ਨਵੀਂ ਦਿੱਲੀ/ਏ.ਟੀ.ਨਿਊਜ਼: ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਲੋਕ ਸਭਾ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਸਾਲ 72 ਇਮਾਰਤਾਂ ਤੋਂ 5.97 ਕਰੋੜ ਰੁਪਏ ਦੀ ਕੀਮਤ ਦੇ ਪ੍ਰੈਗਾਬਾਲਿਨ ਵਾਲੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ ।ਪ੍ਰੈਗਾਬਾਲਿਨ ਇੱਕ ਵਿਆਪਕ ਤੌਰ ’ਤੇ ਦੁਰਵਰਤੋਂ ਕੀਤੀ ਜਾਣ ਵਾਲੀ ਨਿਊਰੋਲੋਜੀਕਲ ਦਵਾਈ ਹੈ ।ਇਹ ਦਵਾਈ ਮਿਰਗੀ ਦੇ ਇਲਾਜ ਲਈ ਵਰਤੀ ਜਾਂਦੀ ਹੈ ਪਰ ਕੁਝ ਲੋਕ ਇਸ ਨੂੰ ਮਨੋਰੰਜਨ ਦੇ ਉਦੇਸ਼ਾਂ ਲਈ ਵਰਤਦੇ ਹਨ।ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ 12 ਫਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਜਦਕਿ 46 ਫਰਮਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ ਅਤੇ 11 ਸ਼ਿਕਾਇਤਾਂ ਅਦਾਲਤਾਂ ’ਚ ਦਾਇਰ ਕੀਤੀਆਂ ਗਈਆਂ ਹਨ ।
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ 28 ਫਰਵਰੀ ਨੂੰ ਇੱਕ ਪੱਤਰ ਲਿਖ ਕੇ ਸੂਬੇ ਦੇ ਦਵਾਈ ਨਿਰਮਾਤਾਵਾਂ, ਕਲੀਅਰਿੰਗ ਅਤੇ ਫਾਰਵਰਡਿੰਗ ਏਜੰਟਾਂ, ਥੋਕ ਕੈਮਿਸਟਾਂ ਅਤੇ ਪ੍ਰਚੂਨ ਵਿਕਰੀ ਕੈਮਿਸਟਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਉਹ ਪ੍ਰੈਗਾਬਾਲਿਨ ਅਤੇ ਹੋਰ ਛੇ ਕਿਸਮਾਂ ਦੀਆਂ ਦਵਾਈਆਂ ਦੀ ਵਿਕਰੀ ਅਤੇ ਖਰੀਦ ਬਾਰੇ ਜਾਣਕਾਰੀ, ਰਿਪੋਰਟ ਇੱਕ ਚਲਾਨ ਵਿੱਚ ਸੰਬੰਧਿਤ ਖੇਤਰ ਦੇ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਸੌਂਪਣ।