ਕੀ ਹਿੰਦੂਆਂ ਦੀ ਸਰਵਉੱਚ ਸ਼ਕਤੀ ਦਾ ਪ੍ਰਤੀਕ ਹੁਣ ਬੁਲਡੋਜ਼ਰ ਹੈ?

In ਮੁੱਖ ਲੇਖ
April 03, 2026

ਪ੍ਰੋਫ਼ੈਸਰ ਅਪੂਰਵਾਨੰਦ

ਇੱਕ ਪੰਜ ਸਾਲ ਦੀ ਬੱਚੀ ਵੱਲੋਂ ਯੂ.ਪੀ. ਦੇ ਮੁੱਖ ਮੰਤਰੀ ਅਦਿਤਿਆਨਾਥ ਨੂੰ ਖਿਡੌਣਾ ਬੁਲਡੋਜ਼ਰ ਭੇਂਟ ਕਰਨ ਦੀ ਵਾਇਰਲ ਵੀਡੀਓ ਪ੍ਰੇਸ਼ਾਨ ਕਰਨ ਵਾਲੀ ਹੈ। ਇਹ ਪ੍ਰਸਿੱਧ ਸਮਾਚਾਰ ਏਜੰਸੀ ਪ੍ਰੈੱਸ ਟਰੱਸਟ ਆਫ਼ ਇੰਡੀਆ ਵੱਲੋਂ ਜਾਰੀ ਵੀਡੀਓ ਸੀ। ਸੋ, ਖ਼ਬਰ ਭਰੋਸੇਯੋਗ ਹੀ ਹੋਵੇਗੀ, ਕਿਸੇ ਦੀ ਇੱਛਾ ਪੂਰਤੀ ਲਈ ਕਾਲਪਨਿਕ ਜਾਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਰਚਨਾ ਨਹੀਂ ਹੋਵੇਗੀ, ਇਹ ਮੰਨ ਕੇ ਉਸਨੂੰ ਦੇਖਣ ਲੱਗਾ। ਇੱਕ ਨਿੱਕੀ ਜਿਹੀ ਬੱਚੀ ਦਾ ਇੰਟਰਵਿਊ ਚੱਲ ਰਿਹਾ ਸੀ। ਉਸਦੇ ਪਿੱਛੇ ਉਸਦੀ ਮਾਂ ਸਰਗਰਮ ਸੀ। ਕੁਝ ਪਰਿਵਾਰ ਦੇ ਵੱਡੇ ਲੋਕ ਵੀ ਸਰਗਰਮ ਸਨ। ਖ਼ਬਰ ਗੋਰਖਪੁਰ ਦੀ ਸੀ। ਬੱਚੀ ਦੀ ਮੁਲਾਕਾਤ ਸਵੇਰ ਦੀ ਸੈਰ ’ਤੇ ਨਿਕਲੇ ਰਾਜ ਦੇ ਮੁੱਖ ਮੰਤਰੀ ਆਦਿੱਤਿਆਨਾਥ ਨਾਲ ਹੋਈ ਸੀ। ਉਸੇ ਦਾ ਵਰਣਨ ਖ਼ਬਰ ਵਿੱਚ ਸੀ।
5 ਸਾਲ ਦੀ ਬੱਚੀ ਦੇ ਹੱਥ ਵਿੱਚ ਇੱਕ ਖਿਡੌਣਾ ਬੁਲਡੋਜ਼ਰ ਸੀ। ਵੀਡੀਓ ਵਿੱਚ ਉਹ ਇਹ ਖਿਡੌਣਾ ਮੁੱਖ ਮੰਤਰੀ ਨੂੰ ਭੇਂਟ ਕਰਦੀ ਦਿਖਾਈ ਦਿੰਦੀ ਹੈ। ਇਸ ਭੇਂਟ ਤੋਂ ਖੁਸ਼ ਹੋਏ ਮੁੱਖ ਮੰਤਰੀ ਉਸਨੂੰ ਉਸਦਾ ਤੋਹਫ਼ਾ ਵਾਪਸ ਮੋੜਦੇ ਹਨ। ਪਹਿਲਾਂ ਮੁਸਕੁਰਾਉਂਦੇ ਹੋਏ ਉਸਦੇ ਹੱਥੋਂ ਇਸ ਭੇਂਟ ਨੂੰ ਸਵੀਕਾਰ ਕਰਦੇ ਹਨ, ਫ਼ਿਰ ਉਸਨੂੰ ਬੁਲਡੋਜ਼ਰ ਵਾਪਸ ਕਰਦੇ ਹੋਏ ਤਰੀਕੇ ਨਾਲ ਪੋਜ਼ ਦੇ ਕੇ ਫ਼ੋਟੋ ਖਿਚਵਾਉਂਦੇ ਹਨ। ਬੱਚੀ ਪੱਤਰਕਾਰ ਨੂੰ ਦੱਸਦੀ ਹੈ ਕਿ ਮੁੱਖ ਮੰਤਰੀ ਨੇ ਉਸਨੂੰ ਖੂਬ ਪੜ੍ਹਨ ਅਤੇ ਬੁਲਡੋਜ਼ਰ ਨਾਲ ਖੇਡਣ ਲਈ ਕਿਹਾ ਹੈ।
ਬੁਲਡੋਜ਼ਰ ਨਾਲ ਖੇਡਣ ਦਾ ਕੀ ਮਤਲਬ ਹੈ? ਬੁਲਡੋਜ਼ਰ ਨਾਲ ਉਹ ਮੁੱਖ ਮੰਤਰੀ ਕਿਵੇਂ ਖੇਡਦੇ ਹਨ? ਭਾਰਤੀ ਜਨਤਾ ਪਾਰਟੀ ਦੇ ਸਾਰੇ ਮੁੱਖ ਮੰਤਰੀ ਬੁਲਡੋਜ਼ਰ ਨਾਲ ਕਿਵੇਂ ਖੇਡਦੇ ਹਨ? ਬੁਲਡੋਜ਼ਰ ਦਾ ਅਸਲੀ ਮਜ਼ਾ ਉਦੋਂ ਹੈ ਜਦੋਂ ਸਾਹਮਣੇ ਡੇਗਣ, ਤੋੜਨ-ਭੰਨਣ ਲਈ ਕੁਝ ਹੋਵੇ। ਕੁਝ ਜਿਸਨੂੰ ਬੁਲਡੋਜ਼ਰ ਢਾਅ ਸਕੇ। ਅੱਜ ਦੇ ਭਾਰਤ ਵਿੱਚ ਅਸੀਂ ਜਾਣਦੇ ਹਾਂ ਕਿ ਬੁਲਡੋਜ਼ਰ ਕੌਣ ਚਲਾਉਂਦਾ ਹੈ ਅਤੇ ਉਹ ਕਿਸ ਦਾ ਘਰ ਤੋੜਦਾ ਹੈ? ਭਾਰਤ ਵਿੱਚ ਬੁਲਡੋਜ਼ਰ ਦਾ ਜਿਵੇਂ ਧਰਮ ਤੈਅ ਹੋ ਗਿਆ ਹੈ। ਉਹ ਉਸ ਹਿੰਦੂ ਸ਼ਕਤੀ ਦਾ ਪ੍ਰਤੀਕ ਹੈ ਜੋ ਮੁਸਲਮਾਨ ਨੂੰ ਤਬਾਹ ਕਰਦੀ ਹੈ।
ਗੋਰਖਪੁਰ ਦੀ ਉਸ ਸਵੇਰ ਇਹ ਸਭ ਕੁਝ ਅਚਾਨਕ ਨਹੀਂ ਹੋਇਆ ਹੋਵੇਗਾ। ਬੱਚੀ ਅਤੇ ਉਸਦੇ ਪਰਿਵਾਰਕ ਮੈਂਬਰ ਸਜੇ-ਧਜੇ ਦਿਖਾਈ ਦੇ ਰਹੇ ਹਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਅਚਾਨਕ ਹੋਈ ਮੁਲਾਕਾਤ ਨਹੀਂ ਰਹੀ ਹੋਵੇਗੀ। ਇੰਨੀ ਸਵੇਰੇ ਕੋਈ ਇੰਨਾ ਬਣ-ਠਣ ਕੇ ਸੜਕ ’ਤੇ ਨਹੀਂ ਨਿਕਲਦਾ। ਮੁੱਖ ਮੰਤਰੀ ਬੱਚੀ ਦੇ ਮਾਮਾ ਜਾਂ ਨਾਨਾ ਨਹੀਂ, ਸੋ ਉਹ ਉਨ੍ਹਾਂ ਨੂੰ ਪਛਾਣਦੀ ਹੋਵੇ, ਅਜਿਹਾ ਵੀ ਨਹੀਂ ਰਿਹਾ ਹੋਵੇਗਾ। ਕੀ ਉਹ ਬੱਚੀ ਆਪਣੇ ਮੁੱਖ ਮੰਤਰੀ ਨੂੰ ਇੰਨਾ ਪਿਆਰ ਕਰਦੀ ਹੈ ਕਿ ਸਵੇਰੇ-ਸਵੇਰੇ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਤੋਹਫ਼ਾ ਦੇਣ ਦੀ ਜ਼ਿੱਦ ਕਰਕੇ ਮਾਂ ਨੂੰ ਉਨ੍ਹਾਂ ਕੋਲ ਲੈ ਕੇ ਆਈ ਹੋਵੇਗੀ? ਅਤੇ ਕੀ ਉਸੇ ਬੱਚੀ ਨੇ ਸੋਚਿਆ ਹੋਵੇਗਾ ਕਿ ਮੁੱਖ ਮੰਤਰੀ ਨੂੰ ਤੋਹਫ਼ਾ ਦਿੱਤਾ ਜਾਵੇ ਅਤੇ ਉਹ ਵੀ ਬੁਲਡੋਜ਼ਰ? ਕੀ 5 ਸਾਲ ਦੀ ਬੱਚੀ ਜਾਣਦੀ ਵੀ ਹੈ ਕਿ ਮੁੱਖ ਮੰਤਰੀ ਕੀ ਬਲਾ ਹੈ? ਕੀ ਵੱਡੇ ਵੀ ਖਿਡੌਣਿਆਂ ਨਾਲ ਖੇਡਦੇ ਹਨ?
ਕੀ ਇਹ ਸੋਚਣਾ ਗਲਤ ਹੋਵੇਗਾ ਕਿ ਇਹ ਸਭ ਕੁਝ ਅਸਲ ਵਿੱਚ ਉਸਦੇ ਮਾਂ-ਬਾਪ ਦੇ ਦਿਮਾਗ ਦੀ ਉਪਜ ਰਹੀ ਹੋਵੇਗੀ ਜਾਂ ਖੁਦ ਮੁੱਖ ਮੰਤਰੀ ਦੇ ਪ੍ਰਚਾਰ ਵਿਭਾਗ ਨੇ ਬੱਚੀ ਨਾਲ ਇਹ ਮੁਲਾਕਾਤ ਅਤੇ ਉਸ ਦੁਆਰਾ ਮੁੱਖ ਮੰਤਰੀ ਨੂੰ ਬੁਲਡੋਜ਼ਰ ਦਾ ਤੋਹਫ਼ਾ ਦੇਣ ਦਾ ਪੂਰਾ ਘਟਨਾਕ੍ਰਮ ਆਯੋਜਿਤ ਕੀਤਾ ਹੋਵੇਗਾ?
ਬੱਚੀ ਦੇ ਹੱਥੋਂ ਮੁੱਖ ਮੰਤਰੀ ਨੂੰ ਬੁਲਡੋਜ਼ਰ ਦਿਵਾਉਣ ਦਾ ਕੀ ਮਤਲਬ ਹੈ? ਕੀ ਉਹ ਬੁਲਡੋਜ਼ਰ-ਰਾਜ ਦਾ ਸਮਰਥਨ ਕਰ ਰਹੀ ਹੈ? ਜਾਂ ਉਹ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਵਿਰੋਧ ਕਰ ਰਹੀ ਹੈ ਜਿਸ ਵਿੱਚ ਉਸਨੇ ਬੁਲਡੋਜ਼ਰ-ਨਿਆਂ ’ਤੇ ਬ੍ਰੇਕ ਲਗਾਈ ਹੈ?
ਜੋ ਵੀ ਹੋਵੇ, ਬੱਚੀ ਦੇ ਹੱਥ ਵਿੱਚ ਬੁਲਡੋਜ਼ਰ ਦੇਖ ਕੇ ਬਹੁਤਿਆਂ ਨੂੰ ਝਟਕਾ ਲੱਗਾ। ਇੱਕ ਤੁੱਛ ਰਾਜਨੀਤਿਕ ਉਦੇਸ਼ ਲਈ ਬੱਚੀ ਦੀ ਵਰਤੋਂ ਲੋਕਾਂ ਨੂੰ ਬੁਰੀ ਲੱਗੀ। ਜਿਨ੍ਹਾਂ ਨੂੰ ਇਹ ਬੁਰਾ ਲੱਗਾ ਉਨ੍ਹਾਂ ਵਿੱਚ ਬਹੁਤੇ ਹਿੰਦੂ ਸਨ।
ਬੁਲਡੋਜ਼ਰ ਸ਼ਕਤੀ ਦਾ ਪ੍ਰਤੀਕ ਹੈ। ਹਿੰਦੂਤਵਵਾਦੀ ਰਾਜ ਵਿੱਚ ਗੈਰ-ਸੰਵਿਧਾਨਕ, ਗੈਰ-ਕਾਨੂੰਨੀ ਉੱਛਲਦੀ ਸ਼ਕਤੀ ਦਾ ਪ੍ਰਤੀਕ! ਖਾਸ ਕਰਕੇ ਮੁਸਲਮਾਨਾਂ ਨੂੰ ਸਜ਼ਾ ਦੇਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਬੇਰਹਿਮ ਸ਼ਕਤੀ ਦਾ ਪ੍ਰਤੀਕ। ਪਿਛਲੇ 11-12 ਸਾਲਾਂ ਵਿੱਚ ਹੀ ਬੁਲਡੋਜ਼ਰ ਹਿੰਦੂਆਂ ਦੇ ਇੱਕ ਵੱਡੇ ਹਿੱਸੇ ਵਿੱਚ ਅਜਿਹੀ ਸ਼ਕਤੀ ਦੇ ਪ੍ਰਤੀਕ ਵਜੋਂ ਉੱਭਰਿਆ ਹੈ ਜੋ ਮੁਸਲਮਾਨਾਂ ਨੂੰ ਤਬਾਹ ਕਰਦੀ ਹੈ। ਸ਼ਕਤੀ ਦੇ ਇਸ ਪ੍ਰਤੀਕ ਨੂੰ ਪਿਆਰ ਦੇ ਤੋਹਫ਼ੇ ਵਜੋਂ ਇੱਕ ਬੱਚੀ ਦੇ ਹੱਥ ਵਿੱਚ ਦੇਖ ਕੇ ਆਪਣੇ ਦੇਸ਼ ਦੇ ਹਿੰਦੂਆਂ ਦੀ ਕਲਪਨਾਸ਼ੀਲਤਾ ਦੀ ਕੈਸੀ ਤਸਵੀਰ ਉੱਭਰਦੀ ਹੈ?
ਮਾਂ-ਬਾਪ ਆਪਣੇ ਬੱਚਿਆਂ ਨੂੰ ਸ਼ਕਤੀ ਦੀ ਕਿਸ ਕਲਪਨਾ ਦੀ ਸਿੱਖਿਆ ਜਾਂ ਦੀਖਿਆ ਦੇ ਰਹੇ ਹਨ? ਇਹ ਜੋ ਹੁਣ ਬੱਚੀ ਤੋਂ ਕਰਵਾਇਆ ਜਾ ਰਿਹਾ ਹੈ, ਉਸ ਕਾਰਨ ਸ਼ਕਤੀ ਦੀ ਇਹੀ ਕਲਪਨਾ ਉਨ੍ਹਾਂ ਲਈ ਸੁਭਾਵਿਕ ਹੋ ਜਾਵੇ, ਕੀ ਇਹ ਅਸੰਭਵ ਹੈ? ਬੱਚੇ ਮੰਨਣ ਲੱਗਣ ਕਿ ਬੁਲਡੋਜ਼ਰ ਨਾਲ ਮੁਸਲਮਾਨਾਂ ਦੇ ਘਰ ਤੋੜਨਾ, ਜ਼ਮੀਨਦੋਜ਼ ਕਰ ਦੇਣਾ ਬਿਲਕੁਲ ਸੁਭਾਵਿਕ ਹੈ? ਉਹ ਖੁਦ ਹੀ ਇਸਦੀ ਮੰਗ ਕਰਨ ਲੱਗਣ?
ਬੱਚਿਆਂ ਦੇ ਦਿਮਾਗ ਵਿੱਚ ਸ਼ਕਤੀ ਦੀ ਇਹ ਨਵੀਂ ਕਲਪਨਾ ਘਰ ਕਰ ਸਕਦੀ ਹੈ। ਪੁਣੇ ਦੀ ਸੰਸਥਾ ‘ਲੋਕਾਇਤ’ ਦੀ ਇੱਕ ਮਿੱਤਰ ਨੇ ਬੱਚਿਆਂ ਨਾਲ ਆਪਣਾ ਇੱਕ ਅਨੁਭਵ ਦੱਸਿਆ। ਉਹ ਉਨ੍ਹਾਂ ਬੱਚਿਆਂ ਨਾਲ ਕੰਮ ਕਰਦੀ ਰਹੀ ਹੈ। ਇੱਕ ਦਿਨ ਪਿਕਨਿਕ ਤੋਂ ਬਾਅਦ ਉਨ੍ਹਾਂ ਨਾਲ ਪਰਤ ਰਹੀ ਸੀ। ਆਟੋ ਰਿਕਸ਼ਾ ਜਦੋਂ ਇੱਕ ਮਸਜਿਦ ਦੇ ਸਾਹਮਣੇ ਤੋਂ ਗੁਜ਼ਰਿਆ ਤਾਂ ਬੱਚਿਆਂ ਨੇ ਇਕੱਠੇ ਨਾਅਰਾ ਲਗਾਇਆ ‘ਜੈ ਸ਼੍ਰੀ ਰਾਮ!’ ਉਹ ਹੈਰਾਨ ਰਹਿ ਗਈ।
ਜੈ ਸ਼੍ਰੀ ਰਾਮ ਆਪਣੀ ਤਾਕਤ ਦਾ ਐਲਾਨ ਹੈ। ਉਹ ਰਾਮ ਪ੍ਰਤੀ ਸ਼ਰਧਾ ਦੀ ਬੇਨਤੀ ਨਹੀਂ। ਇਹ ਨਾਅਰਾ ਖਾਸ ਕਰਕੇ ਮੁਸਲਮਾਨਾਂ ਨੂੰ ਡਰਾਉਣ ਲਈ ਅਤੇ ਹਿੰਦੂਤਵਵਾਦੀ ਸ਼ਕਤੀ ਦੇ ਪ੍ਰਭੂਤਵ ਦੀ ਘੋਸ਼ਣਾ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਅਰੇ ਦੀ ਕਾਢ ਰਾਮ ਜਨਮ ਭੂਮੀ ਅੰਦੋਲਨ ਦੇ ਦਹਾਕੇ ਵਿੱਚ ਹੋਈ ਸੀ। ਬਾਬਰੀ ਮਸਜਿਦ ਦੇ ਢਾਹੇ ਜਾਣ ਦੀ ਯਾਦ ਇਸ ਨਾਅਰੇ ਵਿੱਚ ਵਸੀ ਹੋਈ ਹੈ। ਇਹ ਨਾਅਰਾ ਇੱਕ ਤਾਕਤ ਦਾ ਪ੍ਰਤੀਕ ਹੈ, ਪਰ ਉਹ ਤਾਕਤ ਦੂਜਿਆਂ ਨੂੰ ਤਕਲੀਫ਼ ਦੇਣ ਨਾਲ ਪੈਦਾ ਹੋਏ ਉਤਸ਼ਾਹ ਨਾਲ ਜੁੜੀ ਹੋਈ ਹੈ। ਜੈ ਸ਼੍ਰੀ ਰਾਮ ਇਹ ਨਾਅਰਾ ਹਿੰਦੂ ਜਿੰਨਾ ਖੁਦ ਲਗਾਉਂਦੇ ਹਨ, ਉਸ ਤੋਂ ਜ਼ਿਆਦਾ ਇਹ ਜ਼ਬਰਦਸਤੀ ਮੁਸਲਮਾਨਾਂ ਤੋਂ ਲਗਵਾਇਆ ਜਾਂਦਾ ਹੈ। ਇਹ ਮੁਸਲਮਾਨਾਂ ਦੇ ਅੱਗੇ, ਉਨ੍ਹਾਂ ਦੇ ਉੱਪਰ ਹਿੰਦੂਆਂ ਦੀ ਪ੍ਰਭੂਤਾ ਸਥਾਪਤ ਕਰਨ ਦੀ ਘੋਸ਼ਣਾ ਹੈ।
ਹਾਲ ਹੀ ਵਿੱਚ ਦੇਹਰਾਦੂਨ ਵਿੱਚ ਇੱਕ ਅਧਿਆਪਕ ਨਾਲ ਮੁਲਾਕਾਤ ਹੋਈ। ਉਹ ਪੰਛੀ-ਮਾਹਿਰ ਹਨ। ਬੱਚਿਆਂ ਅਤੇ ਵੱਡਿਆਂ ਨੂੰ ਵੀ ਪੰਛੀਆਂ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦੇ ਰਹਿਣ-ਸਹਿਣ, ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਬਿਨਾਂ ਪਾਸਪੋਰਟ ਵੀਜ਼ਾ ਦੇ ਉਨ੍ਹਾਂ ਦੀ ਆਵਾਜਾਈ, ਆਪਣੇ ਮੂਲ ਨਿਵਾਸ ਤੋਂ ਹਜ਼ਾਰਾਂ ਮੀਲ ਦੂਰ ਇਲਾਕਿਆਂ ਵਿੱਚ ਉਨ੍ਹਾਂ ਦੇ ਪ੍ਰਵਾਸ ਬਾਰੇ ਉਨ੍ਹਾਂ ਨਾਲ ਗੱਲ ਕਰਦੇ ਹਨ। ਉਹ ਦੇਹਰਾਦੂਨ ਦੇ ਇੱਕ ਸਕੂਲ ਦੇ ਬੱਚਿਆਂ ਨੂੰ ਪ੍ਰਵਾਸੀ ਪੰਛੀਆਂ ਬਾਰੇ ਦੱਸ ਰਹੇ ਸਨ। ਖ਼ਿਆਲ ਆਇਆ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨਸਾਨ ਵੀ ਇਸ ਮਾਮਲੇ ਵਿੱਚ ਪੰਛੀਆਂ ਵਰਗੇ ਹੀ ਹਨ। ਸੋ ਉਹ ਉਨ੍ਹਾਂ ਨੂੰ ਵਣਗੁੱਜਰਾਂ ਦੀ ਬਸਤੀ ਵਿੱਚ ਲੈ ਗਏ। ਉਨ੍ਹਾਂ ਨੂੰ ਮਿਲਾਉਣ ਤੋਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਬੱਚਿਆਂ ਨੇ ਮਿਲਦੇ ਹੀ ਇਕਸੁਰ ਵਿੱਚ ਕਿਹਾ, ਜੈ ਸ਼੍ਰੀ ਰਾਮ! ਮੇਰੇ ਮਿੱਤਰ ਅਧਿਆਪਕ ਹੈਰਾਨ ਰਹਿ ਗਏ।
ਪੁਣੇ ਦੇ ਬੱਚੇ ਝੁੱਗੀਆਂ ਵਿੱਚ ਰਹਿਣ ਵਾਲੇ ਸਨ। ਦੇਹਰਾਦੂਨ ਦੇ ਇਹ ਬੱਚੇ ਭਾਰਤ ਦੇ ਸਭ ਤੋਂ ਅਮੀਰ ਤਬਕੇ ਦੇ ਬੱਚੇ ਸਨ। ਦੋਵਾਂ ਤੋਂ ਪੁੱਛਿਆ ਜਾਵੇ ਕਿ ਉਹ ਜੋ ਨਾਅਰਾ ਲਗਾ ਰਹੇ ਹਨ, ਕੀ ਇਸਦਾ ਅਰਥ ਜਾਣਦੇ ਹਨ, ਤਾਂ ਉਹ ਸ਼ਾਇਦ ਪੁੱਛਣ ਵਾਲੇ ਦਾ ਮੂੰਹ ਦੇਖਣ ਲੱਗ ਪੈਣਗੇ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਹਿੰਦੂਤਵਵਾਦੀ ਸ਼ਕਤੀ ਦਾ ਭਿਆਨਕ ਪ੍ਰਤੀਕ ਜਾਂ ਐਲਾਨ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਮੁਸਲਮਾਨਾਂ ਅਤੇ ਇਸਾਈਆਂ ਨੂੰ ਡਰਾਉਣ ਦਾ ਭਾਸ਼ਾਈ ਹਥਿਆਰ ਹੈ। ਬੱਚੀ ਦੇ ਹੱਥ ਵਿੱਚ ਖਿਡੌਣਾ ਬੁਲਡੋਜ਼ਰ ਕੀ ਹਿੰਦੂਆਂ ਵਿੱਚ ਸ਼ਕਤੀ ਦੀ ਇੱਕ ਨਵੀਂ ਕਲਪਨਾ ਦੇ ਹਕੀਕਤ ਬਣ ਜਾਣ ਦੀ ਸੂਚਨਾ ਹੈ? ਜਾਂ ਉਹ ਹਰ ਕਿਸਮ ਦੀ ਕਲਪਨਾਸ਼ੀਲਤਾ ਦਾ ਅੰਤ ਹੈ? ਕਲਪਨਾ ਦਾ ਰਿਸ਼ਤਾ ਸਿਰਜਣਾ (ਨਿਰਮਾਣ) ਨਾਲ ਹੈ। ਬੁਲਡੋਜ਼ਰ ਵਿਨਾਸ਼ ਦਾ ਪ੍ਰਤੀਕ ਹੈ। ਉਹ ਕਿਹੜੀ ਸ਼ਕਤੀ ਹੈ ਜੋ ਰਾਮ ਦੇ ਭਗਤਾਂ ਦੇ ਅਵਚੇਤਨ ਮਨ ਵਿੱਚ ਸਮਾ ਗਈ ਹੈ?

Loading