
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿੱਚ ਇੱਕ ਕੈਥੋਲਿਕ ਚਰਚ ਵਿੱਚ ਹੋਈ ਗੋਲੀਬਾਰੀ ਵਿੱਚ 2
ਬੱਚਿਆਂ ਦੀ ਮੌਤ ਹੋਣ ਤੇ 17 ਹੋਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੀਡੀਆ ਨੂੰ ਸੂਤਰਾਂ ਨੇ ਦੱਸਿਆ ਕਿ ਗੋਲਬਾਰੀ ਦੀ ਘਟਨਾ ਵਿੱਚ
ਸ਼ਾਮਿਲ ਇਕੋ ਇੱਕ ਹਮਲਾਵਰ ਵੀ ਮਾਰਿਆ ਗਿਆ ਹੈ। ਲਾਅ ਇਨਫੋਰਸਮੈਂਟ ਦੇ ਅਧਿਕਾਰੀਆਂ ਅਨੁਸਾਰ ਹਮਲਾਵਰ ਨੇ ਖੁਦ ਹੀ ਆਪਣੇ ਆਪ ਨੂੰ
ਗੋਲੀ ਮਾਰ ਲਈ ਜਿਸ ਉਪਰੰਤ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਘਟਨਾ ਵਿੱਚ ਜ਼ਖਮੀ ਹੋਏ ਬਾਕੀ ਲੋਕਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ
ਨਹੀਂ ਮਿਲ ਸਕੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 24 ਘੰਟਿਆਂ ਵਿੱਚ ਮਿਨੀਪੋਲਿਸ ਵਿੱਚ ਵਾਪਰੀ ਗੋਲੀਬਾਰੀ ਦੀ ਇਹ ਚੌਥੀ ਘਟਨਾ ਹੈ। 26
ਅਗਸਤ ਨੂੰ ਸ਼ਹਿਰ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਇਕ ਵਿਅਕਤੀ ਮਾਰਿਆ ਗਿਆ ਸੀ ਤੇ 6 ਹੋਰ ਜ਼ਖਮੀ ਹੋ ਗਏ ਸਨ। ਪੁਲਿਸ ਮੁੱਖੀ
ਬਰੀਆਨ ਓ ਹਾਰਾ ਨੇ ਕਿਹਾ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਇਹ ਬਹੁਤ ਚਿੰਤਾਜਨਕ ਵਰਤਾਰਾ ਹੈ।