
ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦੇ ਵੈਨਕੁਵਰ ਸਥਿਤ ਖ਼ਾਲਸਾ ਦੀਵਾਨ ਸੋਸਾਇਟੀ (ਕੇ.ਡੀ.ਐੱਸ.) ਗੁਰਦੁਆਰੇ ਜਾਂ ਰੋਸ ਸਟ੍ਰੀਟ ਗੁਰਦੁਆਰੇ ’ਚ ਪਿਛਲੇ ਦਿਨੀਂ ਰਾਤ ਸਮੇਂ ਭੰਨ੍ਹ-ਤੋੜ ਕੀਤੀ ਗਈ ਅਤੇ ਉਸ ਦੀਆਂ ਕੰਧਾਂ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖ ਦਿੱਤੇ। ਇਸ ਘਟਨਾ ਨਾਲ ਸਥਾਨਕ ਸਿੱਖ ਭਾਈਚਾਰੇ ’ਚ ਨਾਰਾਜ਼ਗੀ ਹੈ।
ਰੋਸ ਸਟ੍ਰੀਟ ਗੁਰਦੁਆਰੇ ਦਾ ਨਿਰਮਾਣ 1906 ’ਚ ਹੋਇਆ ਸੀ ਅਤੇ ਇਹ ਕੈਨੇਡਾ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਮਹੱਤਵਪੂਰਨ ਸਿੱਖ ਸੰਸਥਾਨਾਂ ’ਚੋਂ ਇੱਕ ਹੈ। ਇਸ ਦੇ ਪ੍ਰਬੰਧਨ ਨੇ ਐਕਸ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ’ਚ ਇਸ ਦੀ ਪਾਰਕਿੰਗ ਦੇ ਆਲੇ-ਦੁਆਲੇ ਦੀਆਂ ਕੰਧਾਂ ’ਤੇ ਕਈ ਜਗ੍ਹਾ ’ਤੇ ਸਪ੍ਰੇਅ ਪੇਂਟ ਨਾਲ ‘ਖਾਲਿਸਤਾਨ ਜ਼ਿੰਦਾਬਾਦ’ ਸ਼ਬਦ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ। ਕੇ.ਡੀ.ਐੱਸ. ਦੇ ਬੁਲਾਰੇ ਜਗ ਸੰਘੇਰਾ ਨੇ ਦੱਸਿਆ ਕਿ ਭੰਨ੍ਹ-ਤੋੜ ਵਿਆਪਕ ਸੀ। ਇਹ ਘਟਨਾ ਅਗਲੇ ਦਿਨ ਸਵੇਰੇ ਸਾਹਮਣੇ ਆਈ, ਉਸੇ ਦਿਨ ਸਰੀ ’ਚ ਦੁਨੀਆਂ ਦੀ ਸਭ ਤੋਂ ਵੱਡੀ ਵਿਸਾਖੀ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਵੈਨਕੁਵਰ ਦਾ ਪੁਲਿਸ ਵਿਭਾਗ ਘਟਨਾ ਦੀ ਜਾਂਚ ਕਰ ਰਿਹਾ ਹੈ।
ਕੇ.ਡੀ.ਐੱਸ. ਨੇ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ,‘ਖ਼ਾਲਿਸਤਾਨ ਦੀ ਪੈਰਵਾਈ ਕਰਨ ਵਾਲੇ ਸਿੱਖ ਵੱਖਵਾਦੀਆਂ ਦੇ ਇੱਕ ਛੋਟੇ ਜਿਹੇ ਗਰੁੱਪ ਨੇ ਖਾਲਿਸਤਾਨ ਜ਼ਿੰਦਾਬਾਦ ਵਰਗੇ ਵੰਡ ਪਾਊ ਨਾਅਰੇ ਲਿਖ ਕੇ ਸਾਡੀਆਂ ਪਵਿੱਤਰ ਕੰਧਾਂ ਨੂੰ ਗੰਦਾ ਕਰ ਦਿੱਤਾ। ਇਹ ਕਾਰਾ ਕੱਟੜਪੰਥੀ ਤਾਕਤਾਂ ਦੀ ਮੁਹਿੰਮ ਦਾ ਹਿੱਸਾ ਹੈ, ਜੋ ਕੈਨੇਡਾ ਦੇ ਸਿੱਖ ਭਾਈਚਾਰੇ ’ਚ ਡਰ ਅਤੇ ਵੱਖਵਾਦ ਪੈਦਾ ਕਰਨਾ ਚਾਹੁੰਦਾ ਹੈ। ਉਨ੍ਹਾਂ ਦੀ ਹਰਕਤਾਂ ਬਰਾਬਰੀ, ਸਨਮਾਨ ਅਤੇ ਆਪਸੀ ਸਹਿਯੋਗ ਦੀਆਂ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਦੀਆਂ ਹਨ, ਜੋ ਸਿੱਖ ਧਰਮ ਅਤੇ ਕੈਨੇਡਾ ਦੇ ਸਮਾਜ ਦਾ ਆਧਾਰ ਹਨ। ਉਨ੍ਹਾਂ ਦੀਆਂ ਹਰਕਤਾਂ ਨੂੰ ਅਸੀਂ ਸਫਲ ਨਹੀਂ ਹੋਣ ਦੇ ਸਕਦੇ ਤੇ ਨਾ ਹੀ ਹੋਣ ਦਿਆਂਗੇ।’
ਕੇ.ਡੀ.ਐੱਸ. ਨੇ ਲੰਘੇ ਹਫਤੇ ਦੇ ਅਖੀਰ ’ਚ ਵੈਨਕੁਵਰ ’ਚ ਆਪਣੀ ਵਿਸਾਖੀ ਪਰੇਡ ਆਯੋਜਿਤ ਕੀਤੀ ਸੀ ਅਤੇ ਖ਼ਾਲਿਸਤਾਨ ਸਮਰਥਕ ਗਰੁੱਪਾਂ ਦੇ ਇਸ ’ਚ ਹਿੱਸਾ ਲੈਣ ’ਤੇ ਪਾਬੰਦੀ ਲਗਾ ਦਿੱਤੀ ਸੀ।