ਕੈਨੇਡਾ ’ਚ ਭਾਰਤੀ ਬਿਨੈਕਾਰਾਂ ਲਈ ਵੀਜ਼ਾ ਮਿਲਣ ਦੀ ਪ੍ਰਕਿਰਿਆ ਹੋਈ ਤੇਜ਼

In ਮੁੱਖ ਖ਼ਬਰਾਂ
March 13, 2026

ਓਟਾਵਾ/ਏ.ਟੀ.ਨਿਊਜ਼: ਵਿਦੇਸ਼ ਵਿੱਚ ਨੌਕਰੀ ਜਾਂ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਭਾਰਤੀਆਂ ਲਈ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੀ ਪ੍ਰੋਸੈਸਿੰਗ ਸਮੇਂ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਅਨੁਸਾਰ ਭਾਰਤੀ ਬਿਨੈਕਾਰਾਂ ਲਈ ਵੀਜ਼ਾ ਮਿਲਣ ਦੀ ਪ੍ਰਕਿਰਿਆ ਹੁਣ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ।
ਵਰਕ ਪਰਮਿਟ ਲਈ ਹੁਣ ਘੱਟ ਕਰਨਾ ਪਵੇਗਾ ਇੰਤਜ਼ਾਰ
ਆਈ.ਆਰ.ਸੀ.ਸੀ. ਦੀ ਤਾਜ਼ਾ ਜਾਣਕਾਰੀ ਮੁਤਾਬਕ, ਭਾਰਤ ਤੋਂ ਵਰਕ ਪਰਮਿਟ ਲਈ ਅਪਲਾਈ ਕਰਨ ਵਾਲੇ ਲੋਕਾਂ ਨੂੰ ਹੁਣ ਪਹਿਲਾਂ ਜਿੰਨਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਪਹਿਲਾਂ ਇਸ ਪ੍ਰਕਿਰਿਆ ਵਿੱਚ ਲਗਭਗ ਅੱਠ ਹਫ਼ਤਿਆਂ ਦਾ ਸਮਾਂ ਲੱਗਦਾ ਸੀ, ਜੋ ਹੁਣ ਘਟ ਕੇ ਲਗਭਗ ਸੱਤ ਹਫ਼ਤੇ ਰਹਿ ਗਿਆ ਹੈ। ਯਾਨੀ ਕਿ ਪ੍ਰੋਸੈਸਿੰਗ ਸਮੇਂ ਵਿੱਚ ਇੱਕ ਹਫ਼ਤੇ ਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਕੈਨੇਡਾ ਵਿੱਚ ਨੌਕਰੀ ਦਾ ਆਫਰ ਪਾਉਣ ਵਾਲੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ।
ਪਾਕਿਸਤਾਨੀ ਬਿਨੈਕਾਰਾਂ ਲਈ ਲੰਬੀ ਉਡੀਕ
ਰਿਪੋਰਟ ਅਨੁਸਾਰ, ਜਿੱਥੇ ਭਾਰਤੀਆਂ ਲਈ ਸਮਾਂ ਘਟਿਆ ਹੈ, ਉੱਥੇ ਹੀ ਦੂਜੇ ਪਾਸੇ ਕੁਝ ਦੇਸ਼ਾਂ ਲਈ ਇਹ ਇੰਤਜ਼ਾਰ ਹੋਰ ਵਧ ਗਿਆ ਹੈ। ਪਾਕਿਸਤਾਨ ਤੋਂ ਅਪਲਾਈ ਕਰਨ ਵਾਲੇ ਲੋਕਾਂ ਨੂੰ ਵਰਕ ਪਰਮਿਟ ਲਈ ਕਰੀਬ 30 ਹਫ਼ਤਿਆਂ ਤੱਕ ਦੀ ਲੰਬੀ ਉਡੀਕ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ ਨਾਈਜੀਰੀਆ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਦੇ ਬਿਨੈਕਾਰਾਂ ਲਈ ਵੀ ਪ੍ਰਕਿਰਿਆ ਹੁਣ ਪਹਿਲਾਂ ਨਾਲੋਂ ਵੱਧ ਸਮਾਂ ਲੈ ਰਹੀ ਹੈ।
ਵਿਦਿਆਰਥੀਆਂ ਨੂੰ ਮਿਲੇਗਾ ‘ਫਾਲ ਇਨਟੇਕ’ ਦਾ ਫਾਇਦਾ
ਕੈਨੇਡਾ ਵਿੱਚ ਪੜ੍ਹਾਈ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਲਈ ਵੀ ਸਥਿਤੀ ਕਾਫ਼ੀ ਸਕਾਰਾਤਮਕ ਹੈ। ਭਾਰਤ ਤੋਂ ਸਟੱਡੀ ਪਰਮਿਟ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਔਸਤਨ ਚਾਰ ਹਫ਼ਤਿਆਂ ਵਿੱਚ ਇਜਾਜ਼ਤ ਮਿਲ ਰਹੀ ਹੈ। ਇਸ ਤੇਜ਼ ਪ੍ਰਕਿਰਿਆ ਦਾ ਸਿੱਧਾ ਲਾਭ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜੋ ਆਉਣ ਵਾਲੇ ‘ਫਾਲ ਸਮੈਸਟਰ’ ਵਿੱਚ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਦੋਵਾਂ ਨੂੰ ਅਸਥਾਈ ਨਿਵਾਸ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ, ਕਿਉਂਕਿ ਇਸ ਤਹਿਤ ਵਿਅਕਤੀ ਨੂੰ ਇੱਕ ਸੀਮਤ ਸਮੇਂ ਲਈ ਹੀ ਕੈਨੇਡਾ ਵਿੱਚ ਰਹਿਣ, ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

Loading