
ਚੰਡੀਗੜ੍ਹ/ਏ.ਟੀ.ਨਿਊਜ਼: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਭਾਵੇਂ ਉਹ ਮੈਡੀਕਲ ਟ੍ਰੀਟਮੈਂਟ ਲੈ ਰਹੇ ਹਨ ਪਰ ਉਨ੍ਹਾਂ ਦਾ ਵਰਤ ਹਾਲੇ ਵੀ ਜਾਰੀ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਡੀਕਲ ਟ੍ਰੀਟਮੈਂਟ ਨਾਲ ਤੇਜ਼ਾਬ ਬਣਨਾ ਬੰਦ ਹੋ ਗਿਆ ਤੇ ਥੋੜ੍ਹਾ ਸਿਹਤ ਵਿੱਚ ਵੀ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਸਰੀਰ ਵਿਚ ਕਮਜ਼ੋਰੀ ਹਾਲੇ ਬਹੁਤ ਤੇ ਬੇਚੈਨੀ ਲਗਾਤਾਰ ਮਹਿਸੂਸ ਹੋ ਰਹੀ ਹੈ।
14 ਫ਼ਰਵਰੀ ਨੂੰ ਕਿਸਾਨਾਂ ਦੀ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਬਾਰੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਲੋਕਾਂ ਦੇ ਸਮਰਥਨ ਨਾਲ ਹੀ ਕੇਂਦਰ ਸਰਕਾਰ ਨੇ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਤੇ ਸਾਰਿਆਂ ਨੂੰ ਤਕੜੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਕੇਂਦਰ ਉੱਤੇ ਪਾਏ ਦਬਾਅ ਨੂੰ ਘੱਟ ਨਹੀਂ ਹੋਣ ਦੇਣਾ ਚਾਹੀਦਾ। ਜਿਹੜੇ ਕੇਂਦਰ ਨਾਲ ਗੱਲਬਾਤ ਕਰਨ ਜਾਣਗੇ ਉਹ ਉਹੀ ਗੱਲ ਕਰਨਗੇ ਜਿਹੜੀ ਉਨ੍ਹਾਂ ਨੂੰ ਫ਼ੋਰਮ ਨੇ ਕਹੀ ਹੋਵੇਗੀ।
ਗੱਲਬਾਤ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਦ੍ਰਿੜ ਇਰਾਦੇ ਤੇ ਅਕਾਲ ਪੁਰਖ ਦੀ ਰਹਿਮਤ ਨਾਲ ਹੀ ਉਹ ਮਰਨ ਵਰਤ ਉੱਤੇ ਬੈਠੇ ਸਨ।