ਕੇਂਦਰ ਸਰਕਾਰ ਦੇ ਅੜੀਅਲ ਰੁਖ ਕਾਰਨ ਲਦਾਖੀ ਲੀਡਰਸ਼ਿਪ ਨਹੀਂ ਕਰੇਗੀ ਗੱਲਬਾਤ

In ਮੁੱਖ ਖ਼ਬਰਾਂ
October 06, 2025

ਕੇਂਦਰ ਸਰਕਾਰ ਦੇ ਅੜੀਅਲ ਰੁਖ ਕਾਰਨ ਗੰਭੀਰ ਸੰਕਟ ਵਿੱਚ ਫ਼ਸਿਆ ਲੱਦਾਖ, ਭਾਰਤ ਦਾ ਉਹ ਸਰਹੱਦੀ ਖੇਤਰ ਜੋ ਹਿਮਾਲਿਆ ਦੀਆਂ ਚੋਟੀਆਂ ਵਿੱਚ ਵਸਿਆ ਹੈ ,ਜਿਸਦੀ ਚੀਨ ਤੇ ਪਾਕਿਸਤਾਨ ਨਾਲ ਸਰਹੱਦ ਲਗਦੀ ਹੈ। ਅਗਸਤ 2019 ਵਿੱਚ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਖਤਮ ਕਰਕੇ ਲੱਦਾਖ ਨੂੰ ਇੱਕ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ। ਉਸ ਵੇਲੇ ਲੱਦਾਖੀ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ, ਕਿਉਂਕਿ ਉਹਨਾਂ ਨੂੰ ਲੱਗਾ ਸੀ ਕਿ ਉਹਨਾਂ ਨੂੰ ਕਸ਼ਮੀਰੀ ਪ੍ਰਭਾਵ ਤੋਂ ਆਜ਼ਾਦੀ ਤੇ ਖੁਦਮੁਖਤਿਆਰੀ ਮਿਲੇਗੀ ਅਤੇ ਵਿਕਾਸ ਦਾ ਨਵਾਂ ਯੁੱਗ ਆਵੇਗਾ। ਪਰ ਕੇਂਦਰ ਸਰਕਾਰ ਵੱਲੋਂ ਲਦਾਖੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਛੇ ਸਾਲਾਂ ਬਾਅਦ, ਇਹ ਖੁਸ਼ੀ ਨਿਰਾਸ਼ਾ ਵਿੱਚ ਬਦਲ ਗਈ ਹੈ। ਲਦਾਖੀਆਂ ਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਨੌਕਰੀਆਂ, ਜ਼ਮੀਨੀ ਹੱਕਾਂ ਅਤੇ ਵਾਤਾਵਰਨਕ ਸੁਰੱਖਿਆ ਨੂੰ ਲੈ ਕੇ ਰੋਸ ਵਧ ਰਿਹਾ ਹੈ। ਇਸ ਨਾਲ ਹੀ, 24 ਸਤੰਬਰ 2025 ਨੂੰ ਲੇਹ ਵਿੱਚ ਹੋਈ ਹਿੰਸਕ ਘਟਨਾਵਾਂ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਸੀ, ਜਿਸ ਵਿੱਚ ਚਾਰ ਲੋਕ ਮਾਰੇ ਗਏ ਅਤੇ ਅੱਠ ਤੋਂ ਵੱਧ ਘਾਇਲ ਹੋਏ ਸਨ।
ਇਸ ਮੁਹਿੰਮ ਦੇ ਪ੍ਰਮੁੱਖ ਨੇਤਾ ਵਿਗਿਆਨੀ ਸੋਨਮ ਵਾਂਗਚੁਗ ਨੂੰ ਹਿੰਸਾ ਭੜਕਾਉਣ ਦੇ ਦੋਸ਼ ਵਿੱਚ 26 ਸਤੰਬਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਅਧੀਨ ਗਿ੍ਰਫ਼ਤਾਰ ਕਰ ਗਿਆ ਗਿਆ ਸੀ ਜੋ ਸ਼ਾਂਤਮਈ ਸੰਘਰਸ਼ ਚਲਾ ਰਹੇ ਸਨ। ਕੇਂਦਰ ਸਰਕਾਰ ਨੇ ਉਹਨਾਂ ਨੂੰ ‘ਭੜਕਾਊ ਭਾਸ਼ਣਾਂ’ ਅਤੇ ‘ਵਿਦੇਸ਼ੀ ਸੰਪਰਕਾਂ’ ਨਾਲ ਜੋੜਿਆ ਸੀ। ਉਹਨਾਂ ਦੀ ਪਤਨੀ ਗੀਤਾਂਜਲੀ ਐੱਨਜ਼ਮੋ ਨੇ ਸੁਪਰੀਮ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ।
ਕੇਂਦਰ ਸਰਕਾਰ ਦੇ ਅੜੀਅਲ ਰਵਈਏ ਕਾਰਨ ਲੱਦਾਖੀ ਲੀਡਰਾਂ ਨੇ ਹੁਣ ਕੇਂਦਰ ਨਾਲ ਗੱਲਬਾਤ ਤੋਂ ਇਨਕਾਰ ਕਰ ਦਿੱਤਾ ।
ਇਥੇ ਜਿਕਰਯੋਗ ਹੈ ਕਿ ਲੱਦਾਖ ਦੀ ਰਾਜਨੀਤਕ ਲੜਾਈ ਦਹਾਕਿਆਂ ਪੁਰਾਣੀ ਹੈ। 1947 ਵਿੱਚ ਭਾਰਤ ਵੰਡ ਵੇਲੇ ਲੱਦਾਖ ਨੂੰ ਜੰਮੂ-ਕਸ਼ਮੀਰ ਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਇੱਥੇ ਕਸ਼ਮੀਰੀ ਲੀਡਰਸ਼ਿਪ ਨਾਲ ਲਦਾਖੀਆਂ ਨਾਲ ਸਿਆਸੀ ਟਕਰਾਅ ਰਿਹਾ ਹੈ। ਬੌਧ ਬਹੁਲ ਲੇਹ ਅਤੇ ਮੁਸਲਿਮ ਬਹੁਲ ਕਾਰਗਿਲ ਵਿੱਚ ਵੰਡ ਪੈ ਗਈ ਸੀ। 1950ਵਿਆਂ ਵਿੱਚ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਮੰਗ ਉੱਠੀ ਸੀ, ਜੋ 1989-90 ਵਿੱਚ ਲੱਦਾਖ ਬੁੱਧਿਸਟ ਐਸੋਸੀਏਸ਼ਨ (ਐੱਲਬੀਏ) ਵੱਲੋਂ ਵੱਡੇ ਵਿਰੋਧਾਂ ਨਾਲ ਚਰਮ ’ਤੇ ਪਹੁੰਚੀ ਸੀ। ਇਹ ਵਿਰੋਧ ਤਾਂ ਸ਼ਾਂਤ ਹੋ ਗਏ ਸਨ, ਪਰ ਮੰਗ ਕਦੇ ਖਤਮ ਨਹੀਂ ਹੋਈ ਸੀ। ਆਰ.ਐੱਸ.ਐੱਸ. ਅਤੇ ਭਾਜਪਾ ਨੇ 1990ਵਿਆਂ ਦੌਰਾਨ ਇਸ ਵੰਡ ਤੋਂ ਫ਼ਾਇਦਾ ਉਠਾਉਣ ਲਈ ‘ਸਿੰਧੂ ਦਰਸ਼ਨ’ ਵਰਗੇ ਪ੍ਰੋਗਰਾਮਾਂ ਰਾਹੀਂ ਬੌਧ ਖੇਤਰ ਵਿੱਚ ਪਹੁੰਚ ਬਣਾਈ। ਇਸ ਨਾਲ ਲੇਹ ਵਿੱਚ ਭਾਜਪਾ ਦਾ ਪ੍ਰਭਾਵ ਵਧਿਆ ਅਤੇ 2019 ਵਿੱਚ ਧਾਰਾ 370 ਖਤਮ ਹੋਣ ’ਤੇ ਲੱਦਾਖੀਆਂ ਨੇ ਜਸ਼ਨ ਮਨਾਇਆ।
ਲੱਦਾਖ ਸੰਕਟ ਭਾਰਤ ਲਈ ਇੱਕ ਵੱਡੀ ਚੁਣੌਤੀ ਹੈ। ਇਹ ਨਾ ਸਿਰਫ਼ ਸਥਾਨਕ ਬੇਚੈਨੀ ਹੈ, ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੈ, ਕਿਉਂਕਿ ਚੀਨ ਅਤੇ ਪਾਕਿਸਤਾਨ ਨਾਲ ਸਰਹੱਦੀ ਖੇਤਰ ਵਿੱਚ ਇਹ ਬੇਚੈਨੀ ਖਤਰਨਾਕ ਸਾਬਤ ਹੋ ਸਕਦੀ ਹੈ। ਹੱਕਾਂ ਦੀ ਲੜਾਈ ਨੂੰ ਨੈਸ਼ਨਲ ਸੁਰੱਖਿਆ ਨਾਲ ਜੋੜਨ ਵਾਲੀ ਕੇਂਦਰੀ ਨੀਤੀ ਨੇ ਲਦਾਖ ਦੀ ਸਥਿਤੀ ਨੂੰ ਵਿਗਾੜਿਆ ਹੈ। ਵਾਂਗਚੁਕ ਨੇ ਜੇਲ੍ਹ ਤੋਂ ਕਿਹਾ ਕਿ ‘ਅਹਿੰਸਕ ਲੜਾਈ ਜਾਰੀ ਰੱਖੋ।’ ਕੇਂਦਰ ਨੂੰ ਇਹ ਆਵਾਜ਼ ਸੁਣਨੀ ਚਾਹੀਦੀ ਹੈ, ਨਾ ਕਿ ਦਬਾਉਣੀ ਚਾਹੀਦੀ ਹੈ।

Loading