੈ। ਤੇ ਅਗੋਂ ਸੁਖਬੀਰ ਬਾਦਲ ਦੇ ਪ੍ਰਧਾਨ ਬਣਾਉਣ ਦੀ ਸੰਭਾਵਨਾ ਹੈ।
ਇਸ ਲਈ ਖ਼ੁਦ ਸੁਖਬੀਰ ਸਿੰਘ ਬਾਦਲ ਵੀ ਸਹਿਮਤ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਯੁਕਤ ਕੀਤੀ 7 ਮੈਂਬਰੀ ਕਮੇਟੀ ਨੂੰ ਕਮਾਨ ਸੌਂਪਣ ਤੋਂ ਬਾਦਲ ਅਕਾਲੀ ਦਲ ਇਨਕਾਰੀ ਹੈ। ਅਕਾਲੀ ਦਲ ਨੇ ਸੀਨੀਅਰ ਵਕੀਲ ਕਮਲ ਸਹਿਗਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੀਆਂ ਹਦਾਇਤਾਂ ਬਾਰੇ ਕਾਨੂੰਨੀ ਸਲਾਹ ਲਈ ਹੈ, ਜੋ ਉਨ੍ਹਾਂ ਨੇ ਕਰੀਬ 12 ਸਫਿਆਂ ਵਿਚ ਦਿੱਤੀ ਹੈ। ਬਾਦਲ ਅਕਾਲੀ ਦਲ ਦੇ ਨੇਤਾ ਕਹਿੰਦੇ ਹਨ ਕਿ ਜੇਕਰ ਇਸ ਤਰ੍ਹਾਂ ਅਕਾਲੀ ਦਲ ਦੀ ਵਾਗਡੋਰ ਧਾਰਮਿਕ ਹੁਕਮਾਂ ਅਧੀਨ ਬਣਾਈ ਕਮੇਟੀ ਨੂੰ ਸੌਂਪੀ ਗਈ ਤਾਂ ਅਕਾਲੀ ਦਲ ਕਾਨੂੰਨੀ ਤੌਰ ’ਤੇ ਆਪਣੀ ਮਾਨਤਾ ਗਵਾ ਲਵੇਗਾ। ਜਦਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਕੋਈ ਸੰਵਿਧਾਨ ਸਿਆਸੀ ਪਾਰਟੀ ਉਪਰ ਪਬੰਦੀ ਨਹੀਂ ਲਗਾਉਂਦਾ ਜਦ ਤਕ ਉਹ ਪੂਰਨ ਤੌਰ ਉਪਰ ਧਾਰਮਿਕ ਨਾ ਹੋਵੇ। ਅਕਾਲੀ ਦਲ ਦੀ ਵਰਕਿੰਗ ਕਮੇਟੀ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਨੂੰ ਪ੍ਰਵਾਨ ਕਰਕੇ ਇਹ ਫੈਸਲਾ ਲੈ ਸਕਦੀ ਸੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਨੂੰ ਪੂਰਾ ਕਰਕੇ ਹੁਣ ਸੁਖਬੀਰ ਬਾਦਲ ਨੂੰ 14 ਜਨਵਰੀ ਨੂੰ ਮੁਕਤਸਰ ਦੇ ਮਾਘੀ ਮੇਲੇ ਵਿਚ ਰੀਲਾਂਚ ਕੀਤਾ ਜਾਵੇਗਾ। ਪਾਰਟੀ ਦੇ ਨੇਤਾ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਘੀ ’ਤੇ ਪਾਰਟੀ ਮੁਕਤਸਰ ਸਾਹਿਬ ਵਿਚ ਕਾਨਫਰੰਸ ਕਰੇਗੀ। ਇਸ ਵਿਚ ਸੀਨੀਅਰ ਨੇਤਾ ਸ਼ਾਮਲ ਹੋਣਗੇ।
ਦੂਜੇ ਪਾਸੇ ਮੁਕਤਸਰ ਸਾਹਿਬ ਵਿਖੇ ਹੀ ਮਾਘੀ ਮੌਕੇ ਟੀਮ ਭਾਈ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰਨ ਜਾ ਰਹੀ ਹੈ। ਸਾਡੀ ਜਾਣਕਾਰੀ ਅਨੁਸਾਰ ਇਸ ਨਵੇਂ ਅਕਾਲੀ ਦਲ ਦਾ ਪ੍ਰਧਾਨ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਕਾਰਜਕਾਰੀ ਪ੍ਰਧਾਨ ਉਨ੍ਹਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਨੂੰ ਬਣਾਇਆ ਜਾਵੇਗਾ। ਜਦੋਂ ਕਿ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਇਕੋ ਇਕ ਸੀਨੀਅਰ ਮੀਤ ਪ੍ਰਧਾਨ ਜਾਂ ਸਕੱਤਰ ਜਨਰਲ ਬਣਾਏ ਜਾਣ ਦੇ ਆਸਾਰ ਹਨ।