ਜਗਮੋਹਨ ਸਿੰਘ ‘ਲੱਕੀ’
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੀ ਪੰਗਤੀ ‘‘ਬਲਿਹਾਰੀ ਕੁਦਰਤਿ ਵਸਿਆ ॥’’ ਆਸਾ ਕੀ ਵਾਰ ਦੀ ਪਉੜੀ ਨੰਬਰ 12 ਦੇ ਨਾਲ ਦਰਜ ਸਲੋਕ ‘‘ਦੁਖੁ ਦਾਰੂ ਸੁਖੁ ਰੋਗੁ ਭਇਆ.. ॥’’ ਦੀ ‘ਰਹਾਉ’ ਵਾਲੀ ਪੰਕਤੀ ਦਾ ਹਿੱਸਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 469 ’ਤੇ ਸੁਭਾਇਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਹਾਂਪੁਰਖਾਂ ਦੀ ਪਵਿੱਤਰ ਬਾਣੀ ਵਿੱਚ ਕਾਦਰ ਅਤੇ ਕੁਦਰਤ ਦੇ ਗੁੱਝੇ ਰਹੱਸਾਂ ਦੀ ਗੱਲ ਕੀਤੀ ਗਈ ਹੈ ਅਤੇ ਕੁਦਰਤ ਦੀ ਬਹੁਤ ਮਹਿਮਾ ਗਾਈ ਗਈ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਮਹਾਂਪੁਰਖਾਂ ਨੇ ਰੁੱਤਾਂ ਦਾ ਫਿਰਨਾ, ਵਣਾਂ ਦਾ ਕੰਬਣਾ, ਪੱਤਿਆਂ ਦਾ ਝੜਨਾ, ਚਹੁੰ ਕੁੰਟਾਂ ਦੀ ਦ੍ਰਿਸ਼ਾਵਲੀ, ਕੰਧੀ ਉੱਤੇ ਰੁਖੜਾ, ਸਿੰਮਲ ਦੇ ਪ੍ਰਤੀਕ, ਚੰਦ ਚਕੋਰ ਦੀ ਪ੍ਰੀਤ, ਮੋਰ ਤੇ ਪ੍ਰਬਤ ਦੇ ਯਾਰਾਨੇ, ਚਿੜੀਆਂ ਦੀ ਚਹਿਚਹਾਟ, ਨਦੀਆਂ ਦੀ ਕਲ-ਕਲ, ਪੰਜ ਆਬਾਂ (ਦਰਿਆਵਾਂ) ਦਾ ਸੰਗੀਤਕ ਜਾਪ, ਮੱਛੀ ਤੇ ਪਾਣੀ ਦੇ ਰੂਪਕ ਰਾਹੀਂ ਆਤਮਾ ਪਰਮਾਤਮਾ ਦੀ ਅਜ਼ਲੀ ਪ੍ਰੀਤ ਦੀ ਗੱਲ, ਦੁਨੀ ਸੁਹਾਵਾ ਬਾਗ, ਪੰਖ ਪਰਾਹੁਣੀ, ਦਰਿਆਵੈ ਕੰਨੈ ਬਗੁਲਾ, ਸਰਵਰ ਹੰਸ, ਟਿੱਬੇ ਤੇ ਮੀਂਹ, ਪਿੰਜਰ ਚੂੰਡਦੇ ਕਾਂ, ਕੰਧ ਕੁਹਾੜਾ, ਸਿਰ ਘੜਾ, ਜਾਇ ਸੁਤੇ ਜੀਰਾਣ, ਕਮਾਦ ਤੇ ਕਾਗਦ, ਵਿਸ-ਗੰਦਲਾਂ, ਦਾਖ ਬਿਜਉਰੀਆਂ, ਵਣ-ਕੰਡੇ, ਥਲ-ਡੂਗਰ, ਖੰਡ, ਬ੍ਰਹਿਮੰਡ, ਦੀਪ, ਲੋਅ ਵਰਗੇ ਰੂਪਕ ਅਤੇ ਪ੍ਰਤੀਕ ਵਰਤੇ ਹਨ।
ਵੱਖ- ਵੱਖ ਮਹਾਂਪੁਰਖ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਕੁਦਰਤ ਦਾ ਵੱਡਾ ਮਹੱਤਵ ਹੈ ਅਤੇ ਸਾਨੂੰ ਆਪਣਾ ਜੀਵਨ ਕੁਦਰਤ ਦੇ ਅਸੂਲਾਂ ਦੇ ਅਨੁਸਾਰ ਬਤੀਤ ਕਰਨਾ ਚਾਹੀਦਾ ਹੈ। ਜੇ ਅੱਜ ਦੀ ਤੇਜ ਰਫਤਾਰ ਨਾਲ ਦੌੜ ਰਹੀ ਜਿੰਦਗੀ ਦੇ ਭੀੜ ਭੜੱਕੇ ਅਤੇ ਸ਼ੋਰ ਸ਼ਰਾਬੇ ਤੋਂ ਪਰ੍ਹੇ ਕਦੇ ਕੁਦਰਤ ਨੂੰ ਨੇੜਿਓਂ ਤੱਕੀਏ ਤਾਂ ਮਨ ਸੱਚਮੁੱਚ ਵਿਸਮਾਦ ਵਿੱਚ ਆ ਜਾਂਦਾ ਹੈ। ਕੁਦਰਤ ਵਿੱਚ ਛੁਪ ਬੈਠੇ ਕਾਦਰ ਨੂੰ ਨਮਸਕਾਰ ਕਰਦਾ ਹੈ। ਸਹਿਜ ਅਤੇ ਆਨੰਦ ਦੇ ਉਹ ਪਲ ਜਿੰਦਗੀ ਦਾ ਅਨਮੋਲ ਸਾਂਭਣਯੋਗ ਕੀਮਤੀ ਸਰਮਾਇਆ ਬਣ ਜਾਂਦੇ ਹਨ। ਜਿਹੜੇ ਲੋਕ ਕੁਦਰਤ ਨਾਲ ਇੱਕ ਮਿੱਕ ਹੋ ਜਾਂਦੇ ਹਨ, ਉਹ ਧਰਤੀ ’ਤੇ ਹੀ ਸਵਰਗ ਦਾ ਨਜ਼ਾਰਾ ਲੈਂਦੇ ਹਨ।
ਮਨੁੱਖ ਜਦੋਂ ਵੀ ਕੁਦਰਤ ਦੇ ਵਿਰੁੱਧ ਗਿਆ ਹੈ ਜਾਂ ਉਸ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਉਸ ਦੇ ਭਿਆਨਕ ਨਤੀਜੇ ਵੀ ਮਨੁੱਖ ਨੂੰ ਭੁਗਤਣੇ ਪਏ ਹਨ। ਇਸ ਸਦੀ ਦੇ ਅਰੰਭ ਵਿੱਚ ਹੀ ਸਮੁਚੇ ਸੰਸਾਰ ਨੂੰ ਕੁਦਰਤੀ ਆਫਤਾਂ ਜਿਵੇਂ: ਹੜ੍ਹ, ਸੋਕਾ, ਸੁਨਾਮੀ ਲਹਿਰਾਂ ਅਤੇ ਵਾਵਰੌਲਿਆਂ ਜਾਂ ਸਮੁੰਦਰੀ ਤੂਫਾਨਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਲੱਖਾਂ ਕੀਮਤੀ ਜਾਨਾਂ ਮਿੰਟਾਂ-ਸਕਿੰਟਾਂ ਵਿੱਚ ਹੀ ਮੌਤ ਦੇ ਮੂੰਹ ਜਾ ਪਈਆਂ। ਕੁਦਰਤ ਦੀ ਇਸ ਬੇਪਰਵਾਹ ਕਰਵਟ ਨੇ ਵਿਗਿਆਨ ਦੀਆਂ ਖੋਜਾਂ ਅਤੇ ਪ੍ਰਾਪਤੀਆਂ ਨੂੰ ਬੌਣਾ ਸਾਬਤ ਕੀਤਾ ਹੈ। ਵਾਤਾਵਰਣ ਵਿੱਚ ਬਦਲਾਅ ਦੇ ਇਹ ਬੀਜ ਅਸੀਂ ਪਿਛਲੇਰੀ ਸਦੀ, ਜਿਸ ਨੂੰ ਵਿਗਿਆਨਕ ਕ੍ਰਾਂਤੀ ਅਤੇ ਵਿਕਾਸ ਦੀ ਸਦੀ ਪ੍ਰਵਾਨਦੇ ਹਾਂ, ਵਿੱਚ ਬੀਜੇ ਸਨ, ਜਿਸ ਦਾ ਫਲ ਸਾਨੂੰ ਅੱਜ ਕੁਦਰਤੀ ਆਫਤਾਂ ਦੇ ਰੂਪ ਵਿੱਚ ਵੱਢਣਾ ਪੈ ਰਿਹਾ ਹੈ।
ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਜਿਸ ਕਾਰਨ ਵੱਡੀ ਗਿਣਤੀ ਪੰਜਾਬੀ ਕੁਦਰਤ ਨਾਲ ਜੁੜੇ ਰਹਿੰਦੇ ਹਨ। ਪੰਜਾਬੀ ਕਿਸਾਨਾਂ ਬਾਰੇ ਕਿਹਾ ਜਾਂਦਾ ਹੈ ਕਿ ਕਿਸਾਨ ਧਰਤੀ ਹੇਠੋਂ ਪਾਣੀ ਬਹੁਤ ਜ਼ਿਆਦਾ ਕੱਢਦੇ ਹਨ, ਜਿਸ ਕਾਰਨ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਮਾਹਿਰ ਕਹਿੰਦੇ ਹਨ ਕਿ ਕਿਸਾਨ ਇਹ ਪਾਣੀ ਆਪਣੇ ਖੇਤਾਂ ਵਿੱਚ ਵਰਤਦੇ ਹਨ, ਇਸ ਪਾਣੀ ਵਿਚੋਂ ਅੱਧਾ ਪਾਣੀ ਮੁੜ ਧਰਤੀ ਹੇਠਾਂ ਚਲਿਆ ਜਾਂਦਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਪੰਜਾਬੀ ਆਧੁਨਿਕ ਤਰੀਕਿਆਂ ਦੇ ਨਾਲ ਕੁਦਰਤੀ ਤਰਕਿਆਂ ਨਾਲ ਵੀ ਖੇਤੀਬਾੜੀ ਕਰਦੇ ਹਨ। ਸ਼ਹਿਰਾਂ ਵਿੱਚ ਰਹਿੰਦੇ ਪੰਜਾਬੀ ਵੀ ਅਕਸਰ ਸੈਰ ਕਰਨ ਲਈ ਸ਼ਹਿਰੋਂ ਬਾਹਰ ਜਾਂ ਪਿੰਡਾਂ ਵੱਲ ਖੇਤਾਂ ਵਿੱਚ ਚਲੇ ਜਾਂਦੇ ਹਨ ਅਤੇ ਕੁਦਰਤ ਦਾ ਆਨੰਦ ਮਾਣਦੇ ਹਨ। ਪੰਜਾਬ ਦੇ ਖੇਤਾਂ ਵਿੱਚ ਹਰ ਪਾਸੇ ਫੈਲੀ ਹਰਿਆਲੀ ਵੇਖਣ ਵਾਲਿਆਂ ਦਾ ਮਨ ਮੋਹ ਲੈਂਦੀੇ ਹੈ। ਪੰਜਾਬੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਕੁਦਰਤੀ ਤਰੀਕਿਆਂ ਨਾਲ ਕਰਨ ਅਤੇ ਹਮੇਸ਼ਾ ਕੁਦਰਤ ਦੇ ਅਸੂਲਾਂ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜ਼ਿੰਦਗੀ ਦੇ ਸਫ਼ਰ ਵਿੱਚ ਕੁਦਰਤ ਦਾ ਵੱਡਾ ਮਹੱਤਵ ਹੁੰਦਾ ਹੈ।
ਜਦੋਂ ਵੀ ਕੁਦਰਤ ਦੀ ਸੁੰਦਰਤਾ ਨੂੰ ਵੇਖਣ ਦਾ ਦਿਲ ਕਰੇ ਤਾਂ ਪੰਜਾਬ ਦੇ ਹਰੇ ਭਰੇ ਖੇਤਾਂ, ਕਸ਼ਮੀਰ, ਹਿਮਾਲਿਆ ਪਰਬਤ, ਸਵਿਟਜ਼ਰਲੈਂਡ ਦੇ ਕੁਦਰਤੀ ਨਜ਼ਾਰੇ, ਡੈਨਮਾਰਕ ਦੇ ਵੱਖ- ਵੱਖ ਹਿੱਸਿਆਂ ਨੂੰ ਆਪਸ ਵਿੱਚ ਜੋੜਨ ਵਾਲੇ ਲੰਮੇ ਪੁਲ, ਸਿੰਗਾਪੁਰ ਟਾਪੂ ਦੇ ਕੁਦਰਤੀ ਨਜ਼ਾਰੇ, ਕੈਲੇਫੋਰਨੀਆ ਰਾਜ ਦੇ ਸਸਪੈਂਸ਼ਨ ਪੁਲ, ਸਵੀਡਨ ਦੀ ਸਾਹਿਲੀ ਸੁੰਦਰਤਾ, ਆਸਟ੍ਰੇਲੀਆ ਦੇ ਸੁੰਦਰ ਪਾਰਕ, ਡਿਜ਼ਨੀਲੈਂਡ ਤੇ ਨਿਆਗਰਾ ਫ਼ਾਲਜ਼ ਦੇ ਬਾਹਰਲੇ ਦਿਲਕਸ਼ ਨਜ਼ਾਰੇ, ਲੰਡਨ ਦੇ ਥੇਮਜ਼ ਦਰਿਆ ਦੇ ਕਿਨਾਰਿਆਂ ਉਤੇ ਮੌਜੂਦ ਆਕਰਸ਼ਕ ਬਹਾਰ, ਵੈਨਕੂਵਰ ਦੀ ਰਮਣੀਕਤਾ, ਟਰਾਂਟੋ ਦੀ ਓਨਟਾਰੀਉ ਪਲੇਸ ਤੇ ਇਸ ਤਰ੍ਹਾਂ ਦੇ ਹੋਰ ਬੇਅੰਤ ਕੁਦਰਤੀ ਦ੍ਰਿਸ਼ ਵੇਖੇ ਜਾ ਸਕਦੇ ਹਨ। ਕੈਨੇਡਾ ਦੀ ਪੱਤਝੜ ਰੁੱਤ ਖਾਸ ਕਰਕੇ ਵੈਨਕੂਵਰ ਇਲਾਕੇ ਦੀ ਪੱਤਝੜ ਰੁੱਤ ਵਿੱਚ ਕੁਦਰਤੀ ਸੁੰਦਰਤਾ ਵੀ ਵੇਖਣ ਵਾਲਿਆਂ ਦਾ ਮਨ ਮੋਹ ਲੈਂਦੀ ਹੈ।
![]()
