ਕਾਫੀ ਸਮੇਂ ਤੋਂ ਕੇਂਦਰ ਸਰਕਾਰ ਪੰਜਾਬ ਤੇ ਸਿੱਖਾਂ ਨੂੰ ਕੋਈ ਨਾ ਕੋਈ ਚੂੰਢੀ ਵੱਢ ਕੇ ਦੇਖਦੀ ਹੈ ਕਿ ਪੰਜਾਬੀ ਤੇ ਸਿੱਖ ਸੁੱਤੇ ਪਏ ਹਨ ਕਿ ਜਾਗਦੇ ਹਨ? ਕਦੇ ਉਹ ਲੰਮੇ ਸੰਘਰਸ਼ ਕਾਰਨ ਵਾਪਸ ਲਏ ਖੇਤੀ ਕਾਨੂੰਨਾਂ ਨੂੰ ਫਿਰ ਲਾਗੂ ਕਰਨ ਲਈ ਨਵਾਂ ਖੇਤੀ ਮੰਡੀਕਰਨ ਖਰੜਾ ਜਾਰੀ ਕਰ ਦਿੰਦੀ ਹੈ, ਕਦੇ ਚੰਡੀਗੜ੍ਹ ਵਿਚ ਕਮਿਸ਼ਨਰ ਨਿਯੁਕਤ ਕਰਦੀ ਹੈ। ਕਦੇ ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਯੂ.ਟੀ. ਕੇਡਰ ਵਿਚ ਸ਼ਾਮਿਲ ਕਰਦੀ ਹੈ। ਕਦੇ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿਚ ਜ਼ਮੀਨ ਅਲਾਟ ਕਰਦੀ ਹੈ। ਕਦੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਦੇਸ਼ ਵਿਚ ਕਈ ਇਤਿਹਾਸਕ ਗੁਰਦੁਆਰੇ ਝਗੜੇ ਵਿਚ ਹਨ, ਕੋਈ ਸੁਣਵਾਈ ਨਹੀਂ। ਸਰਕਾਰ ਬੋਰਡ ਬਣਾਕੇ ਆਪਣੇ ਕਬਜ਼ੇ ਕਰ ਰਹੀ ਹੈ। ਕਦੇ ਦੇਸ਼ ਭਰ ਵਿਚ ਸਿੱਖਾਂ ਦੇ ਕਿਰਪਾਨ ਪਹਿਨਣ ਦੀ ਆਜ਼ਾਦੀ ਦੇ ਬਾਵਜੂਦ ਏਅਰ ਲਾਈਨ ਕਰਮਚਾਰੀਆਂ, ਹਵਾਈ ਅੱਡੇ 'ਤੇ ਕੰਮ ਕਰਦੇ ਸਿੱਖਾਂ ਲਈ ਕਿਰਪਾਨ ਪਹਿਨਣ 'ਤੇ ਪਾਬੰਦੀ ਦੇ ਹੁਕਮ ਜਾਰੀ ਹੁੰਦੇ ਹਨ।ਭਾਰਤ ਦੇ ਹਵਾਈ ਅੱਡਿਆਂ ’ਤੇ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਣਾ ਜਿੱਥੇ ਅਸਿੱਧੇ ਤੌਰ ’ਤੇ ਸਿੱਖਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਕਰਨ ਦੇ ਤੁਲ ਹੈ, ਉੱਥੇ ਸਿੱਖਾਂ ਦੀ ਧਾਰਮਿਕ ਤੇ ਸੰਵਿਧਾਨਕ ਆਜ਼ਾਦੀ ’ਤੇ ਸਿੱਧਾ ਤੇ ਅਸਹਿਣਯੋਗ ਹਮਲਾ ਹੈ।
ਨਵੰਬਰ 2024 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਫੌਰੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਇਸ ਪਾਬੰਦੀ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਜਲਦ ਹੀ ਭਾਰਤ ਸਰਕਾਰ ਦੇ ਨਾਲ ਇਸ ਸਬੰਧੀ ਗੱਲਬਾਤ ਕਰਕੇ ਹਵਾਈ ਅੱਡਿਆਂ ’ਤੇ ਨੌਕਰੀ ਕਰਦੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਦਿਵਾਉਣ ਸਬੰਧੀ ਇਕ ਉੱਚ ਪੱਧਰੀ ਵਫਦ ਬਣਾ ਕੇ ਭੇਜਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਨੂੰ ਪੱਤਰ ਭੇਜਿਆ ਸੀ, ਪਰ ਹੁਣ ਤਕ ਕੇਂਦਰ ਸਰਕਾਰ ਵਲੋਂ ਕੋਈ ਜਵਾਬ ਨਹੀਂ ਆਇਆ ।
ਇਥੋਂ ਤੱਕ ਸਿੱਖ ਬਚਿਆਂ ਦੇ ਇਮਤਿਹਾਨਾਂ ਵਿਚ ਕੜੇ ਤੇ ਕਕਾਰ ਲੁਹਾਏ ਜਾਂਦੇ ਹਨ। ਭਾਖੜਾ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਨੂੰ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣੇ ਜਿਹੇ ਸ਼ੋਸ਼ਲ ਮੀਡੀਆ ਊਪਰ ਵੀਡੀਓ ਵਿਚ ਦਿਖਾਇਆ ਗਿਆ ਕਿ ਕਿਸਾਨ ਅੰਦੋਲਨ ਨੂੰ ਕੁਚਲਣ ਵਾਲੀਆਂ ਫੋਰਸਾਂ ਨੇ ਗੁਰਦੁਆਰਿਆਂ ਦੇ ਕਮਰਿਆਂ ਉਪਰ ਜਬਰੀ ਕਬਜ਼ੇ ਕੀਤੇ ਹੋਏ ਹਨ।ਉਨ੍ਹਾਂ ਕਮਰਿਆਂ ਵਿਚੋਂ ਸ਼ਰਾਬ ਦੀਆਂ ਬੋਤਲਾਂ ਤੇ ਤਮਾਕੂ ਵੀ ਬਰਾਮਦ ਹੋਏ ਹਨ।ਸਿੱਖਾਂ ਨੇ ਇਸ ਘਟਨਾ ਬਾਰੇ ਰੋਸ ਵੀ ਪ੍ਰਗਟਾਇਆ ਹੈ।
ਜੇਕਰ ਡੇਰਾ ਸੌਦਾ ਸਾਧ ਨੂੰ ਘੜੀ ਮੁੜੀ ਪੈਰੋਲ ਛੁੱਟੀ ਮਿਲ ਸਕਦੀ ਹੈ ਤਾਂ ਫਿਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕਿਉਂ ਨਹੀਂ ਜੋ ਕਿ ਉਹ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਜੇਲ ਕੱਟ ਰਹੇ ਹਨ । ਹੋਰ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ।
ਕਦੇ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਤੇ ਧਨਾਢ ਸਿੱਖ ਦਰਸ਼ਨ ਸਿੰਘ ਰੱਖੜਾ ਨੂੰ ਹਵਾਈ ਅੱਡੇ 'ਤੇ ਰੋਕਿਆ ਜਾਂਦਾ ਹੈ। ਪਰ ਬਾਅਦ ਵਿਚ ਸ਼ਾਇਦ ਇਸੇ ਦਬਾਅ ਅਧੀਨ ਹੀ ਉਹੀ ਰੱਖੜਾ ਸਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਅਤਿਅੰਤ ਨਜ਼ਦੀਕੀ ਹੋ ਜਾਂਦੇ ਹਨ।
ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੀ ਦੇਸ਼ ਦੇ ਇਕ ਸਰਹੱਦੀ ਸੂਬੇ ਅਤੇ ਇਕ ਦੇਸ਼ ਭਗਤ ਘੱਟ-ਗਿਣਤੀ ਦੇ ਜਜ਼ਬਾਤਾਂ ਨਾਲ ਕੋਈ ਸਾਜ਼ਿਸ਼ੀ ਖੇਡ ਨਾ ਖੇਡੇ, ਇਸ ਦੇ ਸਿੱਟੇ ਚੰਗੇ ਨਹੀਂ ਨਿਕਲਣਗੇ।