ਕੁਦਰਤ ਦੇ ਅੰਗ ਸੰਗ ਵਿਚਰਦਿਆਂ…….

In ਪੰਜਾਬ
April 11, 2025
ਜਗਮੋਹਨ ਸਿੰਘ : -ਪੰਜਾਬ ਸਮੇਤ ਪੂਰੇ ਵਿਸ਼ਵ ਵਿੱਚ ਕੁਦਰਤ ਦੇ ਵੱਖ- ਵੱਖ ਕਿਸਮਾਂ ਦੇ ਸੁੰਦਰ ਤੇ ਖੂਬਸੂੁਰਤ ਰੰਗ ਵੇਖਣ ਨੂੰ ਮਿਲਦੇ ਹਨ। ਵਿਸ਼ਵ ਦੇ ਕਿਸੇ ਵੀ ਇਲਾਕੇ ਵਿੱਚ ਚਲੇ ਜਾਓ ਹਰ ਪਾਸੇ ਕੁਦਰਤੀ ਅਜੂਬਿਆਂ ਅਤੇ ਸੁੰਦਰ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ। ਵੱਡੀ ਗਿਣਤੀ ਲੋਕ ਇਹਨਾਂ ਕੁਦਰਤੀ ਨਿਆਮਤਾਂ ਦਾ ਆਨੰਦ ਮਾਣਦੇ ਹਨ। ਵੱਖ- ਵੱਖ ਥਾਂਵਾਂ ’ਤੇ ਜਿਥੇ ਕੁਦਰਤੀ ਤੌਰ ’ਤੇ ਪਹਾੜ ਹਨ, ਤਾਂ ਕਿਸੇ ਪਾਸੇ ਦਰਿਆ ਹਨ, ਕਿਤੇ ਸਮੁੰਦਰ ਹੈ, ਕਿਤੇ ਕੁਦਰਤੀ ਝਰਨੇ ਹਨ। ਕਿਸੇ ਸਥਾਨ ’ਤੇ ਵੱਖ- ਵੱਖ ਕਿਸਮਾਂ ਦੇ ਫੁੱਲ ਹੁੰਦੇ ਹਨ। ਕਈ ਥਾਂਵਾਂ ਦੀ ਖੂਬਸੂਰਤੀ ਤਾਂ ਉਹਨਾਂ ਨੂੰ ਸੈਰ ਸਪਾਟਾ ਸਥਾਨ ਤੇ ਹਿੱਲ ਸਟੇਸ਼ਨ ਬਣਾ ਦਿੰਦੀ ਹੈ। ਇਸ ਸਮੇਂ ਵੱਡੀ ਗਿਣਤੀ ਲੋਕ ਮੋਬਾਇਲ ਅਤੇ ਕੰਪਿਊਟਰ ਦੇ ਗੁਲਾਮ ਜਿਹੇ ਹੋ ਕੇ ਰਹਿ ਗਏ ਹਨ। ਇਹਨਾਂ ਲੋਕਾਂ ਨੇ ਜੇ ਬਰਸਾਤ ਦੇਖਣੀ ਹੁੰਦੀ ਹੈ ਤਾਂ ਇਹ ਲੋਕ ਮੋਬਾਇਲ ਜਾਂ ਕੰਪਿਊਟਰ ’ਤੇ ਹੀ ਇੰਟਰਨੈਟ ਦੀ ਸਹਾਇਤਾ ਨਾਲ ਵੇਖ ਲੈਂਦੇ ਹਨ। ਇਸ ਤੋਂ ਇਲਾਵਾ ਵੱਧ ਰਹੀ ਮਹਿੰਗਾਈ ਕਾਰਨ ਮਨੁੱਖ ਨੂੰ ਆਮਦਨੀ ਦੇ ਸੋਮੇ ਵਧਾਉਣ ਲਈ ਮਸ਼ੀਨਾਂ ਨਾਲ ਮਸ਼ੀਨ ਵਰਗੇ ਹੋ ਕੇ ਹੀ ਕੰਮ ਕਰਨਾ ਪੈਂਦਾ ਹੈ, ਜਿਸ ਕਰਕੇ ਆਰਥਿਕ ਪੱਖੋਂ ਕਮਜ਼ੋਰ ਲੋਕ ਤਾਂ ਦੋ ਵੇਲੇ ਦੀ ਰੋਟੀ ਦੇ ਚੱਕਰ ਵਿੱਚ ਹੀ ਪਏ ਰਹਿੰਦੇ ਹਨ। ਸਿਆਲ ਰੁੱਤ ਦੌਰਾਨ ਵੱਡੀ ਗਿਣਤੀ ਲੋਕ ਪਹਾੜੀ ਇਲਾਕਿਆਂ ਵਿੱਚ ਬਰਫ਼ ਪੈਂਦੀ ਵੇਖਣ ਲਈ ਜਾਂਦੇ ਹਨ, ਪਰ ਪਹਾੜਾਂ ’ਤੇ ਜਾ ਕੇ ਵੀ ਅਨੇਕਾਂ ਲੋਕ ਮੋਬਾਇਲ ਅਤੇ ਲੈਪਟਾਪ ਵਿੱਚ ਹੀ ਉਲਝੇ ਰਹਿੰਦੇ ਹਨ, ਜਿਸ ਕਾਰਨ ਉਹ ਕੁਦਰਤ ਦੀ ਸੁੰਦਰਤਾ ਮਾਨਣ ਤੋਂ ਵਾਂਝੇ ਰਹਿ ਜਾਂਦੇ ਹਨ। ਵਪਾਰੀ ਕਿਸਮ ਦੇ ਲੋਕਾਂ ਨੂੰ ਹਰ ਵੇਲੇ ਆਪਣੇ ਵਪਾਰ ਨੂੰ ਵਧਾਉਣ ਦੀ ਚਿੰਤਾ ਰਹਿੰਦੀ ਹੈ, ਉਹਨਾਂ ਨੂੰ ਕੁਦਰਤੀ ਸੁੰਦਰਤਾ ਦਾ ਕੋਈ ਅਹਿਸਾਸ ਨਹੀਂ ਹੁੰਦਾ, ਉਹ ਤਾਂ ਕੁਦਰਤੀ ਨਜ਼ਾਰਿਆਂ ਵਿਚੋਂ ਹੀ ਆਪਣਾ ਲਾਭ ਵੇਖਦੇ ਹਨ। ਵੱਡੀ ਗਿਣਤੀ ਲੋਕ ਅਜਿਹੇ ਹੁੰਦੇ ਹਨ, ਜੋ ਕਿ ਕੁਦਰਤ ਦੇ ਅਸੂਲਾਂ ਅਨੁਸਾਰ ਜ਼ਿੰਦਗੀ ਜਿਉਂਦੇ ਹਨ, ਅਜਿਹੇ ਲੋਕ ਕੁਦਰਤੀ ਤੌਰ ’ਤੇ ਸੰਤੁਸ਼ਟ ਅਤੇ ਬਹੁਤ ਹੀ ਸਬਰ ਸੰਤੋਖ ਵਾਲੇ ਹੁੰਦੇ ਹਨ। ਦੂਜੇ ਪਾਸੇ ਅਜਿਹੇ ਲੋਕ ਵੀ ਬਹੁਤ ਜ਼ਿਆਦਾ ਹਨ ਜੋ ਕਿ ਕੁਦਰਤ ਨਾਲ ਇੱਕ ਮਿੱਕ ਹੋਣ ਦੀ ਥਾਂ ਆਪਣੇ ਆਪ ਵਿੱਚ ਹੀ ਉਲਝੇ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਤੱਕ ਮਨੁੱਖ ਸਿਰਫ਼ ਕੁਦਰਤ ਵੱਲੋਂ ਪੈਦਾ ਕੀਤਾ ਹੋਇਆ ਅਨਾਜ ਖਾਂਦਾ ਰਿਹਾ ਤਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਸੀ, ਪਰ ਜਦੋਂ ਤੋਂ ਮਨੁੱਖ ਨੇ ਫਾਸਟ ਫੂਡ ਅਤੇ ਹੋਰ ਮਸਾਲੇਦਾਰ ਵਿਅੰਜਨ ਖਾਣੇ ਸ਼ੁਰੂ ਕੀਤੇ ਉਦੋਂ ਤੋਂ ਹੀ ਮਨੁੱਖ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਜਕੜਿਆ ਹੋਇਆ ਹੈ। ਕੁਦਰਤ ਨਾਲੋਂ ਦੂਰ ਜਾਣ ਦਾ ਹੀ ਨਤੀਜਾ ਹੈ ਕਿ ਮਨੁੱਖ ਨੂੰ ਅਜਿਹੀਆਂ ਬਿਮਾਰੀਆਂ ਵੀ ਹੋ ਰਹੀਆਂ ਹਨ, ਜਿਨ੍ਹਾਂ ਬਿਮਾਰੀਆਂ ਦਾ ਕਿਸੇ ਨੇ ਪਹਿਲਾਂ ਨਾਮ ਵੀ ਨਹੀਂ ਸੁਣਿਆ ਹੁੰਦਾ। ਸਿਹਤ ਮਾਹਿਰ ਕਹਿੰਦੇ ਹਨ ਕਿ ਮਨੁੱਖ ਨੂੰ ਸਿਰਫ਼ ਉਹੋ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਜੋ ਕਿ ਕੁਦਰਤੀ ਤਰੀਕੇ ਨਾਲ ਧਰਤੀ ’ਤੇ ਉੱਗਦੀਆਂ ਜਾਂ ਉਗਾਈਆਂ ਜਾਂਦੀਆਂ ਹਨ। ਅਜਿਹੀਆਂ ਚੀਜ਼ਾਂ ਨੂੰ ਖਾ ਕੇ ਇਨਸਾਨ ਤੰਦਰੁਸਤ ਰਹਿੰਦਾ ਹੈ। ਪੰਜਾਬ ਦੇ ਵੱਡੀ ਗਿਣਤੀ ਧੀਆਂ ਪੁੱਤਰ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਵਸੇ ਹੋਏ ਹਨ, ਜਿਥੇ ਜਾ ਕੇ ਉਹਨਾਂ ਵੱਲੋਂ ਸਖ਼ਤ ਮਿਹਨਤ ਕਰਕੇ ਚੰਗੀ ਤਰੱਕੀ ਵੀ ਕੀਤੀ ਹੋਈ ਹੈ। ਇਹਨਾਂ ਵੱਡੀ ਗਿਣਤੀ ਪੰਜਾਬੀਆਂ ਵੱਲੋਂ ਬੇਗਾਨੇ ਮੁਲਕਾਂ ਵੀ ਵਿੱਚ ਕੁਦਰਤ ਦੇ ਨੇੜੇ ਤੇੜੇ ਰਿਹਾ ਜਾਂਦਾ ਹੈ। ਪੰਜਾਬ ਵਿੱਚ ਵੀ ਵੱਡੀ ਗਿਣਤੀ ਵਸਨੀਕ ਕੁਦਰਤ ਦੇ ਨੇੜੇ ਤੇੜੇ ਰਹਿੰਦੇ ਹਨ। ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਉਸ ਨਾਲ ਸਬੰਧਿਤ ਕੰਮ ਧੰਦੇ ਹਨ। ਖੇਤੀਬਾੜੀ ਤਾਂ ਪੂਰੀ ਤਰ੍ਹਾਂ ਨਾਲ ਕੁਦਰਤ ਨਾਲ ਜੁੜਿਆ ਕਿੱਤਾ ਹੈ। ਵਿਦਵਾਨ ਕਹਿੰਦੇ ਹਨ ਕਿ ਪੰਜਾਬ ਦੁਨੀਆਂ ਦਾ ਇਕਲੌਤਾ ਅਜਿਹਾ ਇਲਾਕਾ ਹੈ, ਜਿਥੇ ਇੱਕ ਸਾਲ ਵਿੱਚ ਛੇ ਰੁੱਤਾਂ ਆਉਂਦੀਆਂ ਹਨ। ਇਸ ਕਰਕੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੂੰ ਪੰਜਾਬ ਦੀ ਬਹੁਤ ਯਾਦ ਆਉਂਦੀ ਹੈ। ਜੇ ਇਨਸਾਨ ਨੇ ਤੰਦਰੁਸਤ ਰਹਿਣਾ ਹੈ ਤਾਂ ਉਸ ਨੂੰ ਕੁਦਰਤ ਦੇ ਅਸੂਲਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਪਵੇਗਾ। ਫਾਸਟ ਫੂਡ ਅਤੇ ਹੋਰ ਮਸਾਲੇਦਾਰ ਚੀਜ਼ਾਂ ਦੀ ਥਾਂ ਧਰਤੀ ’ਤੇ ਕੁਦਰਤੀ ਤਰੀਕੇ ਨਾਲ ਉੱਗੀਆਂ ਚੀਜ਼ਾਂ ਖਾਣ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕੁਦਰਤੀ ਤਰੀਕਿਆਂ ਨਾਲ ਪਕਾਏ ਹੋਏ ਫਲ ਅਤੇ ਸਬਜ਼ੀਆਂ ਖਾਵੇ। ਮਸਾਲੇ ਨਾਲ ਜਾਂ ਕੈਮੀਕਲ ਨਾਲ ਪਕਾਏ ਫਲਾਂ ਤੇ ਸਬਜ਼ੀਆਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਉਠਾਉਣਾ ਚਾਹੀਦਾ ਹੈ। ਮਨੁੱਖ ਨੂੰ ਆਪਣੇ ਲਾਭ ਲਈ ਕੁਦਰਤ ਨਾਲ ਅਤੇ ਕੁਦਰਤੀ ਸੋਮਿਆਂ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ ਸਗੋਂ ਕੁਦਰਤ ਦੇ ਅੰਗ ਸੰਗ ਰਹਿਣਾ ਚਾਹੀਦਾ ਹੈ।

Loading