ਕੀ ਹਾਲਾਤ ਹਨ ਇਰਾਨ ਵਿਚ ਸਿੱਖ ਭਾਈਚਾਰੇ ਦੇ?

In ਮੁੱਖ ਲੇਖ
June 24, 2025

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ :

ਈਰਾਨ, ਜਿਹੜਾ ਇਸਲਾਮੀ ਜਹਾਨ ਦਾ ਮੋਹਰੀ ਮੁਲਕ ਹੈ, ਉਹਦੇ ਵਿੱਚ ਸਿੱਖ ਧਰਮ ਦੀ ਮਹਿਕ ਅਤੇ ਗੁਰਬਾਣੀ ਦੀ ਗੂੰਜ ਕਿਸੇ ਅਜੂਬੇ ਤੋਂ ਘੱਟ ਨਹੀਂ।  ਪਰ ਸਵਾਲ ਉੱਠਦਾ ਹੈ, ਕਿ ਸਿੱਖ ਇਸ ਇਸਲਾਮੀ ਮੁਲਕ ਵਿੱਚ ਕਦੋਂ ਪਹੁੰਚੇ ਸਨ? ਉਹਨਾਂ ਦੀ ਜ਼ਿੰਦਗੀ, ਕਾਰੋਬਾਰ, ਬੋਲੀ-ਭਾਸ਼ਾ, ਪਹਿਰਾਵਾ ਤੇ  ਇਰਾਨੀ ਲੋਕਾਂ ਨਾਲ ਸਬੰਧ ਕਿਹੋ ਜਿਹੇ ਹਨ? ਅਤੇ ਅੱਜ ਜਦੋਂ ਈਰਾਨ-ਇਜ਼ਰਾਈਲ ਵਿਚਕਾਰ ਜੰਗ ਦੀਆਂ ਤਪਸ਼ਾਂ ਤਹਿਰਾਨ ਤੱਕ ਪਹੁੰਚ ਗਈਆਂ ਨੇ, ਤਾਂ ਸਿੱਖਾਂ ਦੇ ਹਾਲਾਤ ਕੀ ਹਨ?

ਸਿੱਖ ਕਦੋਂ ਪਹੁੰਚੇ ਈਰਾਨ ਵਿਚ?

ਈਰਾਨ ਦੀ ਧਰਤੀ ਨਾਲ ਸਿੱਖਾਂ ਦਾ ਮੇਲ-ਜੋਲ ਕੋਈ ਨਵਾਂ ਨਹੀਂ। ਸਾਡੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦੀਆਂ ਉਦਾਸੀਆਂ ਨੇ ਸੰਸਾਰ ਨੂੰ ਸੱਚ ਦਾ ਸੁਨੇਹਾ ਦਿੱਤਾ ਸੀ, ਆਪਣੀ ਚੌਥੀ ਉਦਾਸੀ ਦੌਰਾਨ ਈਰਾਨ ਪਹੁੰਚੇ ਸਨ। ਉਹ ਬੁਸ਼ਹਿਰ, ਬਸਰਾ, ਤਬਰੀਜ਼, ਤਹਿਰਾਨ, ਇਸਫਹਾਨ, ਕਰਮਨ ਤੇ ਮਸ਼ਹਦ ਵਰਗੇ ਸ਼ਹਿਰਾਂ ਵਿੱਚ ਗਏ ਸਨ, ਜਿੱਥੇ ਉਹਨਾਂ ਨੇ ਸੱਚ ਦੀ ਜੋਤ ਜਗਾਈ। ਭਾਈ ਮਰਦਾਨਾ ਜੀ ਨਾਲ ਉਹਨਾਂ ਦੀ ਯਾਤਰਾ ਨੇ ਈਰਾਨੀਆਂ ਦੇ ਦਿਲਾਂ ਵਿੱਚ ਗੁਰੂ ਜੀ ਦੀ ਯਾਦ ਸਦਾ ਲਈ ਵਸਾ ਦਿੱਤੀ।ਪਰ ਸਿੱਖ ਵਜੋਂ ਵਸਣ ਦੀ ਸ਼ੁਰੂਆਤ 20ਵੀਂ ਸਦੀ ਦੇ ਮੁੱਢ ਵਿੱਚ ਹੋਈ ਸੀ। 1900 ਤੋਂ 1920 ਦੇ ਦਰਮਿਆਨ, ਜਦੋਂ ਪੰਜਾਬ ਅਜੇ ਅਣਵੰਡਿਆ ਸੀ, ਰਾਵਲਪਿੰਡੀ ਅਤੇ ਹੋਰ ਇਲਾਕਿਆਂ ਤੋਂ ਸਿੱਖ ਕੰਮ ਦੀ ਭਾਲ ਵਿੱਚ ਪਰਸੀਆ (ਈਰਾਨ) ਪਹੁੰਚੇ ਸਨ। ਕੁਝ ਸਿੱਖ, ਜੋ ਬ੍ਰਿਟਿਸ਼ ਭਾਰਤੀ ਫੌਜ ਦਾ ਹਿੱਸਾ ਸਨ, ਜ਼ਾਹੇਦਾਨ ਵਿੱਚ ਵਸੇ ਸਨ। 

ਦਸਿਆ ਜਾਂਦਾ ਹੈ ਕਿ  ਪ੍ਰੋਫੈਸਰ ਹਰਪਾਲ ਸਿੰਘ ਪੰਨੂ ਕਹਿੰਦੇ ਹਨ, ”ਇੱਕ ਵਾਰ ਈਰਾਨ ਦਾ ਬਾਦਸ਼ਾਹ ਰਜਾ ਸ਼ਾਬ ਪਹਿਲਵੀ ਪਿੰਡ ਦੁਸ਼ਟੇਆਬ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਲੰਮੀਆਂ ਦਾੜ੍ਹੀਆਂ ਵਾਲੇ ਕਿਸਾਨ ਮਿਲੇ ਸਨ। ਉਨ੍ਹਾਂ ਦੀਆਂ ਦਾੜ੍ਹੀਆਂ ਖੁੱਲ੍ਹੀਆਂ ਸਨ ਅਤੇ ਦਸਤਾਰਾਂ ਬੰਨ੍ਹੀਆਂ ਹੋਈਆਂ ਸਨ।”’ਬਾਦਸ਼ਾਹ ਘੋੜੇ ਤੋਂ ਉਤਰ ਕੇ ਉਨ੍ਹਾਂ ਨੂੰ ਸਲਾਮ ਕਰਨ ਲੱਗਾ। ਜਦੋਂ ਬਾਦਸ਼ਾਹ ਦੇ ਸਾਥੀਆਂ ਨੇ ਪੁੱਛਿਆ ਕਿ ਤੁਸੀਂ ਇਨ੍ਹਾਂ ਨੂੰ ਸਲਾਮ ਕਿਉਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬੰਦਗੀ ਕਰਨ ਵਾਲੇ ਫ਼ਕੀਰ ਹਨ ਪਰ ਉਨ੍ਹਾਂ ਦੱਸਿਆ ਕਿ ਇਹ ਫ਼ਕੀਰ ਨਹੀਂ ,ਸਗੋਂ ਹਿੰਦੋਸਤਾਨ ਦੇ ਕਿਸਾਨ ਹਨ, ਜੋ ਖੇਤੀ ਕਰਨ ਆਏ ਹਨ।”ਪੰਨੂ ਅੱਗੇ ਦੱਸਦੇ ਹਨ, ”ਪਿੰਡ ਵਿੱਚ ਦਰਬਾਰ ਲਗਾਉਣ ਤੋਂ ਬਾਅਦ ਬਾਦਸ਼ਾਹ ਨੇ ਕਿਸਾਨਾਂ ਨੂੰ ਦੁਬਾਰਾ ਬੁਲਾਇਆ। ਕਿਸਾਨਾਂ ਨੇ ਉਨ੍ਹਾਂ ਦਾ ਫਕੀਰ ਕਹਿਣ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ਫਕੀਰ ਹੋਣ ਦਾ ਕੀ ਫਾਇਦਾ ਹੋਇਆ ਜੇ ਸਾਡੇ ਕੋਲ ਬੰਦਗੀ ਕਰਨ ਲਈ ਥਾਂ ਨਹੀਂ ਹੈ।”

‘ਬਾਦਸ਼ਾਹ ਦੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਸਾਨੂੰ ਇਸ ਲਈ ਇੱਕ ਏਕੜ ਜ਼ਮੀਨ ਚਾਹੀਦੀ ਹੈ। ਬਾਦਸ਼ਾਹ ਨੇ ਇੱਕ ਏਕੜ ਜ਼ਮੀਨ ਦਾਨ ਦੇਣ ਦੀ ਗੱਲ ਆਖੀ ਪਰ ਕਿਸਾਨਾਂ ਨੇ ਕਿਹਾ ਸਾਡਾ ਧਰਮ ਦਾਨ ਦੀ ਵਕਾਲਤ ਨਹੀਂ ਕਰਦਾ, ਸਗੋਂ ਕਿਰਤ ਕਰਕੇ ਇਬਾਦਤਗਾਹਾਂ ਉਸਾਰਨ ਦੀ ਗੱਲ ਕਰਦਾ ਹੈ।”ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਬਾਦਸ਼ਾਹ ਤੋਂ ਜ਼ਮੀਨ ਖਰੀਦਣ ਦੀ ਇਜਾਜ਼ਤ ਮੰਗੀ ਜੋ ਬਾਦਸ਼ਾਹ ਨੇ ਤੁਰੰਤ ਹੀ ਦੇ ਦਿੱਤੀ ਅਤੇ ਨਾਲ ਹੀ ਕਿਸਾਨਾਂ ਦੀ ਸਹਿਮਤੀ ਬਾਅਦ ਨਜ਼ਰਾਨਾ ਵੀ ਦਿੱਤਾ। ਬਾਦਸ਼ਾਹ ਨੇ ਕਿਹਾ ਜਿੱਥੇ ਇਹੋ ਜਿਹੇ ਫ਼ਕੀਰ ਹੋਣ ਉਸ ਪਿੰਡ ਦਾ ਨਾਂ ਦੁਸ਼ਟੇਆਬ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦਾ ਅਰਥ ਸੀ ਪਾਣੀ ਚੋਰ। ਇਸ ਤੋਂ ਬਾਅਦ ਪਿੰਡ ਦਾ ਨਾਮ ਜ਼ਾਹੇਦਾਨ ਰੱਖ ਦਿੱਤਾ ਗਿਆ, ਜਿਸ ਦਾ ਅਰਥ ਹੈ ‘ਰੱਬ ਦੀ ਬੰਦਗੀ ਕਰਨ ਵਾਲੇ’।”

ਪਹਿਲੀ ਵਿਸ਼ਵ ਜੰਗ ਤੋਂ ਬਾਅਦ, ਕਈ ਸਿੱਖਾਂ ਨੂੰ ਮੁਆਵਜ਼ੇ ਵਜੋਂ ਟਰੱਕ ਮਿਲੇ, ਜਿਨ੍ਹਾਂ ਨਾਲ ਉਹਨਾਂ ਨੇ ਜ਼ਾਹੇਦਾਨ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਸੀ।  ਸ਼ੁਰੂਆਤ ਵਿੱਚ ਸਿੱਖ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੇ ਸਨ, ਪਰ ਸਮੇਂ ਨਾਲ ਉਹ ਵਪਾਰ, ਖੇਤੀ, ਨੌਕਰੀਆਂ  ਵਿੱਚ ਵੀ ਸਰਗਰਮ ਹੋ ਗਏ। ਜ਼ਾਹੇਦਾਨ ਵਿੱਚ ਸਿੱਖ ਕਿਸਾਨਾਂ ਨੇ ਜ਼ਮੀਨਾਂ ਖਰੀਦੀਆਂ ਸਨ ਅਤੇ ਪਿੰਡ ਦੁਸ਼ਟੇਆਬ ਨੂੰ ਆਪਣੀ ਮਿਹਨਤ ਨਾਲ ਅਬਾਦ ਕੀਤਾ ਸੀ।

ਪੂਰੇ ਇਰਾਨ ਵਿਚ 1000 ਦੇ ਕਰੀਬ ਸਿੱਖ ਵਸਦੇ ਹਨ।ਅੱਜ ਤਹਿਰਾਨ ਵਿੱਚ 100 ਸਿੱਖ ਪਰਿਵਾਰ ਵੱਸਦੇ ਹਨ, ਜੋ ਜ਼ਿਆਦਾਤਰ ਵਪਾਰੀ ਹਨ। ਈਰਾਨੀ ਸਿੱਖ ਆਪਣੇ ਪੰਜ ਕਕਾਰਾਂ—ਕੇਸ, ਕੰਘਾ, ਕੜਾ, ਕਛਹਿਰਾ, ਕਿਰਪਾਨ ਨੂੰ ਸੰਭਾਲਦੇ ਹਨ, ਪਰ ਉਹ ਈਰਾਨੀ ਸੱਭਿਆਚਾਰ ਨਾਲ  ਘੁਲ-ਮਿਲ ਗਏ ਹਨ । ਘਰਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪਰ ਬਾਹਰ ਫ਼ਾਰਸੀ ਭਾਸ਼ਾ ਦੀ ਵਰਤੋਂ ਹੁੰਦੀ ਹੈ। ਸੀਨੀਅਰ ਪੱਤਰਕਾਰ ਸਈਦ ਨਕਵੀ, ਜੋ 2001 ਵਿੱਚ ਅਟਲ ਬਿਹਾਰੀ ਵਾਜਪਾਈ ਦੇ ਨਾਲ ਈਰਾਨ ਗਏ ਸਨ, ਦੱਸਦੇ ਹਨ ਕਿ ਸਿੱਖ ਤੇ ਈਰਾਨੀ ਇੱਕ-ਦੂਜੇ ਦੇ ਘਰ ਆਉਂਦੇ-ਜਾਂਦੇ ਹਨ। ਸਿੱਖ ਈਰਾਨੀ ਸੱਭਿਆਚਾਰ ਨੂੰ ਅਪਣਾਉਂਦੇ ਹਨ, ਪਰ ਆਪਣੀ ਪਛਾਣ ਨੂੰ ਵੀ ਸੰਭਾਲਦੇ ਹਨ।ਸਿੱਖ ਮਰਦ ਆਮ ਤੌਰ ‘ਤੇ ਦਸਤਾਰ ਬੰਨ੍ਹਦੇ ਹਨ, ਜਦਕਿ ਔਰਤਾਂ ਪੰਜਾਬੀ ਸਲਵਾਰ-ਕੁੜਤਾ ਜਾਂ ਈਰਾਨੀ ਸੱਭਿਆਚਾਰ ਨਾਲ ਮਿਲਦਾ ਪਹਿਰਾਵਾ ਪਾਉਂਦੀਆਂ ਹਨ। 

ਈਰਾਨ ਵਿੱਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਹੈ। ਜਿਵੇਂ ਤਹਿਰਾਨ ਵਿੱਚ ਅਰਮੇਨੀਅਨ ਚਰਚ ਅਤੇ ਯਹੂਦੀ ਸਮਾਜ ਨੂੰ ਸਤਿਕਾਰ ਮਿਲਦਾ ਹੈ, ਤਿਵੇਂ ਸਿੱਖ ਵੀ ਆਪਣੇ ਗੁਰਦੁਆਰਿਆਂ ਵਿਚ ਅਜ਼ਾਦੀ ਨਾਲ ਬੰਦਗੀ ਕਰਦੇ ਹਨ।

    ਗੁਰਦੁਆਰਿਆਂ ਦੀ ਹੋਂਦ

ਈਰਾਨ ਵਿੱਚ  ਪਹਿਲਾਂ ਤਿੰਨ ਗੁਰਦੁਆਰੇ ਸਨ—ਤਹਿਰਾਨ, ਜ਼ਾਹੇਦਾਨ ਅਤੇ ਅਬਾਦਾਨ। ਅਬਾਦਾਨ ਦਾ ਗੁਰਦੁਆਰਾ ਹੁਣ ਅਜਾਇਬ-ਘਰ ਬਣ ਗਿਆ, ਪਰ ਤਹਿਰਾਨ ਦਾ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਅਤੇ ਜ਼ਾਹੇਦਾਨ ਦਾ ਗੁਰਦੁਆਰਾ ਅਜੇ ਵੀ ਸੁਸ਼ੋਭਿਤ ਹਨ। ਤਹਿਰਾਨ ਦਾ ਗੁਰਦੁਆਰ 1941 ਵਿੱਚ ਬਣਿਆ ਸੀ, ਜਿਸ ਨੂੰ 1967 ਵਿੱਚ ਪੱਕਾ ਕੀਤਾ ਗਿਆ। ਇਹ ਗੁਰਦੁਆਰੇ ਸਿੱਖੀ ਦਾ ਇਤਿਹਾਸਕ ਨੀਂਹ ਪੱਥਰ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੇ ਰਾਤ ਬਿਤਾਈ ਸੀ। ਗੁਰਦੁਆਰੇ ਵੱਲ ਜਾਣ ਵਾਲੀ ਸੜਕ ਦਾ ਨਾਮ “ਸਦਖੀ ਕਬੀਰੀ ਐੱਲੀ” ਹੈ, ਜੋ ਸਿੱਖੀ ਦੀ ਸਤਿਕਾਰ ਦੀ ਮਿਸਾਲ ਹੈ।।2016 ਵਿੱਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 2001 ਵਿੱਚ ਅਟਲ ਬਿਹਾਰੀ ਵਾਜਪੇਈ ਇਸ ਗੁਰਦੁਆਰੇ ਵਿੱਚ ਮੱਥਾ ਟੇਕਣ ਪਹੁੰਚੇ ਸਨ। 

ਮੌਜੂਦਾ ਹਾਲਾਤ ਅਤੇ ਜੰਗ ਦੀ ਤਪਸ਼

ਅੱਜ ਜਦੋਂ ਈਰਾਨ-ਇਜ਼ਰਾਈਲ ਜੰਗ ਦੀਆਂ ਲਪਟਾਂ ਤਹਿਰਾਨ ਤੱਕ ਪਹੁੰਚ ਗਈਆਂ ਹਨ, ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਵਧ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਤਹਿਰਾਨ ਦਾ ਭਾਈ ਗੰਗਾ ਸਿੰਘ ਸਭਾ  ਬੰਦ ਕਰ ਦਿੱਤਾ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਗ ਧਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਿਆਂ ਵਿੱਚ ਸੁਸ਼ੋਬਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾਵੇ।ਈਰਾਨ ਦੇ ਹਾਲਾਤ ਅਜਿਹੇ ਹਨ ਕਿ ਲੋਕ ਪਨਾਹ ਲੈਣ ਲਈ ਭੱਜ ਰਹੇ ਹਨ। ਅਜਿਹੇ ਵਿੱਚ ਸਿੱਖਾਂ ਦੀ ਗਿਣਤੀ ਘਟ ਰਹੀ ਹੈ। ਈਰਾਨੀ ਸਰਕਾਰ ਦੀ ਉਦਾਰਤਾ ਅਤੇ ਸਿੱਖਾਂ ਦੀ ਮਿਹਨਤ ਨੇ ਹੁਣ ਤੱਕ ਉਹਨਾਂ ਨੂੰ ਸੁਰੱਖਿਅਤ ਰੱਖਿਆ ਹੈ।

Loading