ਕੁਦਰਤ ਦੀ ਅਜ਼ੀਮ ਸਿਰਜਣਾ ਹੈ ਨਾਰੀ

In ਮੁੱਖ ਲੇਖ
April 03, 2026

ਨਾਰੀ ਸਿਰਫ਼ ਇੱਕ ਜੀਵ ਨਹੀਂ, ਇੱਕ ਸੰਵੇਦਨਾ ਹੈ; ਸਿਰਫ਼ ਇੱਕ ਰਿਸ਼ਤਾ ਨਹੀਂ, ਪੂਰੀ ਕਾਇਨਾਤ ਦੀ ਨਰਮੀ ਤੇ ਮਜ਼ਬੂਤੀ ਦਾ ਮਿਲਾਪ ਹੈ। ਉਸ ਦੇ ਅੰਦਰ ਦਰਿਆਵਾਂ ਵਰਗੀ ਰਵਾਨੀ ਹੈ, ਜੋ ਪੱਥਰਾਂ ਨਾਲ ਟਕਰਾ ਕੇ ਵੀ ਆਪਣਾ ਰਸਤਾ ਬਣਾਉਾਂਦੀਹੈ। ਉਹ ਮਿੱਟੀ ਵਾਂਗ ਢਲ ਜਾਣ ਵਾਲੀ ਵੀ ਹੈ ਤੇ ਪਹਾੜ ਵਾਂਗ ਅਡੋਲ ਵੀ। ਉਸ ਦਾ ਦਿਲ ਮਮਤਾ ਨਾਲ ਭਰਿਆ ਹੋਇਆ ਹੈ ਪਰ ਉਸ ਦੀ ਰੂਹ ਵਿੱਚ ਅਸਾਧਾਰਣ ਧੀਰਜ ਅਤੇ ਜ਼ਿੰਦਗੀ ਨਾਲ ਲੜ ਜਾਣ ਦੀ ਤਾਕਤ ਵੱਸਦੀ ਹੈ। ਉਹ ਜਨਮ ਦਿੰਦੀ ਹੈ, ਪਾਲਦੀ ਹੈ, ਜੋੜਦੀ ਹੈ। ਔਰਤ ਦਾ ਸੁਭਾਅ ਨਰਮੀ ਅਤੇ ਹਿੰਮਤ ਦਾ ਸੁੰਦਰ ਸੰਤੁਲਨ ਹੈ ਪਰ ਵੇੇਖਣ ਵਿੱਚ ਆਉਂਦਾ ਹੈ ਕਿ ਉਸ ਦੀ ਸਹਿਣਸ਼ੀਲਤਾ ਅਕਸਰ ਉਸ ਲਈ ਨੁਕਸਾਨਦੇਹ ਹੀ ਸਾਬਤ ਹੁੰਦੀ ਹੈ।
ਸਦੀਆਂ ਤੋਂ ਔਰਤ ਨੂੰ ਸਿਖਾਇਆ ਗਿਆ ਹੈ ਕਿ ਸਹਿਣਾ, ਚੁੱਪ ਰਹਿਣਾ, ਰਿਸ਼ਤੇ ਬਚਾਉਣਾ, ਘਰ ਜੋੜਨਾ ਅਤੇ ਆਪਣਾ ਮਨ ਮਾਰਨਾ ਉਸ ਦੇ ਫ਼ਰਜਾਂ ਵਿੱਚ ਸ਼ਾਮਲ ਹੈ। ਉਸ ਦੀ ਸ਼ਲਾਘਾ ਵੀ ਉਦੋਂ-ਉਦੋਂ ਹੀ ਹੁੰਦੀ ਰਹੀ ਜਦੋਂ-ਜਦੋਂ ਉਸ ਨੇ ਆਪਣੀ ਇੱਛਾ ਨੂੰ ਪਿੱਛੇ ਰੱਖ ਕੇ ਦੂਜਿਆਂ ਦੀ ਖ਼ੁਸ਼ੀ ਨੂੰ ਪਹਿਲ ਦਿੱਤੀ। ਉਸ ਨੂੰ ਕਿਹਾ ਗਿਆ ਕਿ ਉਹ ਮਮਤਾ ਦੀ ਮੂਰਤ ਹੈ, ਤਿਆਗ ਦੀ ਮਿਸਾਲ ਹੈ, ਸਹਿਨਸ਼ੀਲਤਾ ਦੀ ਦੇਵੀ ਹੈ। ਪਰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਉਹ ਆਪਣੇ ਲਈ ਵੀ ਖੜ੍ਹੀ ਹੋ ਸਕਦੀ ਹੈ। ਉਹ ‘ਨਾਂਹ’ ਵੀ ਕਹਿ ਸਕਦੀ ਹੈ।
‘ਨਾਂਹ’ ਸਿਰਫ਼ ਇੱਕ ਸ਼ਬਦ ਨਹੀਂ, ਇੱਕ ਐਲਾਨ ਹੈ, ਜੋ ਕਿਸੇ ਵੀ ਔਰਤ ਲਈ ਮਹੱਤਵਪੂਰਨ ਔਜ਼ਾਰ ਹੈ। ਇਹ ਆਪਣੀ ਹੋਂਦ ਦੀ ਪਛਾਣ ਹੈ; ਆਪਣੇ ਮਨ, ਆਪਣੇ ਸਰੀਰ ਅਤੇ ਆਪਣੀ ਇੱਛਾ ਉੱਤੇ ਆਪਣੇ ਹੱਕ ਦੀ ਮੋਹਰ ਹੈ। ਪਰ ਸਮਾਜ ਨੇ ਇਸ ਇੱਕ ਸ਼ਬਦ ਨੂੰ ਔਰਤ ਲਈ ਇੰਨਾ ਭਾਰੀ ਬਣਾ ਦਿੱਤਾ ਹੈ ਕਿ ਉਹ ਇਸ ਨੂੰ ਜੁਬਾਨ ’ਤੇ ਲਿਆਉਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੀ ਹੈ।
ਬਚਪਨ ਤੋਂ ਹੀ ਕੁੜੀ ਨੂੰ ਸਿਖਾਇਆ ਜਾਂਦਾ ਹੈ ਕਿ ਵੱਡਿਆਂ ਅੱਗੇ ਜਵਾਬ ਨਹੀਂ ਦੇਣਾ। ਜੇ ਉਹ ਆਪਣੀ ਪਸੰਦ, ਨਾ-ਪਸੰਦ ਬਿਆਨ ਕਰੇ ਤਾਂ ਕਿਹਾ ਜਾਂਦਾ ਹੈ ਕਿ ਬਹੁਤ ਜ਼ਿੱਦੀ ਹੈ। ਜਵਾਨੀ ਵਿੱਚ ਉਹ ਆਪਣੇ ਸੁਪਨੇ ਚੁਣੇ ਤਾਂ ਉਸ ਨੂੰ ਸਮਝਾਇਆ ਜਾਂਦਾ ਹੈ ਕਿ ਘਰ ਦੀ ਇੱਜ਼ਤ ਪਹਿਲਾਂ ਹੈ। ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਉੱਤੇ ਕਈ ਅਣਕਹੀਆਂ ਸ਼ਰਤਾਂ ਲਾਗੂ ਹੋ ਜਾਂਦੀਆਂ ਹਨ। ਉਸ ਦੀ ਖਾਮੋਸ਼ੀ ਨੂੰ ਉਸ ਦੀ ਸ਼ਰਾਫ਼ਤ ਮੰਨਿਆ ਜਾਂਦਾ ਹੈ। ਉਸ ਦੀ ਸਹਿਮਤੀ ਨੂੰ ਗੌਣ ਸਮਝਿਆ ਜਾਂਦਾ ਹੈ। ਇਹੀ ਉਹ ਥਾਂ ਹੈ ਜਿੱਥੇ ‘ਨਾਂਹ’ ਦੀ ਲੋੜ ਸਭ ਤੋਂ ਵੱਧ ਹੈ।
ਜਦੋਂ ਕੋਈ ਤੁਹਾਡੇ ਸਮੇਂ ਉੱਤੇ ਤੁਹਾਡੇ ਤੋਂ ਬਿਨਾਂ ਪੁੱਛੇ ਕਬਜ਼ਾ ਕਰੇ, ਨਾਂਹ ਕਹੋ। ਜਦੋਂ ਕੋਈ ਤੁਹਾਡੀ ਮਿਹਨਤ ਨੂੰ ਹੱਕ ਸਮਝੇ, ਨਾਂਹ ਕਹੋ। ਜਦੋਂ ਕੋਈ ਤੁਹਾਡੇ ਸਰੀਰ ਜਾਂ ਮਨ ਦੀ ਹੱਦ ਪਾਰ ਕਰੇ, ਉਸ ਵਕਤ ਨਾਂਹ ਕਹੋ। ਜਦੋਂ ਕੋਈ ਤੁਹਾਡੇ ਸੁਪਨਿਆਂ ਨੂੰ ਮਜ਼ਾਕ ਬਣਾਏ, ਨਾਂਹ ਕਹੋ।
ਨਾਂਹ ਕਹਿਣਾ ਬੇਅਦਬੀ ਨਹੀਂ। ਇਹ ਆਪਣੇ ਆਪ ਦੀ ਇੱਜ਼ਤ ਕਰਨਾ ਹੈ। ਇਹ ਆਪਣੇ ਮਨ ਦੀ ਆਵਾਜ਼ ਸੁਣਨਾ ਹੈ। ਜੋ ਔਰਤ ਹਰ ਵੇਲੇ ‘ਹਾਂ’ ਕਹਿੰਦੀ ਰਹਿੰਦੀ ਹੈ, ਅਖ਼ੀਰ ਉਹ ਆਪਣੇ ਅੰਦਰੋਂ ਖ਼ਾਲੀ ਹੋ ਜਾਂਦੀ ਹੈ। ਉਹ ਦੂਜਿਆਂ ਲਈ ਜਿਉਂਦੀ-ਜਾਗਦੀ ਆਪਣੀ ਪਛਾਣ ਗੁਆ ਬੈਠਦੀ ਹੈ।
ਕੀ ਤੁਹਾਨੂੰ ਪਤਾ ਹੈ ਸਮਾਜ ਨੂੰ ਔਰਤ ਦੀ ‘ਨਾਂਹ’ ਤੋਂ ਡਰ ਕਿਉਂ ਲੱਗਦਾ ਹੈ? ਕਿਉਂਕਿ ‘ਨਾਂਹ’ ਸਵਾਲ ਪੈਦਾ ਕਰਦੀ ਹੈ। ‘ਨਾਂਹ’ ਰਵਾਇਤਾਂ ਨੂੰ ਚੁਣੌਤੀ ਦਿੰਦੀ ਹੈ। ‘ਨਾਂਹ’ ਚੁੱਪ ਦੀ ਕੰਧ ਨੂੰ ਢਾਹੁੰਦੀ ਹੈ ਅਤੇ ਸਭ ਤੋਂ ਵੱਡੀ ਗੱਲ, ‘ਨਾਂਹ’ ਔਰਤ ਨੂੰ ਸਿਰਫ਼ ਇੱਕ ਭੂਮਿਕਾ ਵਜੋਂ ਨਹੀਂ ਬਲਕਿ ਵਿਅਕਤੀ ਵਜੋਂ ਖੜ੍ਹਾ ਕਰਦੀ ਹੈ।
ਅਕਸਰ ਔਰਤਾਂ ਨੂੰ ਦੋਸ਼ੀ ਹੋਣ ਦੇ ਜਾਲ਼ ਵਿੱਚ ਫਸਾ ਦਿੱਤਾ ਜਾਂਦਾ ਹੈ। ਜੇ ਉਹ ਆਪਣੇ ਲਈ ਸਮਾਂ ਮੰਗਦੀਆਂ ਹਨ ਤਾਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਘਰ ਦੀ ਪਰਵਾਹ ਨਹੀਂ। ਜੇ ਉਹ ਕੈਰੀਅਰ ਚੁਣਨ ਤਾਂ ਕਿਹਾ ਜਾਂਦਾ ਹੈ ਕਿ ਪਰਿਵਾਰ ਪਿੱਛੇ ਰਹਿ ਗਿਆ। ਜੇ ਉਹ ਜ਼ਿਆਦਤੀ ਦੇ ਖ਼ਿਲਾਫ਼ ਬੋਲਣ ਤਾਂ ਕਿਹਾ ਜਾਂਦਾ ਹੈ ਕਿ ਘਰ ਦੀ ਗੱਲ ਬਾਹਰ ਕਿਉਂ ਲੈ ਗਈਆਂ। ਇਨ੍ਹਾਂ ਦੋਸ਼ਾਂ ਦੇ ਕਾਰਨ ਕਈ ਔਰਤਾਂ ਆਪਣੇ ਹੱਕ ਤੋਂ ਵੀ ਹੱਥ ਖਿੱਚ ਲੈਂਦੀਆਂ ਹਨ ਪਰ ਸੱਚ ਇਹ ਹੈ ਕਿ ਜੋ ਔਰਤ ਆਪਣੇ ਲਈ ਖੜ੍ਹੀ ਨਹੀਂ ਹੋ ਸਕਦੀ, ਉਹ ਕਿਸੇ ਹੋਰ ਲਈ ਵੀ ਮਜ਼ਬੂਤ ਸਹਾਰਾ ਨਹੀਂ ਬਣ ਸਕਦੀ। ਆਪਣੇ ਆਪ ਨੂੰ ਮਿਟਾ ਦੇਣਾ ਕੋਈ ਮਹਾਨਤਾ ਨਹੀਂ। ਆਪਣੀ ਆਵਾਜ਼ ਨੂੰ ਜਿਉਂਦਾ ਰੱਖਣਾ ਹੀ ਅਸਲ ਹਿੰਮਤ ਹੈ।
ਨਾਂਹ ਕਹਿਣਾ ਇੱਕ ਅਭਿਆਸ ਹੈ। ਪਹਿਲੀ ਵਾਰ ਡਰ ਲੱਗਦਾ ਹੈ; ਦਿਲ ਧੜਕਦਾ ਹੈ। ਲੱਗਦਾ ਹੈ ਰਿਸ਼ਤੇ ਟੁੱਟ ਜਾਣਗੇ; ਲੋਕ ਨਾਰਾਜ਼ ਹੋ ਜਾਣਗੇ ਪਰ ਹੌਲੀ-ਹੌਲੀ ਇਹੀ ‘ਨਾਂਹ’ ਤੁਹਾਡੇ ਅੰਦਰ ਇਕ ਨਵੀਂ ਮਜ਼ਬੂਤੀ ਪੈਦਾ ਕਰਦੀ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੇ ਜੀਵਨ ਦਾ ਸਟੀਅਰਿੰਗ ਆਪਣੇ ਹੱਥਾਂ ਵਿੱਚ ਲੈ ਰਹੇ ਹੋ।
ਇਹ ਵੀ ਯਾਦ ਰੱਖਣਾ ਜਰੂਰੀ ਹੈ ਕਿ ‘ਨਾਂਹ’ ਹਮੇਸ਼ਾਂ ਚੀਕ ਕੇ ਨਹੀਂ ਕਹਿਣੀ ਪੈਂਦੀ। ਕਈ ਵਾਰ ਇਹ ਸ਼ਾਂਤ, ਠੋਸ ਅਤੇ ਸਾਫ਼ ਲਹਿਜ਼ੇ ਵਿੱਚ ਵੀ ਕਹੀ ਜਾਂਦੀ ਹੈ। ਬਿਨਾਂ ਗੁੱਸੇ, ਬਿਨਾਂ ਨਫ਼ਰਤ; ਸਿਰਫ਼ ਆਪਣੇ ਹੱਕ ਦੇ ਸਪਸ਼ਟ ਐਲਾਨ ਵਜੋਂ। ‘ਮੈਨੂੰ ਇਹ ਮਨਜ਼ੂਰ ਨਹੀਂ।’ ‘ਮੈਂ ਇਹ ਨਹੀਂ ਕਰ ਸਕਦੀ।’ ‘ਇਹ ਮੇਰੀ ਹੱਦ ਹੈ।’ ਇਹ ਵਾਕ ਔਰਤ ਨੂੰ ਕਮਜ਼ੋਰ ਨਹੀਂ, ਸਪਸ਼ਟ ਬਣਾਉਂਦੇ ਹਨ।
ਸਮਾਜ ਵਿੱਚ ਬਦਲਾਅ ਵੀ ਉਦੋਂ ਹੀ ਆਵੇਗਾ ਜਦੋਂ ਘਰਾਂ ਵਿੱਚ ਕੁੜੀਆਂ ਨੂੰ ਸਿਖਾਇਆ ਜਾਵੇਗਾ ਕਿ ਉਹ ਆਪਣੀ ਗੱਲ ਰੱਖ ਸਕਦੀਆਂ ਹਨ। ਜਦੋਂ ਮਾਪੇ ਧੀਆਂ ਨੂੰ ਇਹ ਵਿਸ਼ਵਾਸ ਦੇਣਗੇ ਕਿ ਉਨ੍ਹਾਂ ਦੀ ਆਵਾਜ਼ ਮਹੱਤਵਪੂਰਨ ਹੈ। ਜਦੋਂ ਪੁੱਤਰਾਂ ਨੂੰ ਵੀ ਇਹ ਸਿਖਾਇਆ ਜਾਵੇਗਾ ਕਿ ਕਿਸੇ ਦੀ ‘ਨਾਂਹ’ ਦਾ ਸਤਿਕਾਰ ਕਰਨਾ ਹੀ ਅਸਲ ਮਰਿਆਦਾ ਅਤੇ ਮਰਦਾਨਗੀ ਹੈ।
ਅਸੀਂ ਅਕਸਰ ਸ਼ਕਤੀਸ਼ਾਲੀ ਔਰਤ ਦੀ ਗੱਲ ਕਰਦੇ ਹਾਂ। ਪਰ ਸ਼ਕਤੀ ਦਾ ਅਰਥ ਸਿਰਫ਼ ਬਾਹਰਲੀ ਪ੍ਰਾਪਤੀਆਂ ਨਹੀਂ। ਅਸਲ ਸ਼ਕਤੀ ਇਹ ਹੈ ਕਿ ਔਰਤ ਆਪਣੇ ਅੰਦਰ ਦੀ ਆਵਾਜ਼ ਨੂੰ ਦਬਾਏ ਨਾ। ਉਹ ਆਪਣੀ ਸੀਮਾ ਤੈਅ ਕਰੇ। ਉਹ ਆਪਣੇ ਮਨ ਦੀ ਮਾਲਕ ਹੋਵੇ।
‘ਨਾਂਹ’ ਕਹਿਣਾ ਰਿਸ਼ਤਿਆਂ ਨੂੰ ਤੋੜਦਾ ਨਹੀਂ, ਸਾਫ਼ ਕਰਦਾ ਹੈ। ਜੋ ਰਿਸ਼ਤਾ ਸਿਰਫ਼ ਤੁਹਾਡੀ ਚੁੱਪ ’ਤੇ ਟਿਕਿਆ ਹੈ, ਉਹ ਪਹਿਲਾਂ ਹੀ ਕਮਜ਼ੋਰ ਹੈ। ਜੋ ਰਿਸ਼ਤਾ ਤੁਹਾਡੀ ਸਪੱਸ਼ਟਤਾ ਨੂੰ ਸਹਿ ਨਹੀਂ ਸਕਦਾ, ਉਹ ਸੱਚਾ ਨਹੀਂ। ਸਿਹਤਮੰਦ ਰਿਸ਼ਤੇ ਉਹ ਹਨ ਜਿੱਥੇ ਦੋਵਾਂ ਪਾਸਿਆਂ ਦੀ ਇੱਛਾ ਅਤੇ ਹੱਦਾਂ ਦਾ ਆਦਰ ਹੋਵੇ।
ਅੱਜ ਲੋੜ ਹੈ ਕਿ ਹਰ ਔਰਤ ਆਪਣੇ ਨਾਲ ਇਕ ਵਾਅਦਾ ਕਰੇ ਕਿ ਉਹ ਆਪਣੇ ਮਨ ਦੀ ਅਣਸੁਣੀ ਨਹੀਂ ਕਰੇਗੀ; ਕਿਸੇ ਵੀ ਜ਼ਬਰਦਸਤੀ ਨੂੰ ਸਹਿਮਤੀ ਨਹੀਂ ਬਣਾਏਗੀ ਕਿ ਉਹ ਡਰ ਕਰਕੇ ਚੁੱਪ ਨਹੀਂ ਰਹੇਗੀ। ਜਿੱਥੇ ਲੋੜ ਹੋਵੇਗੀ, ਨਾਂਹ ਕਹੇਗੀ। ਕਿਉਂਕਿ ‘ਨਾਂਹ’ ਬਗ਼ਾਵਤ ਨਹੀਂ, ਬਚਾਅ ਹੈ; ਹੰਕਾਰ ਨਹੀਂ, ਆਤਮ-ਸਨਮਾਨ ਹੈ। ‘ਨਾਂਹ’ ਤੋੜਫੋੜ ਨਹੀਂ, ਆਪਣੀ ਹੱਦ ਦੀ ਰੇਖਾ ਹੈ।
ਔਰਤੋਂ, ਯਾਦ ਰੱਖੋ, ਤੁਹਾਡੀ ਜ਼ਿੰਦਗੀ ਤੁਹਾਡੀ ਹੈ। ਤੁਹਾਡਾ ਸਰੀਰ ਤੁਹਾਡਾ ਹੈ। ਤੁਹਾਡਾ ਸਮਾਂ ਤੁਹਾਡਾ ਹੈ। ਤੁਹਾਡੀ ਚੁੱਪ ਕੋਈ ਫ਼ਰਜ਼ ਨਹੀਂ। ਤੁਹਾਡੀ ਸਹਿਮਤੀ ਕੋਈ ਮਜ਼ਬੂਰੀ ਨਹੀਂ।
ਇਸ ਲਈ ਅੱਜ ਤੋਂ, ਹੁਣ ਤੋਂ ਹੀ ਮਿੱਥ ਲਓ ਕਿ ਜੇ ਤੁਹਾਡਾ ਮਨ ਨਾ ਮੰਨੇ ਤਾਂ ਨਾਂਹ ਕਹੋ।
ਜੇ ਹੱਕ ਉੱਤੇ ਸੱਟ ਵੱਜੇ, ਤਾਂ ਨਾਂਹ ਕਹੋ। ਜੇ ਹੋਂਦ ਨੂੰ ਖ਼ਤਰਾ ਹੋਵੇ ਤਾਂ ਨਾਂਹ ਕਹੋ ਕਿਉਂਕਿ ਜਦੋਂ ਔਰਤ ਨਾਂਹ ਕਹਿਣਾ ਸਿੱਖ ਲੈਂਦੀ ਹੈ, ਓਦੋਂ ਹੀ ਉਹ ਸਹੀ ਅਰਥਾਂ ਵਿੱਚ ਜਿਊਣਾ ਸਿੱਖਦੀ ਹੈ।

  • ਕੁਲਵਿੰਦਰਜੀਤ ਚਾਵਲਾ

Loading