ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ…….

In ਮੁੱਖ ਲੇਖ
September 20, 2025

ਰੁੱਖ ਪੰਛੀਆਂ, ਜੀਵਾਂ, ਕੀਟਾਂ ਦਾ ਰੈਣ ਬਸੇਰਾ ਬਣਨ ਦੇ ਨਾਲ-ਨਾਲ ਭੋਜਨ ਦੀ ਉਪਲੱਬਧੀ ਦਾ ਸਾਧਨ ਬਣਦੇ ਹਨ। ਰੁੱਖਾਂ ਉੱਪਰ ਸਵੇਰੇ ਸੁਵਖਤੇ ਮੂੰਹ ਹਨੇਰੇ ਇਕੱਠੇ ਹੋ ਕੇ ਚਹਿਚਹਾਉਂਦੇ ਪੰਛੀ ਉਸ ਕਾਦਰ ਦੀ ਉਸਤਤ ਤੇ ਸ਼ੁਕਰਾਨਾ ਕਰਦੇ ਜਾਪਦੇ ਹਨ। ਸਵੇਰ ਦੀ ਤਾਜ਼ਾ ਤਰੀਨ ਹਵਾ ਵਿੱਚ ਉਨ੍ਹਾਂ ਦਾ ਰੌਲਾ ਵੀ ਰੂਹ ਨੂੰ ਸਕੂਨ ਬਖ਼ਸ਼ਦਾ ਪ੍ਰਤੀਤ ਹੁੰਦਾ ਹੈ। ਰੁੱਖ ਧਰਤੀ ਦੀ ਹਿੱਕ ਪਾੜ ਕੇ ਬਾਹਰ ਨਿਕਲਦੇ ਹਨ। ਇਹ ਜੀਵ ਜੰਤੂਆਂ ਦੀ ਤਰ੍ਹਾਂ ਭਾਵੇਂ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦੇ ਹਨ ਤੇ ਨਾ ਹੀ ਪੰਛੀਆਂ ਦੀ ਤਰ੍ਹਾਂ ਉਡਾਰੀਆਂ ਲਾ ਸਕਦੇ ਹਨ, ਪਰ ਸਥਿਰ ਰਹਿ ਕੇ ਹੀ ਅਰਸ਼ਾਂ ਨੂੰ ਹੱਥ ਲਾਉਣ ਦੀ ਤਾਕ ਵਿੱਚ ਰਹਿੰਦੇ ਹਨ। ਰੁੱਖਾਂ ਦੇ ਪੱਤਿਆਂ ਨਾਲ ਜਦੋਂ ਹਵਾ ਆ ਕੇ ਟੱਕਰਾਂ ਮਾਰਦੀ ਹੈ ਤਾਂ ਇਸ ਤੋਂ ਪੈਦਾ ਹੋਇਆ ਸੰਗੀਤ ਮਨ ਮਸਤਕ ਨੂੰ ਤਾਜ਼ਗੀ ਬਖ਼ਸ਼ਦਾ ਹੈ। ਇਹ ਸਰਸਰਾਹਟ ਦੁਨੀਆਵੀ ਰੌਲੇ-ਰੱਪੇ ਤੋਂ ਵੱਖਰੀ ਤੇ ਧੁਰ ਅੰਦਰ ਤੱਕ ਆਰਾਮਦਾਇਕ ਤਰੰਗਾਂ ਭਰਨ ਵਾਲੀ ਹੁੰਦੀ ਹੈ। ਮੈਡੀਟੇਸ਼ਨ, ਯੋਗ ਕਰਵਾਉਣ ਵਾਲੇ ਮਾਹਰ ਇਸ ਸੰਗੀਤ ਨੂੰ ਕਈ ਇਲਾਜ ਵਿਧੀਆਂ ਵਿੱਚ ਵਰਤਦੇ ਹਨ।
ਰੁੱਖ ਅਤੇ ਮਨੁੱਖ ਦਾ ਗਹਿਰਾ ਰਿਸ਼ਤਾ ਹੈ। ਜੀਵਨ ਵਰਧਕ ਆਕਸੀਜਨ ਦੇਣਾ ਕੁਦਰਤ ਦਾ ਸਾਡੇ ’ਤੇ ਪਰਉਪਕਾਰ ਹੈ। ਆਕਸੀਜਨ ਦੀ ਕਮੀ ਨਾਲ ਪੈਦਾ ਹੋਣ ਵਾਲੀ ਤਕਲੀਫ਼ ਨੂੰ ਉੱਚੇ ਪਰਬਤਾਂ ਦਾ ਯਾਤਰੀ ਜਾਂ ਪੁਲਾੜ ਵਿੱਚ ਜਾਣ ਵਾਲਾ ਵਿਗਿਆਨੀ ਹੀ ਡੂੰਘੇ ਤਰ੍ਹਾਂ ਨਾਲ ਸਮਝ ਸਕਦਾ ਹੈ। ਰੁੱਖਾਂ ਵਿੱਚ ਘਿਰਿਆ ਮਨੁੱਖ ਇਸ ਵਰਤਾਰੇ ਪ੍ਰਤੀ ਅਣਗੌਲਿਆ ਰਹਿੰਦਾ ਇੱਕ ਜਪਾਨੀ ਕਹਾਵਤ ਨੂੰ ਵਜ਼ਨ ਦਿੰਦਾ ਹੈ, ਜਿਸ ਅਨੁਸਾਰ ਕਿਸੇ ਚੀਜ਼ ਦੀ ਬਹੁਤਾਤ ਤੇ ਮੁਫ਼ਤ ਮਿਲਣਾ, ਉਸ ਚੀਜ਼ ਦੇ ਕਦਰਦਾਨਾਂ ਦੀ ਗਿਣਤੀ ਨੂੰ ਘਟਾਉਂਦਾ ਹੈ।
ਅਸੀਂ ਕੁਦਰਤ ਦਾ ਹੀ ਇੱਕ ਅੰਗ ਹਾਂ। ਜਿੰਨਾ ਅਸੀਂ ਉਸ ਦੇ ਨੇੜੇ ਰਹਾਂਗੇ, ਇਹ ਸਾਨੂੰ ਅੰਦਰੂਨੀ ਸ਼ਾਂਤੀ ਤੇ ਗਿਆਨ ਦੀ ਯਾਤਰਾ ਵੱਲ ਲੈ ਜਾਂਦੀ ਹੈ। ਇਸ ਦੀਆਂ ਪ੍ਰਤੱਖ ਉਦਾਹਰਨਾਂ ਇਤਿਹਾਸ ਵਿੱਚ ਮੌਜੂਦ ਹਨ। ਕਿਹਾ ਜਾਂਦਾ ਹੈ ਕਿ ਨਿਊਟਨ ਸੇਬ ਦੇ ਰੁੱਖ ਹੇਠਾਂ ਬੈਠਾ ਹੋਇਆ ਸੀ, ਜਦੋਂ ਰੁੱਖ ਤੋਂ ਸੇਬ ਟੁੱਟ ਕੇ ਹੇਠਾਂ ਡਿੱਗਿਆ ਸੀ। ਇਸ ਪਲ ਨੇ ਨਿਊਟਨ ਵਰਗੇ ਮਹਾਨ ਵਿਗਿਆਨੀ ਦੇ ਦਿਮਾਗ਼ ਵਿੱਚ ਉਤਸੁਕਤਾ ਦੀ ਚਿਣਗ ਬਾਲ਼ੀ ਤਾਂ ਗੁਰੂਤਾ ਆਕਰਸ਼ਣ ਦੇ ਸਿਧਾਂਤ ਤੋਂ ਗਰਦ ਝੜਨੀ ਸ਼ੁਰੂ ਹੋਈ ਸੀ। ਸਿਧਾਰਥ ਤੋਂ ਗੌਤਮ ਬੁੱਧ ਬਣਨ ਦਾ ਸਫ਼ਰ ਵੀ ਤਾਂ ਬੋਧ ਗਯਾ (ਬਿਹਾਰ) ਸਥਿਤ ਪਿੱਪਲ ਦੇ ਰੁੱਖ ਹੇਠਾਂ ਹੀ ਸੰਪੂਰਨ ਹੋਇਆ ਸੀ। 49 ਦਿਨ ਇੱਕ ਮਨ ਇੱਕ ਚਿੱਤ ਹੋ ਕੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਮਹਾਤਮਾ ਬੁੱਧ ਦੇ ਨਾਲ-ਨਾਲ ਬੋਧੀ ਦਰੱਖਤ ਵੀ ਪਵਿੱਤਰਤਾ ਤੇ ਸਤਿਕਾਰ ਦਾ ਪਾਤਰ ਬਣਨ ਦੇ ਨਾਲ-ਨਾਲ ਗਿਆਨ, ਅਧਿਆਤਮਿਕਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੋ ਨਿੱਬੜਿਆ। ਕਿਹਾ ਜਾਂਦਾ ਹੈ ਕਿ ਬੁੱਧ ਨੂੰ ਗਿਆਨ ਪ੍ਰਾਪਤੀ ਸਮੇਂ ਪੂਰਾ ਦਿਨ ਪਿੱਪਲ ਦਾ ਪਰਛਾਵਾਂ ਵੀ ਸੂਰਜ ਅਨੁਸਾਰ ਦਿਸ਼ਾ ਬਦਲਣ ਤੋਂ ਮੁਨਕਰ ਹੋ ਕੇ ਇੱਕ ਸਥਾਨ ’ਤੇ ਟਿਕ ਗਿਆ ਸੀ। ‘ਆਇਨੇ ਅਕਬਰੀ’ ਤੇ ‘ਅਕਬਰਨਾਮਾ’ ਦੇ ਲੇਖਕ ਅਬੁਲ ਫਜ਼ਲ ਅਨੁਸਾਰ ਅਕਬਰ ਨੇ ਕਮਰਗਾਹ (ਜਾਨਵਰਾਂ ਦਾ ਘੇਰ ਕੇ ਸ਼ਿਕਾਰ ਕਰਨਾ) ਜਿਹੀ ਕਰੂਰ ਪ੍ਰਥਾ ਨੂੰ ਅਚਾਨਕ ਬੰਦ ਕਰਨ ਦਾ ਫ਼ੈਸਲਾ ਸੁਣਾਇਆ ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਜਾਨਵਰਾਂ ਨੂੰ ਵੀ ਜਿਊਣ ਦਾ ਹੱਕ ਹੈ। ਅਕਬਰ ਜਿਹੇ ਬਾਦਸ਼ਾਹ ਨੂੰ ਇਹ ਸੋਝੀ ਉਸ ਸਮੇਂ ਹੋਈ ਜਦੋਂ ਉਹ ਇੱਕ ਰੁੱਖ ਹੇਠਾਂ ਆਰਾਮ ਕਰ ਰਿਹਾ ਸੀ। ਸਪੱਸ਼ਟ ਹੈ ਕਿ ਕੁਦਰਤ ਦੇ ਕਲਾਵੇ ਵਿੱਚ ਹੋਈ ਗਿਆਨ ਪ੍ਰਾਪਤੀ ਮਨੁੱਖਤਾ ਦੇ ਭਲੇ ਦੀ ਸੋਝੀ ਦੀ ਬਖ਼ਸ਼ਿਸ਼ ਕਰਦੀ ਹੈ। ਅਕਬਰ ਦੇ ਇਸ ਫ਼ੈਸਲੇ ਦੀ ਮਹੱਤਤਾ ਨੂੰ ਇਸ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ ਕਿ ਜੈਵ ਵਿਭਿੰਨਤਾ ਜਾਂ ਕੁਦਰਤ ਦੇ ਬਾਕੀ ਅੰਗ ਸਾਕਾਂ ਦੀ ਬਰਬਾਦੀ ਕਰਦੇ ਹੋਏ ਇਕੱਲੀ ਮਨੁੱਖ ਜਾਤ ਦੀ ਹੋਂਦ ਨੂੰ ਚਿਤਵਿਆ ਨਹੀਂ ਜਾ ਸਕਦਾ।
ਧਰਤੀ ਦੇ ਤਾਪਮਾਨ ਦਾ ਵਾਧਾ ਇਸ ਸਮੇਂ ਮੁੱਖ ਸਮੱਸਿਆ ਹੈ, ਜਿਸ ਨਾਲ ਜਲਵਾਯੂ ਪਰਿਵਰਤਨ ਤੇਜ਼ੀ ਨਾਲ ਹੋ ਰਿਹਾ ਹੈ। ਵਾਤਾਵਰਣ ਵਿਚਲੀ ਗਰਮੀ ਨੂੰ ਵਧਾਉਣ ਲਈ ਕਾਰਬਨ ਡਾਇਆਕਸਾਈਡ ਗੈਸ ਵੀ ਹੋਰ ਗੈਸਾਂ ਸਮੇਤ ਜ਼ਿੰਮੇਵਾਰ ਹੈ ਤੇ ਜੰਗਲ ਕਾਰਬਨ ਡਾਇਆਕਸਾਈਡ ਗੈਸ ਨੂੰ ਸੋਖਣ ਵਾਲੀ ਕੁਦਰਤ ਦੀ ਫੈਕਟਰੀ ਹੈ। ਕਾਰਬਨ ਡਾਇਆਕਸਾਈਡ ਗੈਸ ਦਾ ਘਟਣਾ ਸਿੱਧੇ ਤੌਰ ’ਤੇ ਤਾਪਮਾਨ ਨੂੰ ਘਟਾਏਗਾ। ਇਸ ਲਈ ਰੁੱਖ ਜਿੰਨੇ ਜ਼ਿਆਦਾ ਹੋਣਗੇ, ਓਨਾ ਹੀ ਅਸੀਂ ਤਾਪਮਾਨ ਦੇ ਵਾਧੇ ਤੋਂ ਬਚੇ ਰਹਾਂਗੇ।
ਮਨੁੱਖ ਬਿਨਾਂ ਰੁੱਖਾਂ ਦੀ ਹੋਂਦ ਤਾਂ ਬੇਸ਼ੱਕ ਸੰਭਵ ਹੈ, ਪਰ ਰੁੱਖਾਂ ਦੀ ਅਣਹੋਂਦ ਮਨੁੱਖ ਜਾਤੀ ਦੇ ਧਰਤੀ ਤੋਂ ਵਿਨਾਸ਼ ਦਾ ਕਾਰਨ ਹੋ ਸਕਦੀ ਹੈ। ਮਾਇਆ ਸੱਭਿਅਤਾ ਦਾ ਨਿਘਾਰ ਕੁਦਰਤ ਉੱਪਰ ਨਿਰਭਰਤਾ ਵਿੱਚ ਅਸੰਤੁਲਨ ਦੀ ਅਹਿਮ ਉਦਾਹਰਨ ਹੈ। ਉਸ ਸਮੇਂ ਜਨਸੰਖਿਆ ਵਧਣ ਕਾਰਨ ਭੁੱਖ ਦੀ ਪੂਰਤੀ ਨਾ ਹੋਈ ਤਾਂ ਉਨ੍ਹਾਂ ਜਾਨਵਰ ਮਾਰ-ਮਾਰ ਮਕਾਉਣੇ ਸ਼ੁਰੂ ਕੀਤੇ ਤੇ ਅਸੰਤੁਲਨ ਦੇ ਨਤੀਜੇ ਵਜੋਂ ਆਖਰ ਸੋਮਿਆਂ ਦੀ ਘਾਟ ਅੱਗੇ ਗੋਡੇ ਟੇਕਣੇ ਪਏ ਤੇ ਸਰੀਰ ਛੱਡਣੇ ਪਏ ਸਨ।
ਸੋ ਲੋੜ ਹੈ ਅਸੀਂ ਵੀ ਜਦੋਂ ਮੌਕਾ ਮਿਲਦਾ ਹੈ ਤਾਂ ਇੱਕ ਰੁੱਖ ਜ਼ਰੂਰ ਲਗਾਈਏ ਤੇ ਲੱਗੇ ਹੋਏ ਰੁੱਖਾਂ ਦੀ ਸੁਰੱਖਿਆ ਕਰੀਏ। ਮਨੁੱਖਤਾ ਦੀ ਭਲਾਈ ਇਸੇ ਵਿੱਚ ਹੈ। ਆਓ ਕੁਝ ਪਲਾਂ ਲਈ ਰੁੱਖਾਂ ਵਿੱਚ ਵਿਚਰੀਏ, ਰੁੱਖਾਂ ’ਤੇ ਚੋਹਲ ਮੋਹਲ ਕਰਦੇ ਪੰਛੀਆਂ ਦੀਆਂ ਆਵਾਜ਼ਾਂ ਦਾ ਸੰਗੀਤ ਸੁਣੀਏ ਤੇ ਰੁੱਖਾਂ ਨੂੰ ਪਿਆਰ ਦੀ ਜੱਫੀ ਪਾਈਏ।
ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਵਾਂਗ ਭਰਾਵਾਂ….ਜੇ ਤੁਸਾਂ ਮੇਰਾ ਗੀਤ ਹੈ ਸੁਣਨਾ, ਮੈਂ ਰੁੱਖਾਂ ਵਿੱਚ ਗਾਵਾਂ’ ਕੁਦਰਤ ਪ੍ਰੇਮੀਆਂ ਲਈ ਮੰਤਰ ਵਾਂਗ ਹੈ। ਰੁੱਖਾਂ ਪ੍ਰਤੀ ਖਿੱਚ ਰੱਖਣ ਵਾਲਾ ਹਰ ਇਨਸਾਨ ਇਸ ਕਵਿਤਾ ਦਾ ਵਾਰ-ਵਾਰ ਪਾਠ ਕਰਨਾ ਲੋਚਦਾ ਹੈ। ਆਓ ਰੁੱਖਾਂ ਦੀ ਅਹਿਮੀਅਤ ਨੂੰ ਜਾਣੀਏ, ਸਮਝੀਏ ਤੇ ਮਹਿਸੂਸ ਕਰੀਏ ਤੇ ਉਨ੍ਹਾਂ ਸੰਗ ਦੋਸਤਾਨਾ ਪਹੁੰਚ ਅਪਣਾਉਂਦੇ ਹੋਏ ਰੋਜ਼ਾਨਾ ਕੁਦਰਤ ਨੂੰ ਨਤਮਸਤਕ ਹੋਈਏ। ਇਹ ਸ਼ੁਕਰਾਨੇ ਵਾਲੇ ਭਾਵ ਹੀ ਚਿਰਸਥਾਈ ਮਨੁੱਖੀ ਹੋਂਦ ਦਾ ਆਧਾਰ ਬਣਾ ਸਕਦੇ ਹਨ।

Loading