ਕੈਥੋਲਿਕ ਚਰਚ ਬਣੇਗਾ ਦੁਨੀਆ ’ਚ ਸ਼ਾਂਤੀ ਦਾ ਪ੍ਰਤੀਕ : ਪੋਪ

ਵੈਟੀਕਨ ਸਿਟੀ/ਏ.ਟੀ.ਨਿਊਜ਼: ਪੋਪ ਲੀਓ 14ਵੇਂ ਨੇ ਏਕਤਾ ਲਈ ਕੰਮ ਕਰਨ ਦਾ ਅਹਿਦ ਦੁਹਰਾਇਆ ਤਾਂ ਜੋ ਕੈਥੋਲਿਕ ਚਰਚ ਦੁਨੀਆ ’ਚ ਸ਼ਾਂਤੀ ਦਾ ਪ੍ਰਤੀਕ ਬਣ ਸਕੇ। ਪੋਪ ਲੀਓ (69) ਨੇ ਸੇਂਟ ਪੀਟਰਜ਼ ਸਕੁਏਅਰ ’ਚ ਹੋਈ ਸਮੂਹਿਕ ਪ੍ਰਾਰਥਨਾ ਸਭਾ ਦੌਰਾਨ ਪਿਆਰ ਅਤੇ ਏਕਤਾ ਦਾ ਸੁਨੇਹਾ ਦਿੱਤਾ। ਅਮਰੀਕਾ ਅਤੇ ਹੋਰ ਥਾਵਾਂ ’ਤੇ ਕੈਥੋਲਿਕ ਚਰਚ ’ਚ ਧਰੁਵੀਕਰਨ ਨੂੰ ਦੇਖਦਿਆਂ ਏਕਤਾ ਲਈ ਉਨ੍ਹਾਂ ਦਾ ਸੱਦਾ ਅਹਿਮ ਹੈ। ਇਸ ਮੌਕੇ ਸੀਨੀਅਰ ਪਾਦਰੀਆਂ ਅਤੇ ਹੋਰਾਂ ਸਮੇਤ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਲੀਓ ਨੇ ਪੋਪ ਵਜੋਂ ਆਪਣੇ ਕਾਰਜਕਾਲ ਦਾ ਆਗਾਜ਼ ਸੇਂਟ ਪੀਟਰਜ਼ ਸਕੁਏਅਰ ’ਚ ਪੋਪਮੋਬਾਈਲ (ਵਿਸ਼ੇਸ਼ ਵਾਹਨ) ’ਚ ਬੈਠ ਕੇ ਪਿਆਜ਼ਾ (ਚੌਕ) ਤੱਕ ਸਫ਼ਰ ਕਰਕੇ ਲੋਕਾਂ ਨੂੰ ਆਸ਼ੀਰਵਾਦ ਦਿੱਤਾ। ਪ੍ਰੋਗਰਾਮ ਦੌਰਾਨ ਰਵਾਇਤ ਮੁਤਾਬਕ ਪੋਪ ਨੂੰ ਇੱਕ ਧਾਰਮਿਕ ਕੱਪੜਾ ਅਤੇ ਇੱਕ ਮੁੰਦਰੀ ਭੇਟ ਕੀਤੀ ਗਈ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ, ਜੋ ਪੋਪ ਫਰਾਂਸਿਸ ਦੇ ਦੇਹਾਂਤ ਤੋਂ ਪਹਿਲਾਂ ਉਨ੍ਹਾਂ ਨਾਲ ਮਿਲਣ ਵਾਲੇ ਕੁਝ ਵਿਦੇਸ਼ੀ ਆਗੂਆਂ ’ਚੋਂ ਇੱਕ ਸਨ, ਨੇ ਪਿਛਲੇ ਦਿਨੀਂ ਰੋਮ ਪੁੱਜਣ ’ਤੇ ਅਰਜਨਟੀਨਾ ਦੇ ਪੋਪ ਦੀ ਸਮਾਧ ’ਤੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਸ਼ਿਕਾਗੋ ’ਚ ਜਨਮੇ ਲੀਓ ਨੂੰ ਸਨਮਾਨਤ ਕਰਨ ਵਾਲੇ ਅਮਰੀਕੀ ਵਫ਼ਦ ਦੀ ਅਗਵਾਈ ਕੀਤੀ। ਵੈਂਸ ਨਾਲ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਸਨ ਜੋ ਰੂਸ-ਯੂਕ੍ਰੇਨ ਸ਼ਾਂਤੀ ਵਾਰਤਾ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਲਈ ਸਮੇਂ ਤੋਂ ਪਹਿਲਾਂ ਹੀ ਰੋਮ ਪਹੁੰਚ ਗਏ ਸਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਸਮੇਤ ਕਈ ਹੋਰ ਮੁਲਕਾਂ ਦੇ ਆਗੂ ਵੀ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ। ਆਪਣੀ ਪੂਰੀ ਜ਼ਿੰਦਗੀ ਪੇਰੂ ’ਚ ਸੇਵਾ ਕਰਦਿਆਂ ਬਿਤਾਉਣ ਵਾਲੇ ਲੀਓ ਨੇ ਵੈਟੀਕਨ ਦੇ ਬਿਸ਼ਪ ਦੀ ਜ਼ਿੰਮੇਵਾਰੀ ਨੂੰ ਸੰਭਾਲ ਲਿਆ। ਕੈਥੋਲਿਕ ਚਰਚ ਦੇ ਦੋ ਹਜ਼ਾਰ ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਇੰਝ ਹੋਇਆ ਹੈ ਜਦੋਂ ਅਮਰੀਕਾ ਤੋਂ ਪੋਪ ਨੂੰ ਚੁਣਿਆ ਗਿਆ ਹੈ।

Loading