ਨਵੀਂ ਦਿੱਲੀ:
ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ 6, ਫਲੈਗਸਟਾਫ ਰੋਡ ਬੰਗਲੇ ਦੇ ਨਵੀਨੀਕਰਨ ਦੀ ਜਾਂਚ ਦੇ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਨੂੰ ਹੁਕਮ ਦਿੱਤੇ ਹਨ। ਭਾਜਪਾ ਨੇ ਇਸ ਨੂੰ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਹੈ ਅਤੇ ਉਸ ਨੇ ਚੋਣਾਂ ’ਚ ਇਸ ’ਤੇ ਖ਼ਰਚੇ ਪੈਸਿਆਂ ਨੂੰ ਲੈ ਕੇ ਮੁੱਦਾ ਵੀ ਬਣਾਇਆ ਸੀ। ਭਾਜਪਾ ਆਗੂ ਅਤੇ ਰੋਹਿਣੀ ਤੋਂ ਵਿਧਾਇਕ ਵਿਜੇਂਦਰ ਗੁਪਤਾ ਨੇ ਕਿਹਾ ਕਿ ‘ਸ਼ੀਸ਼ ਮਹਿਲ’ ਨੂੰ ਲੈ ਕੇ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦਾ ਭ੍ਰਿਸ਼ਟਾਚਾਰ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਗੁਪਤਾ ਨੇ ਕਿਹਾ ਕਿ ਸੀਵੀਸੀ ਨੇ ਉਨ੍ਹਾਂ ਦੀਆਂ ਦੋ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਬੰਗਲੇ ਦੇ ਵਿਸਥਾਰ ਲਈ ਜਾਇਦਾਦਾਂ ਦੇ ਕਥਿਤ ਰਲੇਵੇਂ ਅਤੇ ਇਸ ਦੇ ਅੰਦਰੂਨੀ ਹਿੱਸੇ ’ਤੇ ਹੋਏ ਖ਼ਰਚਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਜਪਾ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਦਾ ਮੁੱਖ ਮੰਤਰੀ ਇਸ ਬੰਗਲੇ ’ਚ ਨਹੀਂ ਰਹੇਗਾ। ਕੇਜਰੀਵਾਲ ਨੇ ਅਕਤੂਬਰ 2024 ’ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਬੰਗਲਾ ਖਾਲੀ ਕਰ ਦਿੱਤਾ ਸੀ।
ਗੁਪਤਾ ਨੇ ਸੀਵੀਸੀ ਨੂੰ ਕੀਤੀ ਸ਼ਿਕਾਇਤ ’ਚ ਲਿਖਿਆ ਸੀ ਕਿ ‘ਸ਼ੀਸ਼ ਮਹਿਲ’ ਦਾ ਖੇਤਰਫਲ ਅਸਲ ਵਿੱਚ 10,000 ਗਜ਼ ਤੋਂ ਘੱਟ ਸੀ ਪਰ ਨਾਲ ਲਗਦੀ ਸੰਪਤੀ ’ਤੇ ਕਬਜ਼ਾ ਕਰਕੇ ਇਸ ਦਾ ਏਰੀਆ ਵਧਾ ਲਿਆ ਗਿਆ ਸੀ। ਸੀਵੀਸੀ ਨੂੰ ਦਿੱਤੀ ਸ਼ਿਕਾਇਤ ਵਿੱਚ ਰੋਹਿਣੀ ਤੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ 40,000 ਵਰਗ ਗਜ਼ (8 ਏਕੜ) ਜ਼ਮੀਨ ਨੂੰ ਕਵਰ ਕਰਕੇ ਇਕ ਆਲੀਸ਼ਾਨ ਮਹਿਲ ਬਣਾਉਣ ਲਈ ਬਿਲਡਿੰਗ ਨਿਯਮਾਂ ਦੀ ਉਲੰਘਣਾ ਕੀਤੀ ਹੈ। ਰਾਜਪੁਰ ਰੋਡ ’ਤੇ ਪਲਾਟ ਨੰਬਰ 45 ਅਤੇ 47 (ਪਹਿਲਾਂ ਟਾਈਪ-ਵੀ ਫਲੈਟਾਂ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਜੱਜਾਂ ਦੀ ਰਿਹਾਇਸ਼) ਅਤੇ ਦੋ ਬੰਗਲੇ (8-ਏ ਅਤੇ 8-ਬੀ, ਫਲੈਗ ਸਟਾਫ ਰੋਡ) ਸਮੇਤ ਸਰਕਾਰੀ ਜਾਇਦਾਦਾਂ ਨੂੰ ਢਾਹ ਕੇ ਨਵੀਂ ਰਿਹਾਇਸ਼ ਵਿੱਚ ਮਿਲਾ ਦਿੱਤਾ ਗਿਆ। ਇਕ ਹੋਰ ਸ਼ਿਕਾਇਤ ਵਿੱਚ ਗੁਪਤਾ ਨੇ 6, ਫਲੈਗ ਸਟਾਫ ਰੋਡ ’ਤੇ ਬੰਗਲੇ ਦੀ ਮੁਰੰਮਤ ਅਤੇ ਅੰਦਰੂਨੀ ਸਜਾਵਟ ’ਤੇ ‘ਵਧੇਰੇ ਖ਼ਰਚ’ ਦਾ ਦੋਸ਼ ਲਗਾਇਆ ਹੈ। ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਲਿਖੀਆਂ ਚਿੱਠੀਆਂ ਦੇ ਆਧਾਰ ’ਤੇ ਸੀਵੀਸੀ ਨੇ ਲੋਕ ਨਿਰਮਾਣ ਵਿਭਾਗ ਨੂੰ ਤੱਥਾਂ ਸਮੇਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਰਾਜੌਰੀ ਗਾਰਡਨ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ‘ਸ਼ੀਸ਼ ਮਹਿਲ’ ਦੀ ਜਾਂਚ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹਨ ਕਿ ਬੰਗਲੇ ਦਾ ਰਕਬਾ 8 ਏਕੜ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਰਹਿਣ ਲਈ 8 ਏਕੜ ਦੇ ਘਰ ਦੀ ਕਿਉਂ ਲੋੜ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬੰਗਲੇ ਅੰਦਰ ਲਗਾਈਆਂ ਗਈਆਂ ਆਲੀਸ਼ਾਨ ਵਸਤਾਂ ਦੀ ਵੀ ਜਾਂਚ ਕਰੇ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਪ’ ਲੀਡਰਸ਼ਿਪ ਨੂੰ ਚੁਣਾਵੀ ਫੰਡਾਂ ਲਈ ਭ੍ਰਿਸ਼ਟਾਚਾਰ ਕਰਨ, ਪਾਰਟੀ ਦੀ ਅੰਦਰੂਨੀ ਜਮਹੂਰੀਅਤ ਦਾ ਖਾਤਮਾ ਕਰਨ, ਚਾਪਲੂਸੀ ਤੇ ਨਿੱਜੀ ਵਫ਼ਾਦਾਰੀ ਨੂੰ ਹੱਲਾਸ਼ੇਰੀ ਦੇਣ ਅਤੇ ਭਾਰਤ ਦੀ ਔਸਤਨ ਸਿਆਸੀ ਲੀਡਰਸ਼ਿਪ ਦੀ ਤਰ੍ਹਾਂ ਸ਼ਾਨੋ-ਸ਼ੌਕਤ ਵਾਲੀ ਜੀਵਨ ਸ਼ੈਲੀ ਅਪਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕਰ ਕੇ ਮੱਧਵਰਗ ਵਿੱਚ ‘ਆਪ’, ਖ਼ਾਸਕਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰਤੀ ਮੋਹ ਭੰਗ ਹੋਣ ਲੱਗ ਪਿਆ। ਚੋਣ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਘੱਟ ਵਿਕਸਤ ਕਾਲੋਨੀਆਂ ਅਤੇ ਝੋਂਪੜਪੱਟੀਆਂ ਵਿੱਚ ਰਹਿਣ ਵਾਲੇ ਹੇਠਲੇ ਤਬਕਿਆਂ ਵਿੱਚ ਵੀ ਪਾਰਟੀ ਦੀ ਹਮਾਇਤ ਘਟੀ ਹੈ ਹਾਲਾਂਕਿ ਇਸ ਨੇ ਉਨ੍ਹਾਂ ਨੂੰ ਕਾਫ਼ੀ ਲਾਭ ਵੀ ਪਹੁੰਚਾਏ ਹਨ। ਇਸ ਦਾ ਕਾਰਨ ਹੈ ਸਰਪ੍ਰਸਤੀ ਅਤੇ ਗ੍ਰਾਹਕਵਾਦ ਦੀ ਰਾਜਨੀਤੀ ਜਿਸ ਨੂੰ ‘ਆਪ’ ਨੇ ਹੱਲਾਸ਼ੇਰੀ ਦਿੱਤੀ ਹੈ। ਕੇਜਰੀਵਾਲ ਸਮੇਤ ‘ਆਪ’ ਦੇ ਸੀਨੀਅਰ ਆਗੂਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗਣ ਕਾਰਣ ਲੋਕਾਂ ਵਿਚ ਆਪ ਦੀ ਸ਼ਾਖ ਡਿਗ ਚੁਕੀ ਹੈ।ਹੁਣ ‘ਸ਼ੀਸ਼ ਮਹਿਲ’ ਕਾਰਣ ਉਸਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਭਾਰਤੀ ਸਿਆਸੀ ਆਗੂ ਟੈਕਸ ਦਾਤਿਆਂ ਵੱਲੋਂ ਦਿੱਤੇ ਜਾਂਦੇ ਪੈਸੇ ਨੂੰ ਕਿਵੇਂ ਬੇਦਰਦੀ ਨਾਲ ਖਰਚ ਕਰਦੇ ਹਨ।