ਕੀ ਸ੍ਰੋਮਣੀ ਕਮੇਟੀ ਭਾਈ ਰਾਜੋਆਣਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਦੀ ਕਰ ਰਹੀ ਏ ਤਿਆਰੀ?

ਭਾਈ ਬਲਵੰਤ ਸਿੰਘ ਰਾਜੋਆਣਾ, ਜੋ ਪਟਿਆਲਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ, ਨੇ ਇੱਕ ਚਿੱਠੀ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਸਿੱਖ ਅਜਾਇਬ ਘਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦੇ ਫੈਸਲੇ ਨੂੰ ਠੁਕਰਾਇਆ ਹੈ ਤੇ ਇਸ ਤਸਵੀਰ ਲਾਉਣ ਨੂੰ ਸਿੱਖ ਸ਼ਹਾਦਤਾਂ ਦੀ ਤੌਹੀਨ ਦੱਸਿਆ ਸੀ। ਇਸ ਚਿੱਠੀ ਉਪਰ ਸ੍ਰੋਮਣੀ ਕਮੇਟੀ ਵਲੋਂ ਫੈਸਲਾ ਮੁਲਤਵੀ ਕਰਨ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਲਈ ਉਨ੍ਹਾਂ ਦੇ ਨਾਂ ਦੀਆਂ ਅਫਵਾਹਾਂ ਨੂੰ ਵੀ ਜਨਮ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕੁਝ ਪੋਸਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਸ੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਈ ਰਾਜੋਆਣਾ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਉਣ ਦੀ ਤਿਆਰੀ ਕਰ ਰਹੇ ਹਨ।ਪੰਥਕ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਅਕਾਲੀ ਦਲ (ਬਾਦਲ) ਦੀ ਸਿਆਸੀ ਮਜਬੂਰੀ ਕਾਰਨ ਅਜਿਹੇ ਫੈਸਲੇ ਹੋ ਸਕਦੇ ਹਨ, ਕਿਉਂਕਿ ਪਾਰਟੀ ’ਤੇ ਪੰਥਕ ਮੁੱਦਿਆਂ ’ਤੇ ਪਿਛਾਂਹ ਹਟਣ ਦੇ ਇਲਜ਼ਾਮ ਲੱਗਦੇ ਰਹੇ ਹਨ। ਸੂਤਰਾਂ ਅਨੁਸਾਰ ਭਾਈ ਰਾਜੋਆਣਾ ਦੀ ਅਕਾਲੀ ਦਲ ਬਾਦਲ ਨਾਲ ਨੇੜਤਾ ਹੈ ਤੇ ਉਹ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਦੀ ਹਮਾਇਤ ਕਰਦੇ ਰਹੇ ਹਨ।ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਬੀਬੀ ਕਮਲਦੀਪ ਕੌਰ ਰਾਜੋਆਣਾ, ਜੋ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ, ਦੇ ਹੱਕ ਵਿਚ ਪ੍ਰਚਾਰ ਕੀਤਾ ਸੀ। ਸੁਖਬੀਰ ਨੇ ਇਸ ਦੌਰਾਨ ਕਿਹਾ ਸੀ ਕਿ ਕਮਲਦੀਪ ਦੀ ਜਿੱਤ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਕਰੇਗੀ। ਪਰ ਕਮਲਦੀਪ ਕੌਰ ਚੋਣ ਹਾਰ ਗਏ ਸਨ। ਇਹ ਚੋਣ ਸਿਮਰਨਜੀਤ ਸਿੰਘ ਮਾਨ ਨੇ ਜਿੱਤੀ ਸੀ। ਪਰ ਸਵਾਲ ਇਹ ਹੈ ਕਿ ਕੀ ਰਾਜੋਆਣਾ, ਜੋ ਸਿੱਖ ਸੰਘਰਸ਼ ਵਿਚ ਸ਼ਾਮਲ ਰਹੇ ਹਨ ਤੇ ਬੇਅੰਤ ਕਤਲ ਕਾਂਡ ਵਿਚ ਸਜ਼ਾ ਭੁਗਤ ਰਹੇ ਹਨ , ਅਕਾਲ ਤਖਤ ਦੀ ਜਥੇਦਾਰੀ ਬਾਰੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪੂਰਨ ਸਮਰੱਥ ਹਨ? ਇਹ ਸਾਰਾ ਮਸਲਾ ਸਿੱਖੀ ਦੇ ਸਿਧਾਂਤਾਂ, ਇਤਿਹਾਸ ਅਤੇ ਸੰਗਤ ਦੇ ਸਮਰਥਨ ਦੇ ਆਲੇ-ਦੁਆਲੇ ਘੁੰਮਦਾ ਹੈ। ਅਕਾਲ ਤਖਤ ਸਿੱਖ ਪੰਥ ਦਾ ਸਰਬਉੱਚ ਸਿੰਘਾਸਣ ਹੈ, ਜਿੱਥੇ ਗੁਰਮਤਿ, ਸਿੱਖ ਇਤਿਹਾਸ ਅਤੇ ਮਰਿਯਾਦਾ ਦੀ ਪੂਰੀ ਸਮਝ ਵਾਲਾ ਸੂਝਵਾਨ ਜਥੇਦਾਰ ਚਾਹੀਦਾ ਹੈ। ਭਾਈ ਰਾਜੋਆਣਾ ਦੀ ਸਿੱਖ ਸੰਘਰਸ਼ ਪ੍ਰਤੀ ਸਮਰਪਣ ਅਤੇ 1984 ਦੇ ਜਖਮਾਂ ਨੂੰ ਸਮਝਣ ਦੀ ਸਮਰੱਥਾ ਉਨ੍ਹਾਂ ਨੂੰ ਸੰਗਤ ਦੇ ਦਿਲਾਂ ਵਿੱਚ ਸਤਿਕਾਰ ਜਰੂਰ ਦਿੰਦੀ ਹੈ। ਪਰ ਜਥੇਦਾਰੀ ਸਿਰਫ਼ ਜੋਸ਼ ਜਾਂ ਸ਼ਹਾਦਤ ਦੀ ਗੱਲ ਨਹੀਂ। ਇਸ ਲਈ ਗੁਰਬਾਣੀ ਦੀ ਸੂਝ, ਸਿੱਖ ਰਹਿਤ ਮਰਯਾਦਾ ਦੀ ਪਕੜ ਅਤੇ ਸੰਗਤ ਨੂੰ ਜੋੜਨ ਦੀ ਸਮਰੱਥਾ ਚਾਹੀਦੀ ਹੈ। ਇਸ ਸੰਦਰਭ ਵਿਚ ਭਾਈ ਰਾਜੋਆਣਾ ਸੰਪੂਰਨ ਨਹੀਂ ਹਨ। ਦੂਜਾ ਸੁਆਲ ਇਹ ਹੈ ਕਿ ਭਾਈ ਰਾਜੋਆਣਾ, ਜੋ ਪਟਿਆਲਾ ਜੇਲ੍ਹ ਦੀਆਂ ਸਲਾਖਾਂ ਵਿੱਚ ਬੰਦ ਹਨ, ਕੀ ਜੇਲ੍ਹ ਵਿੱਚ ਰਹਿੰਦਿਆਂ ਇਹ ਜ਼ਿੰਮੇਵਾਰੀ ਨਿਭਾ ਸਕਣਗੇ ? ਜੇਲ ਵਿਚੋਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਕਿਵੇਂ ਫੈਸਲੇ ਲੈ ਸਕਦੇ ਹਨ? ਅਜਿਹੀ ਕੋਈ ਸਿੱਖ ਇਤਿਹਾਸ ਦੀ ਪਰੰਪਰਾ ਨਹੀਂ ਹੈ।ਉਨ੍ਹਾਂ ਦੀ ਵਿਦਿਆ, ਗੁਰਮਤਿ ਦੀ ਅਕਾਦਮਿਕ ਸਮਝ ਅਤੇ ਮਰਿਯਾਦਾ ਦੀ ਪ੍ਰਕਿਰਿਆਵਾਂ ਵਿੱਚ ਅਨੁਭਵ ਦੀ ਜਾਣਕਾਰੀ ਸੀਮਤ ਹੈ। ਭਾਈ ਰਾਜੋਆਣਾ ਦੀ ਰਿਹਾਈ ਦਾ ਮਸਲਾ ਸੰਗਤ ਦੇ ਦਿਲਾਂ ਵਿੱਚ ਇੱਕ ਪੀੜ ਦੀ ਤਰ੍ਹਾਂ ਰਿਸਦਾ ਹੈ। ਹਰੇਕ ਸਿੱਖ ਚਾਹੁੰਦਾ ਹੈ ਕੀ ਭਾਈ ਰਾਜੋਆਣਾ ਦੀ ਰਿਹਾਈ ਹੋਵੇ।1995 ਦੇ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਪਾਉਣ ਵਾਲੇ ਭਾਈ ਰਾਜੋਆਣਾ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਅਤੇ ਸ੍ਰੋਮਣੀ ਕਮੇਟੀ ਸਮੇਂ-ਸਮੇਂ ’ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਦੇ ਰਹੇ ਹਨ। ਪਰ ਮੋਦੀ ਸਰਕਾਰ ਨੇ ਇਸ ਮੁੱਦੇ ’ਤੇ ਕੋਈ ਸਪੱਸ਼ਟ ਪ੍ਰਗਤੀ ਨਹੀਂ ਵਿਖਾਈ । ਪੰਥਕ ਮਾਹਿਰਾਂ ਅਨੁਸਾਰ ਜੇ ਰਾਜੋਆਣਾ ਨੂੰ ਜਥੇਦਾਰ ਬਣਾਇਆ ਜਾਂਦਾ ਹੈ, ਤਾਂ ਇਹ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਮਜ਼ਬੂਤ ਕਰ ਸਕਦਾ ਹੈ, ਪਰ ਇਸ ਨਾਲ ਸਿਆਸੀ ਅਤੇ ਪੰਥਕ ਖਿੱਚਤਾਣ ਵਧਣ ਦਾ ਵੀ ਖ਼ਤਰਾ ਹੈ। ਪੰਥਕ ਮਾਹਿਰਾਂ ਅਨੁਸਾਰ, ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਪੰਥਕ ਸਹਿਮਤੀ ਅਤੇ ਗੁਰਮਤਿ ਸਿਧਾਂਤਾਂ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਐਕਟਿੰਗ ਜਥੇਦਾਰ ਦੀ ਨਿਯੁਕਤੀ ਨੂੰ ਕਈ ਸਿੱਖ ਵਿਦਵਾਨ ਅਕਾਲ ਤਖਤ ਦੀ ਮਰਯਾਦਾ ਅਤੇ ਸਾਖ ਨੂੰ ਘਟਾਉਣ ਵਾਲਾ ਮੰਨਦੇ ਹਨ। ਭਾਈ ਰਾਜੋਆਣਾ ਨੂੰ ਐਕਟਿੰਗ ਜਥੇਦਾਰ ਬਣਾਉਣ ਦੀ ਚਰਚਾ ਨੂੰ ਸੰਗਤ ’ਚ ਸਿਆਸੀ ਚਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਪੰਥਕ ਏਕਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੰਗਤ ਦੀ ਭਾਵਨਾ ਹੈ ਕਿ ਅਕਾਲ ਤਖਤ ਦੀ ਜਥੇਦਾਰੀ ਪੰਥ ਦੀ ਏਕਤਾ ਅਤੇ ਗੁਰਮਤਿ ਦੀ ਰੌਸ਼ਨੀ ਵਿੱਚ ਹੋਵੇ, ਨਾ ਕਿ ਸਿਆਸਤ ਦੀ ਲਾਲਸਾ ਵਿੱਚ। ਸਿੱਖ ਜਗਤ ਨੂੰ ਚਾਹੀਦਾ ਹੈ ਕਿ ਇਸ ਮਸਲੇ ’ਤੇ ਸੂਝ ਨਾਲ ਵਿਚਾਰ ਕਰੇ, ਤਾਂ ਜੋ ਅਕਾਲ ਤਖਤ ਦੀ ਪਵਿੱਤਰਤਾ ਅਤੇ ਪੰਥ ਦੀ ਏਕਤਾ ਬਰਕਰਾਰ ਰਹਿ ਸਕੇ ਤੇ ਗਲਤ ਫੈਸਲੇ ਨਾ ਹੋਣ,ਜਿਸ ਕਾਰਣ ਸਿੱਖ ਪੰਥ ਨੂੰ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਵੇ।

Loading