ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਜੋ ਕਦੇ ਦਿੱਲੀ ਦੇ ਮੁੱਖ ਮੰਤਰੀ ਵਜੋਂ ‘ਆਮ ਆਦਮੀ’ ਦੀ ਆਵਾਜ਼ ਬਣ ਕੇ ਉਭਰੇ ਸਨ, ਅੱਜ ਪੰਜਾਬ ਦੀ ਸਿਆਸੀ ਸਮੀਕਰਨ ਵਿੱਚ ਇੱਕ ਅਜਿਹਾ ਸੁਪਰ ਕਿਰਦਾਰ ਬਣ ਰਹੇ ਹਨ, ਜਿਸ ਨੂੰ ਵਿਰੋਧੀ ਪਾਰਟੀਆਂ ‘ਅਸਲ ਮੁੱਖ ਮੰਤਰੀ’ ਦਾ ਨਾਂ ਦੇ ਰਹੀਆਂ ਹਨ। ਦੂਜੇ ਪਾਸੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਅਤੇ ਉਨ੍ਹਾਂ ਦੀ ਸੀਮਤ ਸਰਗਰਮੀ ਨੇ ਇਸ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਗੁਆਉਣ ਤੋਂ ਬਾਅਦ ਕੇਜਰੀਵਾਲ ਦਾ ਧਿਆਨ ਪੰਜਾਬ ਵੱਲ ਮੁੜਿਆ ਹੈ, ਜਿੱਥੇ ‘ਆਪ’ ਸੱਤਾ ਵਿੱਚ ਹੈ।
ਮਾਰਚ 2025 ਵਿੱਚ ਹੁਸ਼ਿਆਰਪੁਰ ਤੋਂ ਕੇਜਰੀਵਾਲ ਨੇ ਪੰਜਾਬ ਵਿੱਚ ਲਗਭਗ ਹਰ ਹਫ਼ਤੇ ਨਵੀਂ ਮੁਹਿੰਮ, ਕੇਂਦਰਾਂ ਦੇ ਉਦਘਾਟਨ ਅਤੇ ਨੀਂਹ-ਪੱਥਰ ਰੱਖਣ ਦੀਆਂ ਸਰਗਰਮੀਆਂ ਵਿੱਚ ਹਿੱਸਾ ਲਿਆ ਸੀ। ਜਿੱਥੇ ਦਿੱਲੀ ਵਿੱਚ ਉਹ ਸਿਰਫ਼ ਤਿੰਨ ਵਾਰ ਜਨਤਕ ਤੌਰ ’ਤੇ ਨਜ਼ਰ ਆਏ, ਉੱਥੇ ਪੰਜਾਬ ਵਿੱਚ ਉਹ ਇੱਕ ਦਰਜਨ ਤੋਂ ਵੱਧ ਸਰਗਰਮੀਆਂ ਵਿੱਚ ਮੌਜੂਦ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਲੀਕਾਪਟਰ ਵਿੱਚ ਸਫ਼ਰ, ਸਰਕਾਰੀ ਅਧਿਕਾਰੀਆਂ ਨਾਲ ਬੈਠਕਾਂ ਅਤੇ ‘ਆਪ’ ਵਿਧਾਇਕਾਂ ਦੇ ਘਰਾਂ ਵਿੱਚ ਰਹਿਣ ਦੀਆਂ ਖ਼ਬਰਾਂ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਕੇਜਰੀਵਾਲ ਦੀ ਇਹ ਵਧਦੀ ਮੌਜੂਦਗੀ ਸਿਰਫ਼ ਜਨਤਕ ਸਮਾਗਮਾਂ ਤੱਕ ਸੀਮਤ ਨਹੀਂ। ਸਰਕਾਰੀ ਸੂਤਰਾਂ ਅਨੁਸਾਰ, ਪੰਜਾਬ ਦੇ ਪ੍ਰਸ਼ਾਸਨ ’ਤੇ ਉਨ੍ਹਾਂ ਦਾ ਕੰਟਰੋਲ ਸਪਸ਼ਟ ਤੌਰ ’ਤੇ ਵਧ ਰਿਹਾ ਹੈ। ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਵਰਗੇ ਸੀਨੀਅਰ ਅਧਿਕਾਰੀਆਂ ਦੀਆਂ ਨਿਯੁਕਤੀਆਂ ਵਿੱਚ ਕੇਜਰੀਵਾਲ ਦੀ ਸਿੱਧੀ ਦਖ਼ਲਅੰਦਾਜ਼ੀ ਦੀਆਂ ਚਰਚਾਵਾਂ ਹਨ। ਸਿਹਤ ਅਤੇ ਸਿੱਖਿਆ ਵਰਗੇ ਵਿਭਾਗਾਂ ਵਿੱਚ ਮਨੀਸ਼ ਸਿਸੋਦੀਆ, ਸਤਯੇਂਦਰ ਜੈਨ ਅਤੇ ਅਨੁਰਾਗ ਕੁੰਡੂ ਵਰਗੇ ਦਿੱਲੀ ਦੇ ਆਗੂਆਂ ਦੀ ਸਰਗਰਮੀ ਨੇ ਪੰਜਾਬ ਦੇ ਸਥਾਨਕ ‘ਆਪ’ ਵਰਕਰਾਂ ਵਿੱਚ ਨਾਰਾਜ਼ਗੀ ਪੈਦਾ ਕੀਤੀ ਹੈ। ਪੰਜਾਬ ਵਿਕਾਸ ਕਮਿਸ਼ਨ ਵਰਗੀਆਂ ਸੰਸਥਾਵਾਂ ਵਿੱਚ ਵੀ ਦਿੱਲੀ ਦੀ ਟੀਮ ਦਾ ਦਬਦਬਾ ਸਪਸ਼ਟ ਹੈ। ਇਸ ਦੇ ਮੈਂਬਰਾਂ ਵਿੱਚ ਪੰਜਾਬ ਦਾ ਕੋਈ ਵੀ ‘ਆਪ’ ਮੈਂਬਰ ਸ਼ਾਮਲ ਨਹੀਂ, ਜੋ ਸਥਾਨਕ ਸਿਆਸੀਆਂ ਦੀ ਅਣਦੇਖੀ ਨੂੰ ਦਰਸਾਉਂਦਾ ਹੈ। ਨਾ ਸਿਰਫ਼ ਅਧਿਕਾਰੀ, ਸਗੋਂ ਵੱਖ-ਵੱਖ ਬੋਰਡਾਂ ਅਤੇ ਨਿਗਮਾਂ ਵਿੱਚ ਦਿੱਲੀ ਦੀ ‘ਆਪ’ ਟੀਮ ਦੇ ਮੈਂਬਰਾਂ ਦੀਆਂ ਨਿਯੁਕਤੀਆਂ ਨੇ ਵੀ ਵਿਰੋਧੀਆਂ ਨੂੰ ਹਥਿਆਰ ਦੇ ਦਿੱਤੇ ਹਨ।
ਭਗਵੰਤ ਮਾਨ ਚੁੱਪ ਕਿਉਂ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜੋ ਕਦੇ ਆਪਣੀ ਬੇਬਾਕੀ ਅਤੇ ਜਨਤਕ ਸੰਪਰਕ ਨਾਲ ਜਾਣੇ ਜਾਂਦੇ ਸਨ, ਅੱਜ ਇੱਕ ਅਜਿਹੇ ਸਿਆਸੀ ਕਿਰਦਾਰ ਵਿੱਚ ਬਦਲਦੇ ਜਾ ਰਹੇ ਹਨ, ਜਿਨ੍ਹਾਂ ਦੀ ਮੌਜੂਦਗੀ ਸਿਰਫ਼ ਕੇਜਰੀਵਾਲ ਦੇ ਨਾਲ-ਨਾਲ ਸਮਾਗਮਾਂ ਵਿੱਚ ਹੀ ਨਜ਼ਰ ਆਉਂਦੀ ਹੈ। ਅਜਿਹੇ ਮੌਕਿਆਂ ’ਤੇ ਮੁੱਖ ਸਕੱਤਰ ਵਰਗੇ ਸੀਨੀਅਰ ਅਧਿਕਾਰੀਆਂ ਦਾ ਕੇਜਰੀਵਾਲ ਨੂੰ ਸਿੱਧੇ ਰਿਪੋਰਟ ਕਰਨਾ ਅਤੇ ਉਨ੍ਹਾਂ ਤੋਂ ਨਿਰਦੇਸ਼ ਲੈਣਾ, ਮਾਨ ਦੀ ਸੱਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਵਿਰੋਧੀ ਪਾਰਟੀਆਂ, ਖ਼ਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ, ਨੇ ਇਸ ਸਥਿਤੀ ’ਤੇ ਤਿੱਖੀ ਆਲੋਚਨਾ ਕੀਤੀ ਹੈ।
ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਐਕਸ ’ਤੇ ਲਿਖਿਆ ਕਿ “ਮੰਤਰੀਆਂ, ਅਧਿਕਾਰੀਆਂ ਅਤੇ ਸਾਰੀ ਮਸ਼ੀਨਰੀ ਲਈ ਕੇਜਰੀਵਾਲ ਨੂੰ ਵਾਸਤਵਿਕ ਮੁੱਖ ਮੰਤਰੀ ਮੰਨਣਾ ਆਮ ਗੱਲ ਹੋ ਗਈ ਹੈ।”
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਕੇਜਰੀਵਾਲ ਦੀਆਂ ਨਿਯੁਕਤੀਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਪੰਜਾਬ ’ਤੇ ਦਿੱਲੀ ਦੀ ਸੱਤਾ ਦਾ ਸਪਸ਼ਟ ਸੰਕੇਤ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੰਜਾਬ ਦੇ ‘ਆਪ’ ਵਰਕਰਾਂ ਨੂੰ ਹਾਸ਼ੀਏ ’ਤੇ ਧੱਕਣ ਅਤੇ ਬਾਹਰੀਆਂ ਨੂੰ ਅਹਿਮ ਅਹੁਦਿਆਂ ’ਤੇ ਬਿਠਾਉਣ ਦੀ ਆਲੋਚਨਾ ਕੀਤੀ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਉਦਯੋਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ ਹਨ।
ਹਾਲਾਂਕਿ, ‘ਆਪ’ ਦੇ ਸਮਰਥਕ ਇਸ ਨੂੰ ਇੱਕ ਸੁਧਾਰਕ ਪਹੁੰਚ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਮੌਜੂਦਗੀ ਅਤੇ ਦਿੱਲੀ ਮਾਡਲ ਦੀਆਂ ਨੀਤੀਆਂ ਪੰਜਾਬ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਹਨ।
ਪੰਜਾਬ ਦਾ ਪੈਸਾ: ਹੈਲੀਕਾਪਟਰ ਯਾਤਰਾਵਾਂ ਜਾਂ ਸੁਧਾਰਾਂ ’ਤੇ?
ਕੇਜਰੀਵਾਲ ਦੀਆਂ ਪੰਜਾਬ ਦੀਆਂ ਵਾਰ-ਵਾਰ ਯਾਤਰਾਵਾਂ ਅਤੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨੇ ਵੀ ਵਿਵਾਦ ਨੂੰ ਜਨਮ ਦਿੱਤਾ ਹੈ। ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਖ਼ਜ਼ਾਨੇ ਦਾ ਪੈਸਾ ਕੇਜਰੀਵਾਲ ਦੀਆਂ ਇਨ੍ਹਾਂ ਯਾਤਰਾਵਾਂ ’ਤੇ ਬੇਕਾਰ ਖ਼ਰਚ ਹੋ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਐਕਸ ’ਤੇ ਲਿਖਿਆ ਕਿ “ਦਿੱਲੀ ਦਾ ‘ਆਪ’ ਲੀਡਰਸ਼ਿਪ ਪੰਜਾਬ ਦੇ ਉਦਯੋਗ ਨੂੰ ਲੁੱਟਣਾ ਅਤੇ ਆਪਣੀਆਂ ਤਿਜੋਰੀਆਂ ਭਰਨਾ ਚਾਹੁੰਦਾ ਹੈ।”
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਦੀ ਵਧਦੀ ਮੌਜੂਦਗੀ ਅਤੇ ਦਿੱਲੀ ਦੀ ਟੀਮ ਦੀ ਪੰਜਾਬ ਵਿੱਚ ਐਂਟਰੀ ਨੇ ਜਿੱਥੇ ‘ਆਪ’ ਦੀ ਸਿਆਸੀ ਰਣਨੀਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸਥਾਨਕ ਵਰਕਰਾਂ ਅਤੇ ਆਮ ਪੰਜਾਬੀਆਂ ਵਿੱਚ ਨਾਰਾਜ਼ਗੀ ਵੀ ਪੈਦਾ ਕੀਤੀ ਹੈ। ਭਗਵੰਤ ਮਾਨ ਦੀ ਚੁੱਪੀ ਅਤੇ ਸੀਮਤ ਭੂਮਿਕਾ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਪੰਜਾਬ ਦੀ ਸੱਤਾ ਕੇਜਰੀਵਾਲ ਚਲਾ ਰਿਹਾ ਹੈ ਜਾਂ ਭਗਵੰਤ ਮਾਨ? ਕੀ ਪੰਜਾਬ ਦੀ ਸੱਤਾ ਸੱਚਮੁੱਚ ਪੰਜਾਬੀਆਂ ਦੇ ਹੱਥਾਂ ਵਿੱਚ ਹੈ, ਜਾਂ ਇਹ ਦਿੱਲੀ ਦੇ ‘ਆਪ’ ਸੁਪਰੀਮੋ ਦੇ ਹੈਲੀਕਾਪਟਰ ਵਿੱਚ ਉਡਾਰੀਆਂ ਮਾਰ ਰਹੀ ਹੈ?