ਅਮਰੀਕਾ ਦੀ ਗ੍ਰੀਨ ਸਟੇਟ ਓਰੇਗਨ ਦੇ ਪ੍ਰਸਿੱਧ ਸ਼ਹਿਰ ਪੋਰਟਲੈਂਡ ਦੇ ਪੂਰਬ ਵਾਲੇ ਪਾਸੇ ਸ਼ਹਿਰ ਤੋਂ ਤੀਹ ਕੁ ਮੀਲ ਦੀ ਦੂਰੀ ’ਤੇ ਮਲਟਨੋਮਾ ਝਰਨਾ ਹੈ, ਜਿਸ ਨੂੰ ਵੇਖਣ ਲਈ ਸਾਲ ਵਿੱਚ ਦੋ ਮਿਲੀਅਨ ਦੇ ਕਰੀਬ ਲੋਕ ਪਹੁੰਚਦੇ ਹਨ। ਇਸ ਸਟੇਟ ਵਿੱਚ ਹੋਰ ਵੀ ਬਹੁਤ ਸਾਰੇ ਕੁਦਰਤੀ ਝਰਨੇ ਫੁੱਟਦੇ ਹਨ ਪਰ ਇਹ ਇਸ ਸਟੇਟ ਦਾ ਸਭ ਤੋਂ ਉੱਚਾ ਝਰਨਾ ਹੈ, ਜੋ ਕੁਦਰਤੀ ਤੌਰ ’ਤੇ ਵੱਖਰਾ ਹੀ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਇਸ ਝਰਨੇ ਦੀ ਕੁੱਲ ਉਚਾਈ 620 ਫੁੱਟ ਹੈ, ਜਿਸ ਵਿੱਚੋਂ ਉਪਰਲੀ ਪਹਾੜੀ 540 ਫੁੱਟ ਤੇ ਥੱਲੇ ਵਾਲੀ 80 ਫੁੱਟ ਹੈ। ਇਹ ਝਰਨਾ ਦੋ ਭਾਗਾਂ ਵਿੱਚ ਵੰਡਿਆ ਹੋਣ ਕਰਕੇ ਉਪਰਲੇ ਹਿੱਸੇ ਦਾ ਆਨੰਦ ਮਾਨਣ ਲਈ ਥੱਲੇ ਵਾਲੇ ਹਿੱਸੇ ’ਤੇ 1914 ਵਿੱਚ ਇੱਕ ਪੁਲ ਬਣਾਇਆ ਗਿਆ ਸੀ। ਇਸ ਪੁਲ ’ਤੇ ਜ਼ਿਆਦਾਤਰ ਲੋਕ ਫੋਟੋਗ੍ਰਾਫੀ ਕਰਦੇ ਹਨ। ਸਾਲ 1995 ਵਿੱਚ ਪਹਾੜੀ ਉਪਰੋਂ ਤਕਰੀਬਨ 400 ਟਨ ਦਾ ਇੱਕ ਪੱਥਰ ਡਿਗਿਆ ਸੀ, ਜੋ ਝਰਨੇ ਦੇ ਉਪਰਲੇ ਭਾਗ ਵਿੱਚ ਹੀ ਰਹਿ ਗਿਆ ਸੀ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ। ਇਹ ਝਰਨਾ ਕੋਲੰਬੀਆ ਨਦੀ ਦੇ ਨਾਲ ਹੀ ਹੈ। ਇਸ ਦੀ ਸਾਂਭ-ਸੰਭਾਲ ਦਾ ਕੰਮ ਜੰਗਲਾਤ ਵਿਭਾਗ ਵੱਲੋਂ ਕੀਤਾ ਜਾਂਦਾ ਹੈ।
ਮੇਰੇ ਡਾਕਟਰ ਪੁੱਤ ਤੇ ਨੂੰਹ ਅੱਜ-ਕੱਲ੍ਹ ਪੋਰਟਲੈਂਡ ਸ਼ਹਿਰ ਦੇ ਹਸਪਤਾਲ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਮੇਰੀ ਪਤਨੀ ਵੀ ਉਨ੍ਹਾਂ ਨਾਲ ਰਹਿ ਕੇ ਪੋਤੇ ਨੂੰ ਸੰਭਾਲਦੀ ਹੀ ਨਹੀਂ ਸਗੋਂ ਪੰਜਾਬੀ ਸਿਖਾ ਕੇ ਉਸ ਦਾ ਮੋਹ ਮਾਂ-ਬੋਲੀ ਨਾਲ ਪੁਆ ਰਹੀ ਹੈ। ਇਸੇ ਕਰਕੇ ਪੋਤਾ ਪੰਜਾਬੀ ਪੂਰੇ ਜਲੌਅ ਨਾਲ ਬੋਲਦਾ ਹੈ। ਕੁਝ ਦਿਨ ਪਹਿਲਾਂ ਮੇਰੀ ਨੂੰਹ ਦੇ ਮਾਤਾ-ਪਿਤਾ ਨੇ ਕੈਲੀਫੋਰਨੀਆ ਦੇ ਸ਼ਹਿਰ ਰੋਜ਼ਵਿਲ ਤੋਂ ਪੋਰਟਲੈਂਡ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੈਂ ਅਕਸਰ ਹੀ ਯੂਬਾ ਸਿਟੀ ਤੋਂ ਪੋਰਟਲੈਂਡ ਨੂੰ ਟਰੱਕ ਰਾਹੀਂ ਲੋਡ ਲੈ ਕੇ ਜਾਂਦਾ ਹਾਂ। ਮੈਂ ਉਨ੍ਹਾਂ ਨੂੰ ਟਰੱਕ ਰਾਹੀਂ ਜਾਣ ਦੀ ਤਾਕੀਦ ਕੀਤੀ। ਪਹਿਲਾਂ ਤਾਂ ਉਹ ਘਬਰਾਹਟ ਜਿਹੀ ਵਿੱਚ ਸਨ ਪਰ ਮੇਰੇ ਜ਼ੋਰ ਪਾਉਣ ’ਤੇ ਉਨ੍ਹਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰ ਲਿਆ। ਯੂਬਾ ਸਿਟੀ ਤੋਂ ਸਵੇਰੇ ਤੁਰ ਕੇ ਸ਼ਾਮ ਤੱਕ ਪੋਰਟਲੈਂਡ ਜਾਇਆ ਜਾਂਦਾ ਹੈ। ਅਸਲ ਗੱਲ ਇਹ ਸੀ ਕਿ ਉਨ੍ਹਾਂ ਨੇ ਪਹਿਲਾਂ ਕਦੇ ਟਰੱਕ ’ਚ ਬੈਠ ਕੇ ਨਹੀਂ ਸੀ ਵੇਖਿਆ ਪਰ ਜਦੋਂ ਉਹ ਟਰੱਕ ਵਿੱਚ ਸਵਾਰ ਹੋਏ ਤਾਂ ਬੈੱਡ ਲੱਗਾ ਵੇਖ ਕੇ ਉਨ੍ਹਾਂ ਦਾ ਚਾਅ ਦੁੱਗਣਾ ਹੋ ਗਿਆ। ਰਸਤੇ ’ਚ ਪੈਂਦੇ ਪਹਾੜਾਂ ਨੂੰ ਵੇਖ ਕੇ ਉਹ ਬੜੇ ਹੀ ਖ਼ੁਸ਼ ਹੋਏ। ਰੁੱਖਾਂ ਨਾਲ ਸ਼ਿੰਗਾਰੇ ਪਹਾੜ ਬਹੁਤ ਹੀ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਅਸੀਂ ਰਸਤੇ ਵਿੱਚ ਦੋ-ਤਿੰਨ ਥਾਵਾਂ ’ਤੇ ਖਾਣ-ਪੀਣ ਲਈ ਰੁਕੇ। ਸ਼ਾਮ ਤੱਕ ਪੋਰਟਲੈਂਡ ਜਾ ਪਹੁੰਚੇ। ਉਨ੍ਹਾਂ ਲਈ ਇਹ ਸਫ਼ਰ ਬੜਾ ਸੁਖਾਵਾਂ ਰਿਹਾ। ਸ਼ਾਮ ਤੱਕ ਉਨ੍ਹਾਂ ਨੂੰ ਥਕਾਵਟ ਨਾ ਹੋਈ।
ਮਨ ਨੂੰ ਮਿਲਦਾ ਚੈਨ ਤੇ ਸਕੂਨ
ਅਸੀਂ ਪੋਰਟਲੈਂਡ ਤਿੰਨ-ਚਾਰ ਦਿਨ ਰਹਿਣ ਦਾ ਪ੍ਰੋਗਰਾਮ ਬਣਾ ਕੇ ਗਏ ਸੀ, ਜਿਨ੍ਹਾਂ ’ਚੋਂ ਇੱਕ ਦਿਨ ਮਲਟਨੋਮਾ ਝਰਨਾ ਵੇਖਣ ਜਾਣਾ ਸੀ। ਅਸੀਂ ਸਵੇਰੇ ਦਸ ਕੁ ਵਜੇ ਹੀ ਘਰੋਂ ਰਵਾਨਾ ਹੋ ਗਏ ਤੇ ਘੰਟੇ ਕੁ ਵਿੱਚ ਹੀ ਇਸ ਸਥਾਨ ’ਤੇ ਪਹੁੰਚ ਗਏ। ਅਸੀਂ ਇੱਥੇ ਦੋ ਕੁ ਘੰਟੇ ਬਿਤਾਏ। ਵੱਖ-ਵੱਖ ਅੰਦਾਜ਼ ਵਿੱਚ ਸਾਰਿਆਂ ਨੇ ਫੋਟੋ ਖਿਚਵਾਈਆਂ। ਮੇਰੇ ਢਾਈ ਕੁ ਸਾਲ ਦੇ ਪੋਤੇ ਨੇ ਇਸ ਜਗ੍ਹਾ ’ਤੇ ਸਾਡੇ ਨਾਲੋਂ ਵੀ ਵੱਧ ਮਸਤੀ ਕੀਤੀ। ਇੱਥੇ ਇੱਕ ਗਿਫ਼ਟ ਸ਼ਾਪ ਹੈ, ਜਿਸ ਦੀ 100ਵੀਂ ਵਰ੍ਹੇਗੰਢ ਵੀ ਇਸ ਸਾਲ ਹੀ ਮਨਾਈ ਜਾ ਰਹੀ ਹੈ। ਇਸ ਝਰਨੇ ਦੇ ਕੋਲ ਹੀ ਰੇਲ ਦੀ ਪੱਟੜੀ ਹੈ। ਸਾਡੇ ਹੁੰਦਿਆਂ ਹੀ ਇੱਥੋਂ ਦੋ ਮਾਲ ਟਰੇਨਾਂ ਲੰਘੀਆਂ, ਜਿਨ੍ਹਾਂ ਦੀ ਲੰਬਾਈ ਦੋ ਮੀਲ ਤੋਂ ਵੀ ਜ਼ਿਆਦਾ ਸੀ। ਜਿਨ੍ਹਾਂ ਨੂੰ ਵੀ ਪੋਰਟਲੈਂਡ ਜਾਣ ਦਾ ਮੌਕਾ ਮਿਲੇ, ਉਹਨਾਂ ਨੂੰ ਇਸ ਝਰਨੇ ਦੇ ਮਨਮੋਹਕ ਨਜ਼ਾਰਿਆਂ ਨੂੰ ਜ਼ਰੂਰ ਵੇਖ ਲੈਣਾ ਚਾਹੀਦਾ ਹੈ। ਨੱਠ-ਭੱਜ ਦੀ ਜ਼ਿੰਦਗੀ ’ਚ ਅਜਿਹੀਆਂ ਥਾਵਾਂ ’ਤੇ ਜਾਣ ਨਾਲ ਮਨ ਨੂੰ ਚੈਨ ਤੇ ਸਕੂਨ ਮਿਲਦਾ ਹੈ।
ਵਸਤਾਂ ਖ਼ਰੀਦਣ ’ਤੇ ਨਹੀਂ ਲੱਗਦਾ ਕੋਈ ਟੈਕਸ
ਓਰੇਗਨ ਸਟੇਟ ਵਿੱਚ ਵਸਤਾਂ ਖ਼ਰੀਦਣ ’ਤੇ ਕੋਈ ਟੈਕਸ ਨਹੀਂ ਲੱਗਦਾ। ਇਹੋ ਕਾਰਨ ਹੈ ਕਿ ਨਾਲ ਲੱਗਦੀਆਂ ਸਟੇਟਾਂ ਦੇ ਕਈ ਲੋਕ ਵੀ ਇੱਥੇ ਸ਼ਾਪਿੰਗ ਕਰਨ ਆਉਂਦੇ ਹਨ। ਇਸੇ ਚਾਅ ’ਚ ਅਸੀਂ ਵੀ ਥੋੜ੍ਹੀ ਜਿਹੀ ਖ਼ਰੀਦਦਾਰੀ ਕੀਤੀ। ਚੌਥੇ-ਪੰਜਵੇਂ ਦਿਨ ਅਸੀਂ ਟਰੱਕ ਰਾਹੀਂ ਵਾਪਸ ਯੂਬਾ ਸਿਟੀ ਆ ਗਏ। ਰਸਤੇ ਵਿੱਚ ਦੁਬਾਰਾ ਉਨ੍ਹਾਂ ਹੀ ਦ੍ਰਿਸ਼ਾਂ ਦਾ ਆਨੰਦ ਮਾਣਿਆ, ਜਿਨ੍ਹਾਂ ਦਾ ਜਾਂਦੇ ਵਕਤ ਮਾਣਿਆ ਸੀ। ਮੇਰੀ ਨੂੰਹ ਦੇ ਮਾਤਾ-ਪਿਤਾ ਨੇ ਜਿੱਥੇ ਇਸ ਨਿੱਕੇ ਜਿਹੇ ਟੂਰ ਦੀ ਸ਼ਲਾਘਾ ਕੀਤੀ, ਉੱਥੇ ਮੇਰੇ ਸੇਫ ਟਰੱਕ ਚਲਾਉਣ ਦੇ ਅੰਦਾਜ਼ ਨੂੰ ਵੀ ਖ਼ੂਬ ਸਲਾਹਿਆ।
- ਜਸਪਾਲ ਸਿੰਘ ਨਾਗਰਾ
![]()
