ਕੇਰਨ ਕਾਊਂਟੀ ਦੇ ਪਹਿਲੇ ਸਿੱਖ ਜੱਜ ਬਣੇ ਨਵਰਾਜ ਸਿੰਘ ਰਾਏ

In ਮੁੱਖ ਖ਼ਬਰਾਂ
January 27, 2026

ਕੈਲੀਫ਼ੋਰਨੀਆ/ਏ.ਟੀ.ਨਿਊਜ਼: ਕੈਲੀਫ਼ੋਰਨੀਆ ਦੇ ਕੇਰਨ ਕਾਊਂਟੀ ਵਿੱਚ ਇੱਕ ਇਤਿਹਾਸਕ ਪਲ ਘਟਿਆ ਹੈ ਜਦੋਂ ਪੰਜਾਬੀ ਮੂਲ ਦੇ ਨਵਰਾਜ ਸਿੰਘ ਰਾਏ ਨੇ ਸੁਪੀਰੀਅਰ ਕੋਰਟ ਵਿੱਚ ਪ੍ਰੋ ਟੈਮ ਜੱਜ ਵਜੋਂ ਬੀਤੇ ਦਿਨੀਂ ਸਹੁੰ ਚੁੱਕੀ। ਇਸ ਨਾਲ ਉਹ ਕਾਊਂਟੀ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਅਤੇ ਪੰਜਾਬੀ ਜੱਜ ਬਣ ਗਏ। ਇਹ ਨਿਯੁਕਤੀ ਨਾ ਸਿਰਫ਼ ਸਥਾਨਕ ਸਿੱਖ ਭਾਈਚਾਰੇ ਲਈ ਮਾਣ ਵਾਲੀ ਘੜੀ ਹੈ ਬਲਕਿ ਅਮਰੀਕੀ ਨਿਆਂ ਪ੍ਰਣਾਲੀ ਵਿੱਚ ਵਿਭਿੰਨਤਾ ਅਤੇ ਨਿਰਪੱਖਤਾ ਨੂੰ ਵੀ ਦਰਸਾਉਂਦੀ ਹੈ।
ਨਵਰਾਜ ਸਿੰਘ ਰਾਏ, ਲਾਸ ਏਂਜਲਸ ਵਿੱਚ ਜੰਮੇ ਅਤੇ ਬਾਅਦ ਵਿੱਚ ਬੇਕਰਸਫ਼ੀਲਡ (ਕੇਰਨ ਕਾਊਂਟੀ ਦਾ ਮੁੱਖ ਸ਼ਹਿਰ) ਚਲੇ ਗਏ। ਉਨ੍ਹਾਂ ਨੇ ਸਥਾਨਕ ਸਕੂਲਾਂ ਜਿਵੇਂ ਸਟਾਕਡੇਲ ਹਾਈ ਸਕੂਲ ਅਤੇ ਅਰਲ ਵਾਰਨ ਜੂਨੀਅਰ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਬਾਅਦ ਵਿੱਚ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਡੇਵਿਸ ਤੋਂ ਗ੍ਰੈਜੂਏਸ਼ਨ ਅਤੇ ਯੂਨੀਵਰਸਿਟੀ ਆਫ਼ ਦ ਪੈਸਿਫ਼ਿਕ ਤੋਂ 2018 ਵਿੱਚ ਲਾਅ ਡਿਗਰੀ ਹਾਸਲ ਕੀਤੀ। ਬਚਪਨ ਵਿੱਚ ਮਾਪਿਆਂ ਦੇ ਕਾਰੋਬਾਰ ਦੇ ਨੁਕਸਾਨ ਅਤੇ ਫ਼ੋਰਕਲੋਜ਼ਰ ਨੋਟਿਸਾਂ ਨੂੰ ਵੇਖ ਕੇ ਉਨ੍ਹਾਂ ਵਿੱਚ ਕਾਨੂੰਨੀ ਸੇਵਾ ਦੀ ਭਾਵਨਾ ਜਾਗੀ, ਜਿਸ ਨੇ ਉਨ੍ਹਾਂ ਨੂੰ ਵਕੀਲ ਬਣਨ ਲਈ ਪ੍ਰੇਰਿਤ ਕੀਤਾ। ਉਹ ਕਹਿੰਦੇ ਹਨ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕਿਸੇ ਹੋਰ ਨਾਲ ਅਜਿਹਾ ਨਾ ਵਾਪਰੇ।
ਸਹੁੰ ਚੁੱਕਣ ਸਮਾਰੋਹ ਬੇਕਰਸਫ਼ੀਲਡ ਵਿੱਚ ਹੋਇਆ, ਜਿੱਥੇ ਪਰਿਵਾਰ, ਦੋਸਤ, ਕਾਨੂੰਨੀ ਪੇਸ਼ੇ ਵਰਗੇ ਅਤੇ ਭਾਈਚਾਰਕ ਆਗੂ ਮੌਜੂਦ ਸਨ। ਵੀਡੀਓਜ਼ ਅਤੇ ਤਸਵੀਰਾਂ ਵਿੱਚ ਨਵਰਾਜ ਨੂੰ ਸਿੱਖ ਪੱਗ ਬੰਨਕੇ ਮਾਣ ਨਾਲ ਸਹੁੰ ਚੁੱਕਦੇ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਖੜ੍ਹੇ ਵੇਖਿਆ ਜਾ ਸਕਦਾ ਹੈ। ਸਮਾਰੋਹ ਦੌਰਾਨ ਅਦਾਲਤ ਭਰੀ ਹੋਈ ਸੀ। ਇਸ ਦੌਰਾਨ ਨਵਰਾਜ ਨੇ ਕਿਹਾ ਕਿ ਜਦੋਂ ਮੈਂ ਦਰਸ਼ਕਾਂ ਵੱਲ ਵੇਖਿਆ ਤਾਂ ਭਾਈਚਾਰੇ ਦੀ ਮਾਣ ਵਾਲੀ ਭਾਵਨਾ ਮਹਿਸੂਸ ਹੋਈ। ਇਹ ਮੇਰੇ ਲਈ ਨਹੀਂ, ਸਗੋਂ ਸਿੱਖ ਪੰਥ ਲਈ ਵੱਡਾ ਪਲ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਿਯੁਕਤੀ ਕੇਰਨ ਕਾਊਂਟੀ ਵਿੱਚ ਵਧਣ ਅਤੇ ਸਫ਼ਲ ਹੋਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਵੱਡਾ ਸਹਿਯੋਗ ਮਿਲਿਆ ਅਤੇ ਫ਼ੋਨ ਸੰਦੇਸ਼ਾਂ ਨਾਲ ਭਰ ਗਿਆ।
ਕੇਰਨ ਕਾਊਂਟੀ ਹਿੰਦੂ ਕਲਚਰਲ ਸੈਂਟਰ ਨੇ ਇਸ ਨੂੰ ‘ਵੱਡਾ ਅਤੇ ਇਤਿਹਾਸਕ ਮੀਲ ਪੱਥਰ’ ਕਿਹਾ ਅਤੇ ਨਵਰਾਜ ਨੂੰ ਵਧਾਈ ਦਿੱਤੀ। ਬੇਕਰਸਫ਼ੀਲਡ ਦੇ ਵਾਈਸ ਮੇਅਰ ਮਨਪ੍ਰੀਤ ਕੌਰ, ਜੋ ਨਵਰਾਜ ਨਾਲ ਜੂਨੀਅਰ ਹਾਈ ਸਕੂਲ ਵਿੱਚ ਪੜ੍ਹੀ ਸੀ, ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ, “ਇਹ ਅਮਰੀਕਨ ਡਰੀਮ ਨੂੰ ਦਰਸਾਉਂਦਾ ਹੈ ਕਿ ਸਥਾਨਕ ਪਰਿਵਾਰਾਂ ਲਈ ਮੌਕੇ ਹਨ ਅਤੇ ਅਗਲੀ ਪੀੜ੍ਹੀ ਉੱਚ ਪੱਧਰਾਂ ਤੱਕ ਪਹੁੰਚ ਸਕਦੀ ਹੈ।”
ਇਹ ਨਿਯੁਕਤੀ ਕੈਲੀਫ਼ੋਰਨੀਆ ਵਿੱਚ ਸਿੱਖਾਂ ਦੇ ਵਧਦੇ ਪ੍ਰਭਾਵ ਨੂੰ ਵੀ ਉਜਾਗਰ ਕਰਦੀ ਹੈ, ਜਿਵੇਂ 2024 ਵਿੱਚ ਫ਼ਰੈਸਨੋ ਕਾਊਂਟੀ ਵਿੱਚ ਰਾਜ ਸਿੰਘ ਬਢੇਸ਼ਾ ਦੀ ਨਿਯੁਕਤੀ ਤੋਂ ਬਾਅਦ।
ਕੇਰਨ ਕਾਊਂਟੀ ਵਿੱਚ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਖੇਤੀਬਾੜੀ, ਵਪਾਰ ਅਤੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾ ਰਿਹਾ ਹੈ। ਨਵਰਾਜ ਦੀ ਇਹ ਭੂਮਿਕਾ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰੇਗੀ ਅਤੇ ਨਿਆਂ ਵਿੱਚ ਵਿਸ਼ਵਾਸ ਵਧਾਏਗੀ। ਪ੍ਰੋ ਟੈਮ ਜੱਜ ਵਜੋਂ ਉਹ ਟ੍ਰੈਫ਼ਿਕ ਕੋਰਟ ਸਮੇਤ ਵੱਖ-ਵੱਖ ਮਾਮਲਿਆਂ ਨੂੰ ਸੰਭਾਲਣਗੇ, ਜੋ ਅਦਾਲਤਾਂ ਦੇ ਭਾਰ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਕਾਊਂਟੀ ਵਿੱਚ 39 ਜੱਜ ਅਤੇ 8 ਕਮਿਸ਼ਨਰ ਹਨ, ਪਰ ਵਰਕਲੋਡ ਨੂੰ ਵੇਖਦੇ ਹੋਏ ਹੋਰ ਜੱਜਾਂ ਦੀ ਲੋੜ ਹੈ।

Loading