ਕੈਂਟੁਕੀ ਵਿੱਚ ਹੋਈ ਗੋਲੀਬਾਰੀ ’ਚ 2 ਔਰਤਾਂ ਦੀ ਮੌਤ ਤੇ 2 ਜ਼ਖਮੀ

In ਅਮਰੀਕਾ
July 16, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਲੈਕਸਿੰਗਟਨ, ਕੈਂਟੁਕੀ ਵਿੱਚ ਰਿਚਮੌਂਡ ਰੋਡ ਬੈਪਟਿਸਟ ਚਰਚ ਵਿਖੇ ਹੋਈ ਗੋਲੀਬਾਰੀ ਵਿੱਚ 2 ਔਰਤਾਂ ਦੀ ਮੌਤ ਹੋਣ ਤੇ 2 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਹਵਾਈ ਅੱਡੇ ਨੇੜੇ ਇੱਕ ਵਿਅਕਤੀ ਵੱਲੋਂ ਇੱਕ ਸੁਰੱਖਿਆ ਜਵਾਨ ਉੱਪਰ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਅਫ਼ਸਰਾਂ ਨੇ ਉਸ ਦਾ ਪਿੱਛਾ ਕੀਤਾ। ਲੈਕਸਿੰਗਟਨ ਪੁਲਿਸ ਮੁਖੀ ਲਾਰੈਂਸ ਵੈਦਰਜ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਿਚਮੌਂਡ ਰੋਡ ਬੈਪਟਿਸਟ ਚਰਚ ਵਿਖੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਮਾਰਿਆ ਗਿਆ ਜਦ ਕਿ ਮਰਨ ਤੋਂ ਪਹਿਲਾਂ ਉਸ ਵੱਲੋਂ ਕੀਤੀ ਗੋਲੀਬਾਰੀ ਵਿੱਚ 2 ਔਰਤਾਂ ਦੀ ਮੌਤ ਹੋ ਗਈ। ਹਮਲਾਵਰ ਨੂੰ ਮੌਕੇ ਉੱਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਔਰਤਾਂ ਦੀ ਪਛਾਣ ਕ੍ਰਿਸ਼ਟੀਨਾ ਕੋਮਬਸ (34) ਤੇ ਬੈਵਰਲੀ ਗੁਮ (72) ਵਜੋਂ ਹੋਈ ਹੈ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ ਜਦ ਕਿ ਦੂਸਰੇ ਵਿਅਕਤੀ ਤੇ ਸੁਰੱਖਿਆ ਜਵਾਨ ਦੀ ਹਾਲਤ ਸਥਿਰ ਹੈ।

Loading