ਕੈਨੇਡਾ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਹੋਈਆਂ ਨਵੀਆਂ ਤਬਦੀਲੀਆਂ

In ਮੁੱਖ ਖ਼ਬਰਾਂ
February 21, 2026

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਨੇ ਪਿਛਲੇ ਦਿਨੀਂ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ ਵਿੱਚ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਨਵੀਆਂ ਕੈਟੇਗਰੀਆਂ ਸ਼ਾਮਿਲ ਕਰਨਾ, ਵਿਦੇਸ਼ੀ ਫ਼ੌਜੀ ਮਾਹਿਰਾਂ ਲਈ ਖਾਸ ਰਸਤਾ ਖੋਲ੍ਹਣਾ, ਭਾਰਤੀ ਨਾਗਰਿਕਾਂ ਦੀ ਵੱਡੀ ਗਿਣਤੀ ਵਿੱਚ ਡਿਪੋਰਟੇਸ਼ਨ ਅਤੇ ਵੀਜ਼ਾ ਪ੍ਰੋਸੈਸਿੰਗ ਵਿੱਚ ਤੇਜ਼ੀ ਆਉਣ ਵਰਗੇ ਮੁੱਦੇ ਸ਼ਾਮਿਲ ਹਨ। ਇਹ ਬਦਲਾਅ ਨਾ ਸਿਰਫ਼ ਕੈਨੇਡਾ ਦੀ ਆਰਥਿਕ ਅਤੇ ਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਹਨ, ਸਗੋਂ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਵੀ ਸਖ਼ਤ ਕਦਮ ਉਠਾਏ ਜਾ ਰਹੇ ਹਨ। ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਇਹ ਖ਼ਬਰਾਂ ਮਹੱਤਵਪੂਰਨ ਹਨ, ਕਿਉਂਕਿ ਭਾਰਤੀਆਂ ਵਿੱਚ ਪੰਜਾਬੀਆਂ ਦੀ ਗਿਣਤੀ ਵੱਡੀ ਹੈ, ਜੋ ਕੈਨੇਡਾ ਵਿੱਚ ਵਸਣ ਦੇ ਚਾਹਵਾਨ ਹਨ।
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਬੀਤੇ ਦਿਨੀਂ ਟੋਰਾਂਟੋ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਐਲਾਨ ਕੀਤਾ ਕਿ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਕੈਨੇਡੀਅਨ ਐਕਸਪੀਰੀਐਂਸ ਕਲਾਸ ਰਾਹੀਂ ਪੱਕੀ ਇਮੀਗ੍ਰੇਸ਼ਨ ਲਈ ਤਿੰਨ ਨਵੀਆਂ ਕੈਟੇਗਰੀਆਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਹੁਣ ਐਕਸਪ੍ਰੈੱਸ ਐਂਟਰੀ ਵਿੱਚ ਪ੍ਰੋਫ਼ਾਈਲ ਬਣਾਉਣ ਵਾਸਤੇ ਕੁੱਲ ਦਸ ਕੈਟੇਗਰੀਆਂ ਹੋ ਗਈਆਂ ਹਨ। ਇਨ੍ਹਾਂ ਨਵੀਆਂ ਕੈਟੇਗਰੀਆਂ ਵਿੱਚ ਸੀਨੀਅਰ ਮੈਨੇਜਰ ਪੱਧਰ ਦੇ ਕੰਮ ਦਾ ਤਜਰਬਾ ਰੱਖਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਪਹਿਲ ਦੇ ਆਧਾਰ ’ਤੇ ਪੱਕੇ ਹੋਣ ਦਾ ਮੌਕਾ ਮਿਲੇਗਾ। ਇਸ ਵਿੱਚ ਸਿਹਤ, ਸਿੱਖਿਆ, ਯੂਨੀਵਰਸਿਟੀ ਪ੍ਰੋਫ਼ੈਸਰ, ਲੈਕਚਰਾਰ, ਪਾਇਲਟ, ਜਹਾਜ਼ਾਂ ਦੇ ਮਕੈਨਿਕ, ਵਿੱਤੀ ਸੇਵਾਵਾਂ, ਖੋਜ, ਸੰਚਾਰ, ਪ੍ਰਸਾਰਨ, ਵਪਾਰ, ਮਕਾਨ ਉਸਾਰੀ, ਆਵਾਜਾਈ, ਟਰੱਕ ਤੇ ਬੱਸ ਦੇ ਮਕੈਨਿਕ, ਡਾਕਟਰ, ਉਤਪਾਦਨ ਅਤੇ ਜਨਤਕ ਸਹੂਲਤਾਂ (ਬਿਜਲੀ, ਪਾਣੀ ਖੇਤਰ) ਵਰਗੇ ਕਿੱਤੇ ਸ਼ਾਮਿਲ ਹਨ। ਇਨ੍ਹਾਂ ਕਿੱਤਿਆਂ ਵਿੱਚ ਅਪਲਾਈ ਕਰਨ ਲਈ ਅਰਜ਼ੀਕਰਤਾ ਨੂੰ ਪ੍ਰੋਫ਼ਾਈਲ ਬਣਾਉਣ ਦੀ ਤਰੀਕ ਤੋਂ ਪਹਿਲਾਂ ਤਿੰਨ ਸਾਲ ਪਿੱਛੇ ਤੱਕ ਕੈਨੇਡਾ ਵਿੱਚ ਘੱਟੋ-ਘੱਟ ਇੱਕ ਸਾਲ ਦਾ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਹੈ। ਵਰਨਣਯੋਗ ਹੈ ਕਿ ਪਹਿਲਾਂ ਇਹ ਤਜਰਬਾ ਸਿਰਫ਼ ਛੇ ਮਹੀਨੇ ਦਾ ਸੀ, ਜਿਸ ਨੂੰ ਵਧਾ ਕੇ ਇੱਕ ਸਾਲ ਕੀਤਾ ਗਿਆ ਹੈ। ਇਸ ਬਦਲਾਅ ਨਾਲ ਕੈਨੇਡਾ ਵਿੱਚ ਵਰਕ ਪਰਮਿਟ ’ਤੇ ਕੰਮ ਕਰ ਰਹੇ ਵਿਦੇਸ਼ੀ ਨੌਜਵਾਨਾਂ ਨੂੰ ਪੱਕੀ ਰੈਜ਼ੀਡੈਂਸੀ (ਪੀ.ਆਰ.) ਪ੍ਰਾਪਤ ਕਰਨ ਵਿੱਚ ਆਸਾਨੀ ਹੋਵੇਗੀ, ਖਾਸ ਕਰਕੇ ਉਨ੍ਹਾਂ ਨੂੰ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ।
ਇਸ ਤੋਂ ਇਲਾਵਾ, ਕੈਨੇਡਾ ਨੇ ਆਪਣੇ ਰੱਖਿਆ ਪ੍ਰਬੰਧਾਂ ਵਿੱਚ ਮਾਹਿਰਾਂ ਦੀ ਲੋੜ ਨੂੰ ਵੇਖਦੇ ਹੋਏ ਵਿਦੇਸ਼ੀ ਫ਼ੌਜੀਆਂ ਲਈ ਇੱਕ ਨਵਾਂ ਰਸਤਾ ਖੋਲ੍ਹਿਆ ਹੈ। ਇਸ ਅਨੁਸਾਰ, ਕੈਨੇਡਾ ਦੀ ਫ਼ੌਜ ਵਿੱਚ ਕੰਮ ਦਾ ਤਜਰਬਾ ਹਾਸਿਲ ਕਰਨ ਵਾਲੇ ਸਕਿੱਲਡ ਫ਼ੌਜੀਆਂ ਨੂੰ ਐਕਸਪ੍ਰੈੱਸ ਐਂਟਰੀ ਰਾਹੀਂ ਪੱਕੀ ਇਮੀਗ੍ਰੇਸ਼ਨ ਦਾ ਮੌਕਾ ਮਿਲੇਗਾ। ਇਸ ਵਿੱਚ ਨੈਸ਼ਨਲ ਆਕੂਪੇਸ਼ਨਲ ਕਲਾਸੀਫ਼ਿਕੇਸ਼ਨ (ਐਨਓਸੀ) ਦੇ ਕੋਡ 40142, 42102 ਅਤੇ 43204 ਸ਼ਾਮਿਲ ਹਨ। ਅਪਲਾਈ ਕਰਨ ਲਈ ਅਰਜ਼ੀਕਰਤਾ ਕੋਲ ਕੈਨੇਡਾ ਵਿੱਚ ਇੱਕ ਸਾਲ ਦੇ ਤਜਰਬੇ ਤੋਂ ਇਲਾਵਾ, ਆਪਣੇ ਦੇਸ਼ ਦੀ ਫ਼ੌਜ ਵਿੱਚ ਦਸ ਸਾਲਾਂ ਦਾ ਤਜਰਬਾ, ਕੈਨੇਡੀਅਨ ਫ਼ੌਜ ਤੋਂ ਤਿੰਨ ਸਾਲਾਂ ਦੀ ਫ਼ੁੱਲ ਟਾਈਮ ਜੌਬ ਆਫ਼ਰ ਅਤੇ ਕਾਲਜ ਜਾਂ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਵੀ ਜ਼ਰੂਰੀ ਹੈ। ਮੰਤਰੀ ਡਿਆਬ ਨੇ ਕਿਹਾ ਕਿ ਇਹ ਬਦਲਾਅ ਕੈਨੇਡਾ ਦੀ ਰੋਜ਼ਗਾਰ ਮਾਰਕਿਟ ਦੀਆਂ ਲੋੜਾਂ ਅਨੁਸਾਰ ਕੀਤੇ ਗਏ ਹਨ ਅਤੇ ਐਕਸਪ੍ਰੈੱਸ ਐਂਟਰੀ ਦੇ ਡਰਾਅ ਜਾਰੀ ਰਹਿਣਗੇ। ਸਰਕਾਰ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਵਿਦੇਸ਼ੀ ਫ਼ੌਜੀਆਂ ਨੂੰ ਵੀ ਉਸੇ ਸਖ਼ਤ ਸੁਰੱਖਿਆ ਜਾਂਚ ਅਤੇ ਫ਼ੌਜੀ ਮਾਪਦੰਡਾਂ ਵਿੱਚੋਂ ਲੰਘਣਾ ਪਵੇਗਾ ਜੋ ਕੈਨੇਡੀਅਨ ਨਾਗਰਿਕਾਂ ਲਈ ਲਾਜ਼ਮੀ ਹਨ।
ਹਾਲਾਂ ਕਿ ਇਨ੍ਹਾਂ ਨਵੀਆਂ ਕੈਟੇਗਰੀਆਂ ਨਾਲ ਕਈ ਵਿਦੇਸ਼ੀ ਨਾਗਰਿਕਾਂ ਨੂੰ ਫ਼ਾਇਦਾ ਹੋਵੇਗਾ, ਪਰ ਕੁਝ ਕਿੱਤਿਆਂ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਖਾਸ ਕਰਕੇ ਕੁੱਕ, ਖੇਤੀਬਾੜੀ ਕਾਮੇ ਅਤੇ ਡਰਾਈਵਰ ਵਰਗੇ ਕਿੱਤੇ ਐਕਸਪ੍ਰੈੱਸ ਐਂਟਰੀ ਵਿੱਚ ਨਹੀਂ ਰੱਖੇ ਗਏ ਹਨ। ਬੀਤੇ ਸਮੇਂ ਵਿੱਚ ਇਨ੍ਹਾਂ ਕਿੱਤਿਆਂ ਵਿੱਚ ਪ੍ਰਮੁੱਖਤਾ ਨਾਲ ਭਾਰਤੀ ਨਾਗਰਿਕਾਂ, ਖਾਸ ਕਰਕੇ ਪੰਜਾਬੀਆਂ ਨੇ ਵਰਕ ਪਰਮਿਟ ਲੈ ਕੇ ਪੱਕੇ ਹੋਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਦੌਰਾਨ ਏਜੰਟਾਂ ਅਤੇ ਕਾਰੋਬਾਰੀਆਂ ਵੱਲੋਂ ਮਿਲੀਭੁਗਤ ਨਾਲ ਜੌਬ ਲੈਟਰ ਵੇਚਣ ਵਰਗੀਆਂ ਸ਼ਿਕਾਇਤਾਂ ਸਰਕਾਰ ਤੱਕ ਪਹੁੰਚੀਆਂ ਹਨ, ਜਿਸ ਕਾਰਨ ਇਨ੍ਹਾਂ ਕਿੱਤਿਆਂ ਨੂੰ ਬਾਹਰ ਰੱਖਿਆ ਗਿਆ ਹੈ।
ਜੇਕਰ ਪੰਜਾਬੀ ਨੌਜਵਾਨਾਂ ਕੋਲ ਸੀਨੀਅਰ ਮੈਨੇਜਮੈਂਟ, ਸਿਹਤ, ਸਿੱਖਿਆ ਜਾਂ ਤਕਨੀਕੀ ਖੇਤਰਾਂ ਵਿੱਚ ਤਜਰਬਾ ਹੈ, ਤਾਂ ਉਨ੍ਹਾਂ ਨੂੰ ਵੱਡਾ ਫ਼ਾਇਦਾ ਮਿਲ ਸਕਦਾ ਹੈ। ਖਾਸ ਕਰਕੇ ਫ਼ੌਜੀ ਬੈਕਗ੍ਰਾਊੰਡ ਵਾਲੇ ਪੰਜਾਬੀਆਂ ਲਈ ਇਹ ਨਵਾਂ ਰਸਤਾ ਇੱਕ ਵੱਡੀ ਮੌਕਾ ਹੋ ਸਕਦਾ ਹੈ, ਕਿਉਂਕਿ ਭਾਰਤੀ ਫ਼ੌਜ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਜਵਾਨ ਸੇਵਾ ਨਿਭਾਉਂਦੇ ਹਨ। ਪਰ ਇਸ ਲਈ ਉਨ੍ਹਾਂ ਨੂੰ ਕੈਨੇਡੀਅਨ ਫ਼ੌਜ ਵੱਲੋਂ ਜੌਬ ਆਫ਼ਰ ਅਤੇ ਹੋਰ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।

ਕੈਨੇਡਾ ਕਿੰਨੇ ਪੰਜਾਬੀ ਕਰ ਰਿਹਾ ਡਿਪੋਰਟ

ਇਸ ਨਾਲ ਜੁੜਿਆ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਭਾਰਤੀ ਨਾਗਰਿਕਾਂ ਦੀ ਡਿਪੋਰਟੇਸ਼ਨ। ਕੈਨੇਡਾ ਨੇ ਬੀਤੇ ਸਾਲ 2025 ਵਿੱਚ ਪਹਿਲੇ ਦਸ ਮਹੀਨਿਆਂ ਵਿੱਚ 2,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੇ ਅੰਕੜਿਆਂ ਅਨੁਸਾਰ, ਪਿਛਲੇ ਸਾਲ ਕੁੱਲ 18,785 ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਦੂਜੇ ਨੰਬਰ ’ਤੇ ਹੈ। ਹੁਣ ਵੀ 30 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਨ੍ਹਾਂ ਵਿੱਚੋਂ 6,500 ਤੋਂ ਵੱਧ ਭਾਰਤੀ ਹਨ। ਸਰਕਾਰ ਅਨੁਸਾਰ, ਡਿਪੋਰਟ ਕੀਤੇ ਗਏ ਲੋਕਾਂ ਵਿੱਚ ਕਈ ਅਪਰਾਧਿਕ ਮਾਮਲੇ ਵਾਲੇ ਸਨ, ਪਰ ਜ਼ਿਆਦਾਤਰ ਉਹ ਸਨ ਜਿਨ੍ਹਾਂ ਨੇ ਰੈਫ਼ਿਊਜੀ ਕਲੇਮ ਨਾਲ ਸਬੰਧਿਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ। ਕੈਨੇਡਾ ਵਿੱਚ ਡਿਪੋਰਟੇਸ਼ਨ ਲਈ ਤਿੰਨ ਤਰ੍ਹਾਂ ਦੇ ਆਰਡਰ ਵਰਤੇ ਜਾਂਦੇ ਹਨ: ਡਿਪਾਰਚਰ ਆਰਡਰ (30 ਦਿਨਾਂ ਵਿੱਚ ਖੁਦ ਛੱਡਣਾ), ਐਕਸਕਲੂਜ਼ਨ ਆਰਡਰ (ਇੱਕ ਸਾਲ ਲਈ ਪਾਬੰਦੀ) ਅਤੇ ਡਿਪੋਰਟੇਸ਼ਨ ਆਰਡਰ (ਤੁਰੰਤ ਵਾਪਸੀ ਅਤੇ ਪੱਕਾ ਬੈਨ)। ਇਹ ਕਾਰਵਾਈ ਕੈਨੇਡਾ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਨੂੰ ਦਰਸਾਉਂਦੀ ਹੈ । ਬਹੁਤੇ ਭਾਰਤੀ, ਖਾਸ ਕਰਕੇ ਪੰਜਾਬੀ, ਏਜੰਟਾਂ ਦੇ ਝਾਂਸੇ ਵਿੱਚ ਆ ਕੇ ਗ਼ੈਰ-ਕਾਨੂੰਨੀ ਤਰੀਕੇ ਅਪਣਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪੰਜਾਬੀਆਂ ਨੂੰ ਸਿਰਫ਼ ਕਾਨੂੰਨੀ ਰਸਤੇ ਅਪਣਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਫ਼ਾਇਦਾ ਹੋ ਸਕੇ ਨਾ ਕਿ ਨੁਕਸਾਨ।
ਕੈਨੇਡਾ ਵਿੱਚ ਵੀਜ਼ਾ ਪ੍ਰੋਸੈਸਿੰਗ ਵਿੱਚ ਤੇਜ਼ੀ
ਕੈਨੇਡਾ ਵਿੱਚ ਵੀਜ਼ਾ ਪ੍ਰੋਸੈਸਿੰਗ ਵਿੱਚ ਤੇਜ਼ੀ ਆਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤੀਆਂ ਲਈ ਵਿਜ਼ਟਰ ਵੀਜ਼ਾ ਹੁਣ 78 ਦਿਨਾਂ ਵਿੱਚ ਜਾਰੀ ਹੋ ਰਿਹਾ ਹੈ, ਜਦਕਿ ਪਾਕਿਸਤਾਨੀਆਂ ਲਈ 58 ਦਿਨ ਲੱਗ ਰਹੇ ਹਨ। ਦਸੰਬਰ ਵਿੱਚ ਇਹ ਸਮਾਂ 90 ਦਿਨਾਂ ਤੋਂ ਵੱਧ ਸੀ। ਕੈਨੇਡਾ ਵਿੱਚ ਮੌਜੂਦ ਵਿਅਕਤੀਆਂ ਲਈ ਵਿਜ਼ਟਰ ਵੀਜ਼ਾ 21 ਦਿਨਾਂ ਵਿੱਚ ਪ੍ਰੋਸੈੱਸ ਹੋ ਰਿਹਾ ਹੈ। ਸਟੱਡੀ ਵੀਜ਼ਾ ਭਾਰਤੀ ਵਿਦਿਆਰਥੀਆਂ ਲਈ ਚਾਰ ਹਫ਼ਤਿਆਂ ਵਿੱਚ ਅਤੇ ਵਰਕ ਪਰਮਿਟ ਅੱਠ ਹਫ਼ਤਿਆਂ ਵਿੱਚ ਪ੍ਰੋਸੈੱਸ ਹੋ ਰਿਹਾ ਹੈ। ਪਾਕਿਸਤਾਨੀਆਂ ਲਈ ਇਹ ਸਮਾਂ ਕ੍ਰਮਵਾਰ ਸੱਤ ਅਤੇ 30 ਹਫ਼ਤੇ ਹੈ। ਹਾਲਾਂ ਕਿ ਸੁਪਰ ਵੀਜ਼ਾ ਲਈ ਭਾਰਤੀਆਂ ਨੂੰ 213 ਦਿਨਾਂ ਦੀ ਉਡੀਕ ਕਰਨੀ ਪੈ ਰਹੀ ਹੈ। ਪੀਆਰ ਅਤੇ ਨਾਗਰਿਕਤਾ ਵਿੱਚ ਵੀ ਦੇਰੀ ਹੈ। ਸੀਈਸੀ ਅਧੀਨ ਅਰਜ਼ੀਆਂ 34,200 ਹਨ, ਨਾਗਰਿਕਤਾ ਲਈ 14 ਮਹੀਨੇ ਅਤੇ ਫ਼ੈਮਿਲੀ ਸਪੌਂਸਰਸ਼ਿਪ ਲਈ 15 ਮਹੀਨੇ ਲੱਗ ਰਹੇ ਹਨ। ਪਾਸਪੋਰਟ ਸੇਵਾਵਾਂ ਵਿੱਚ ਤੇਜ਼ੀ ਹੈ, ਨਵਾਂ ਪਾਸਪੋਰਟ 10-20 ਦਿਨਾਂ ਵਿੱਚ ਬਣ ਰਿਹਾ ਹੈ। ਇਨ੍ਹਾਂ ਬਦਲਾਵਾਂ ਨਾਲ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧੇਰੇ ਤਰਜੀਹੀ ਅਤੇ ਸਖ਼ਤ ਬਣਾਇਆ ਹੈ।

Loading