ਕੈਨੇਡਾ ਜਿਹਾ ਮਾਹੌਲ ਕਦੋਂ ਹੋਵੇਗਾ ਸਾਡੇ ਦੇਸ਼ ਦੀਆਂ ਲਾਇਬ੍ਰੇਰੀਆਂ ਦਾ?

In ਮੁੱਖ ਲੇਖ
February 07, 2025
ਪਿ੍ੰਸੀਪਲ ਵਿਜੈ ਕੁਮਾਰ: ਬਾਹਰਲੇ ਦੇਸ਼ਾਂ ਤੋਂ ਕਿਸੇ ਨਾ ਕਿਸੇ ਢੰਗ ਨਾਲ ਕੈਨੇਡਾ ਘੁੰਮਣ-ਫਿਰਨ ਆਏ, ਜਿਨ੍ਹਾਂ ਲੋਕਾਂ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਹੁੰਦਾ ਹੈ, ਉਹ ਲੋਕ ਕੈਨੇਡਾ ਦੀਆਂ ਲਾਇਬ੍ਰੇਰੀਆਂ 'ਚ ਜ਼ਰੂਰ ਜਾਂਦੇ ਹਨ ਅਤੇ ਆਪਣੇ ਮੁਲਕ ਜਾ ਕੇ ਕੈਨੇਡਾ ਦੀਆਂ ਲਾਇਬ੍ਰੇਰੀਆਂ ਦੀਆਂ ਸਿਫ਼ਤਾਂ ਕਰਦੇ ਸਾਹ ਨਹੀਂ ਲੈਂਦੇ। ਜਿਹੜੇ ਲੋਕ ਆਪ ਨਹੀਂ ਜਾਂਦੇ, ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਜਾਂ ਰਿਸ਼ੇਤਦਾਰ ਇਸ ਦੇਸ਼ ਦੀਆਂ ਲਾਇਬ੍ਰੇਰੀਆਂ ਵਿਖਾਉਣ ਲਈ ਜ਼ਰੂਰ ਲਿਜਾਂਦੇ ਹਨ। ਜਿਹੜਾ ਇਕ ਵਾਰ ਇਨ੍ਹਾਂ ਲਾਇਬ੍ਰੇਰੀਆਂ 'ਚ ਜਾ ਆਉਂਦਾ ਹੈ, ਉਹ ਵਾਰ-ਵਾਰ ਜਾਣਾ ਪਸੰਦ ਕਰਦਾ ਹੈ। ਕਿਉਂਕਿ ਇਨ੍ਹਾਂ ਲਾਇਬ੍ਰੇਰੀਆਂ ਦਾ ਸ਼ਾਂਤਮਈ ਮਾਹੌਲ ਮਨ ਨੂੰ ਟੁੰਬ ਲੈਂਦਾ ਹੈ। ਇਨ੍ਹਾਂ ਲਾਇਬ੍ਰੇਰੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਪੈਦਾ ਕਰ ਦਿੱਤਾ ਹੈ। ਇਨ੍ਹਾਂ ਮਹਿਲਨੁਮਾ ਲਾਇਬ੍ਰੇਰੀਆਂ ਦੇ ਅੰਦਰ ਜਾਂਦਿਆਂ ਹੀ ਬੰਦੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਚਾਰੇ ਪਾਸੇ ਕੀਮਤੀ ਅਲਮਾਰੀਆਂ ਬਹੁਤ ਹੀ ਆਰਾਮਦਾਇਕ ਕੀਮਤੀ ਲਿਸ਼ਕਵੇਂ ਮੇਜ਼ ਤੇ ਕੁਰਸੀਆਂ, ਹਰ ਮੇਜ਼-ਕੁਰਸੀ ਨਾਲ ਲੱਗਿਆ ਕੰਪਿਊਟਰ ਅਤੇ ਹਜ਼ਾਰਾਂ ਦੀ ਗਿਣਤੀ 'ਚ ਪੁਸਤਕਾਂ ਨਾਲ ਸਜੇ ਖੁੱਲ੍ਹੇ ਰੈਕ ਬੰਦੇ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੰਦੇ ਹਨ ਵਾਹ! ਕਿੰਨੇ ਕਮਾਲ ਦੀ ਹੈ ਲਾਇਬ੍ਰੇਰੀ। ਬੰਦਾ ਕਿਸੇ ਵੀ ਮੁਲਕ ਦਾ ਹੋਵੇ, ਲਾਇਬ੍ਰੇਰੀ ਦੀ ਰਿਸੈਪਸ਼ਨ ਉੱਤੇ ਬੈਠੇ ਕਰਮਚਾਰੀ ਉਸ ਦਾ ਖਿੜੇ ਮੱਥੇ ਸਵਾਗਤ ਕਰਨਗੇ। ਉਹ ਅੰਗਰੇਜ਼ੀ ਭਾਸ਼ਾ 'ਚ ਸਵਾਗਤ ਹੈ ਕਹਿ ਕੇ ਤੁਹਾਡੇ ਵਲੋਂ ਪੁੱਛੇ ਗਏ ਹਰ ਸਵਾਲ ਦਾ ਜਵਾਬ ਦੇਣਗੇ। ਰਿਸੈਪਸ਼ਨ ਉੱਤੇ ਬੈਠੇ ਕਰਮਚਾਰੀ ਤੁਹਾਨੂੰ ਆਪਣੇ ਮੋਬਾਈਲ ਫ਼ੋਨ ਉੱਤੇ ਰੁੱਝੇ ਹੋਏ ਨਜ਼ਰ ਨਹੀਂ ਆਉਣਗੇ। ਰਿਸੈਪਸ਼ਨ ਉੱਤੇ ਨਾ ਹੀ ਰਜਿਸਟਰ 'ਚ ਤੁਹਾਡਾ ਨਾਂਅ ਦਰਜ ਕੀਤਾ ਜਾਵੇਗਾ ਅਤੇ ਨਾ ਹੀ ਤੁਹਾਡੇ ਹੱਥ 'ਚ ਫੜਿਆ ਬੈਗ ਤੁਹਾਨੂੰ ਰਿਸੈਪਸ਼ਨ ਉੱਤੇ ਰੱਖ ਕੇ ਜਾਣ ਲਈ ਕਿਹਾ ਜਾਵੇਗਾ। ਸਾਡੇ ਦੇਸ਼ ਦੀਆਂ ਲਾਇਬ੍ਰੇਰੀਆਂ ਦੀ ਰਿਸੈਪਸ਼ਨ ਉੱਤੇ ਬੈਠੇ ਕਰਮਚਾਰੀਆਂ ਵਾਂਗ ਲਾਇਬ੍ਰੇਰੀ ਤੋਂ ਨਿਕਲਦਿਆਂ ਤੁਹਾਡੇ ਬੈਗ ਦੀ ਤਲਾਸ਼ੀ ਵੀ ਨਹੀਂ ਲੈਣਗੇ; ਕਿਉਂਕਿ ਮੁਲਕ ਦਾ ਸਾਰਾ ਕੰਮ ਹੀ ਵਿਸ਼ਵਾਸ ਉੱਤੇ ਚਲਦਾ ਹੈ। ਇਸ ਮੁਲਕ 'ਚ ਵਿਦੇਸ਼ਾਂ ਤੋਂ ਆਏ ਕੁਝ ਵਿਸ਼ਵਾਸ ਤੋੜਨ ਵਾਲੇ ਬੇਈਮਾਨ ਲੋਕਾਂ ਨੂੰ ਛੱਡ ਕੇ। ਲਾਇਬ੍ਰੇਰੀਆਂ ਦੀਆਂ ਕਿਤਾਬਾਂ ਚੋਰੀ ਕਰਨ ਦੀ ਬਜਾਏ ਲੋਕ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਇਨ੍ਹਾਂ ਲਾਇਬ੍ਰੇਰੀਆਂ ਨੂੰ ਦੇ ਕੇ ਜਾਂਦੇ ਹਨ। ਲਾਇਬ੍ਰੇਰੀ ਦੇ ਅੰਦਰ ਜਾਣ ਅਤੇ ਬਾਹਰ ਆਉਣ ਦੇ ਦੋ ਰਸਤੇ ਹੁੰਦੇ ਹਨ। ਤੁਸੀਂ ਕਿਸੇ ਵੀ ਰਸਤੇ ਤੋਂ ਆ ਜਾ ਸਕਦੇ ਹੋ। ਇਸ ਮੁਲਕ 'ਚ ਹਰ ਲਾਇਬ੍ਰੇਰੀ ਹੀ ਬਹੁਤ ਕਮਾਲ ਦੀ ਹੈ। ਜਿੰਨੇ ਮੁਲਕਾਂ ਦੇ ਲੋਕ ਇਸ ਦੇਸ਼ 'ਚ ਰਹਿੰਦੇ ਹਨ, ਉਨ੍ਹਾਂ ਮੁਲਕਾਂ ਦੀਆਂ ਕਿਤਾਬਾਂ ਹਰ ਲਾਇਬ੍ਰੇਰੀ 'ਚ ਮੌਜੂਦ ਹਨ। ਸਾਡੇ ਮੁਲਕ ਵਾਂਗ ਇਸ ਦੇਸ਼ ਦੀਆਂ ਲਾਇਬ੍ਰੇਰੀਆਂ 'ਚ ਤੁਹਾਨੂੰ ਕਿਤਾਬਾਂ ਫਟੀਆਂ ਹੋਈਆਂ ਪੁਰਾਣੀਆਂ ਅਤੇ ਅਵਾ-ਤਵਾ ਲਿਖੀਆਂ ਹੋਈਆਂ ਨਹੀਂ ਮਿਲਣਗੀਆਂ। ਹਰ ਲਾਇਬ੍ਰੇਰੀ ਦੋ ਮੰਜ਼ਿਲ ਦੀ ਬਣੀ ਹੋਈ ਹੈ। ਹਰ ਕੰਪਿਊਟਰ ਉਤੇ ਵਾਈ-ਫਾਈ ਕੁਨੈਕਸ਼ਨ ਮੌਜੂਦ ਹੈ। ਆਪਣੀ ਸਹੂਲਤ ਅਨੁਸਾਰ ਤੁਸੀਂ ਕਿਸੀ ਵੀ ਮੰਜ਼ਿਲ ਉੱਤੇ 'ਆਪਣੀ ਕਿਤਾਬ ਲੈ ਕੇ ਪੜ੍ਹ ਸਕਦੇ ਹੋ। ਪੰਜ ਸਾਲ ਦੀ ਉਮਰ ਤੋਂ ਲੈ ਕੇ ਅੱਸੀ ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਲਈ ਇਨ੍ਹਾਂ ਲਾਇਬ੍ਰੇਰੀਆਂ 'ਚ ਪੁਸਤਕਾਂ ਪੜ੍ਹਨ ਲਈ ਉਪਲਬਧ ਹਨ। ਕੋਈ ਵੀ ਵਿਅਕਤੀ ਕੰਪਿਊਟਰ ਦੀ ਵਰਤੋਂ ਕਰ ਸਕਦਾ ਹੈ। ਘੁੰਮਣ-ਫਿਰਨ ਆਏ ਲੋਕਾਂ ਨੂੰ ਲਾਇਬ੍ਰੇਰੀਆਂ 'ਚ ਜਾ ਕੇ ਕਿਤਾਬਾਂ ਪੜ੍ਹਨ ਅਤੇ ਕੰਪਿਊਟਰ ਦੀ ਵਰਤੋਂ ਦੀ ਪੂਰੀ ਖੁੱਲ੍ਹ ਹੈ। ਛੋਟੇ-ਛੋਟੇ ਬੱਚੇ ਆਪਣੇ ਮਾਪਿਆਂ ਦੀ ਸਹਾਇਤਾ ਨਾਲ ਕੰਪਿਊਟਰ ਉੱਤੇ ਬੈਠੇ ਪੜ੍ਹ ਰਹੇ ਹੁੰਦੇ ਹਨ। ਸ਼ਾਮ ਦੇ ਵੇਲੇ ਲਾਇਬ੍ਰੇਰੀਆਂ 'ਚ ਬੈਠਣ ਲਈ ਜਗ੍ਹਾ ਨਹੀਂ ਮਿਲਦੀ। ਲਾਇਬ੍ਰੇਰੀਆਂ 'ਚ ਚਾਰੇ ਪਾਸੇ ਸ਼ਾਂਤੀ ਹੁੰਦੀ ਹੈ। ਬੱਚਾ ਹੋਵੇ, ਬੁੱਢਾ ਹੋਵੇ ਜਾਂ ਨੌਜਵਾਨ ਸਾਰੇ ਆਪਣਾ-ਆਪਣਾ ਪੜ੍ਹਨ 'ਚ ਰੁੱਝੇ ਹੋਏ ਹੁੰਦੇ ਹਨ। ਕਿਸੇ ਨੂੰ ਕਦੇ ਵੀ ਇਹ ਨਹੀਂ ਕਹਿਣਾ ਪੈਂਦਾ ਕਿ ਕਿਰਪਾ ਕਰਕੇ ਰੌਲਾ ਨਾ ਪਾਓ, ਮੈਂ ਪ੍ਰੇਸ਼ਾਨ ਹੋ ਰਿਹਾ ਹਾਂ। ਸਕੂਲਾਂ-ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਬੱਚੇ ਆਪਣੀਆਂ ਪੁਸਤਕਾਂ ਪੜ੍ਹਨ ਜਾਂ ਕੰਪਿਊਟਰ ਉੱਤੇ ਪੜ੍ਹਾਈ ਕਰਨ 'ਚ ਮਸਰੂਫ਼ ਹੁੰਦੇ ਹਨ। ਕੋਈ ਕਿਸੇ ਨਾਲ ਗੱਲ ਨਹੀਂ ਕਰਦਾ। ਲਾਇਬ੍ਰੇਰੀ ਦੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਬੱਚੇ, ਬੁੱਢੇ ਅਤੇ ਨੌਜਵਾਨ ਕੋਲ ਜਾ ਕੇ ਇਹ ਨਹੀਂ ਕਹਿਣਾ ਪੈਂਦਾ ਕਿ ਚੁੱਪ ਚਾਪ ਪੜ੍ਹੋ, ਗੱਲਾਂ ਨਾ ਕਰੇ ਤੇ ਰੌਲਾ ਨਾ ਪਾਓ, ਲੋਕਾਂ ਨੂੰ ਤੰਗੀ ਹੋ ਰਹੀ ਹੈ। ਲਾਇਬ੍ਰੇਰੀਆਂ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਦੇ ਸੱਭਿਆਚਾਰ ਦੀ ਇਸ ਦੇਸ਼ ਦੇ ਲੋਕਾਂ ਨੂੰ ਆਦਤ ਪੈ ਚੁੱਕੀ ਹੈ। ਇਸ ਮੁਲਕ 'ਚ ਪੁਸਤਕਾਂ ਪੜ੍ਹਨ ਦੀ ਆਦਤ ਬੱਚਿਆਂ ਨੂੰ ਪ੍ਰਾਇਮਰੀ ਪੱਧਰ ਉੱਤੇ ਹੀ ਪਾ ਦਿੱਤੀ ਜਾਂਦੀ ਹੈ। ਬੱਚਿਆਂ ਦੇ ਮਾਂ-ਬਾਪ ਉਨ੍ਹਾਂ ਨੂੰ ਖ਼ੁਦ ਲਾਇਬ੍ਰੇਰੀਆਂ 'ਚ ਲੈ ਕੇ ਜਾਂਦੇ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਹੋਰ ਲੋਕ ਜ਼ਿਆਦਾਤਰ ਕੰਪਿਊਟਰ ਉੱਤੇ ਹੀ ਆਪਣੇ ਲਈ ਪੁਸਤਕਾਂ ਅਲਾਟ ਕਰ ਲੈਂਦੇ ਹਨ ਅਤੇ ਕੰਪਿਊਟਰ ਉੱਤੇ ਹੀ ਮੋੜ ਦਿੰਦੇ ਹਨ। ਲਾਇਬ੍ਰੇਰੀਆਂ ਦੀਆਂ ਪੁਸਤਕਾਂ ਨੂੰ ਨਾ ਕੋਈ ਫਾੜਦਾ ਹੈ ਅਤੇ ਨਾ ਹੀ ਉਨ੍ਹਾਂ ਉੱਤੇ ਕੋਈ ਕੁਝ ਲਿਖਦਾ ਹੈ। ਲਾਇਬ੍ਰੇਰੀਆਂ ਦੇ ਮੇਜ਼-ਕੁਰਸੀਆਂ ਦੀ ਵਰਤੋਂ ਕੇਵਲ ਪੜ੍ਹਨ-ਲਿਖਣ ਲਈ ਹੀ ਹੁੰਦੀ ਹੈ। ਉਨ੍ਹਾਂ ਉੱਤੇ ਕੋਈ ਕੁਝ ਖਾਂਦਾ-ਪੀਂਦਾ ਨਜ਼ਰ ਨਹੀਂ ਆਵੇਗਾ। ਮੇਜ਼-ਕੁਰਸੀਆਂ ਬਿਲਕੁਲ ਸਾਫ਼-ਸੁਥਰੇ ਨਜ਼ਰ ਆਉਣਗੇ। ਕੰਪਿਊਟਰਾਂ ਦੀ ਵਰਤੋਂ ਕੇਵਲ ਪੜ੍ਹਨ ਲਈ ਕੀਤੀ ਜਾਂਦੀ ਹੈ ਨਾ ਕਿ ਕਿਸੇ ਹੋਰ ਕੰਮ ਲਈ। ਲਾਇਬ੍ਰੇਰੀਆਂ 'ਚ ਵੱਡੇ-ਵੱਡੇ ਫਰਨੈਸ ਅਤੇ ਏ.ਸੀ. ਲੱਗੇ ਹੋਏ ਹਨ ਤਾਂ ਕਿ ਲਾਇਬ੍ਰੇਰੀਆਂ ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਢੀਆਂ ਰਹਿ ਸਕਣ। ਇਸ ਮੁਲਕ ਦੀਆਂ ਲਾਇਬ੍ਰੇਰੀਆਂ 'ਚ ਆ ਕੇ ਇਕ-ਦੂਜੇ ਨੂੰ ਵੇਖੋ ਵੇਖੀ ਮਾੜੀਆਂ ਆਦਤਾਂ ਸੁਧਰ ਜਾਂਦੀਆਂ ਹਨ। ਲਾਇਬ੍ਰੇਰੀਆਂ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਤੁਹਾਡੇ ਉੱਤੇ ਪੂਰੀ ਨਜ਼ਰ ਰੱਖਦੇ ਹਨ। ਸਾਡੇ ਮੁਲਕ ਵਾਂਗ ਇਸ ਦੇਸ਼ ਦੀਆਂ ਲਾਇਬ੍ਰੇਰੀਆਂ 'ਚ ਕੋਈ ਵੀ ਦਰਜਾ ਚਾਰ ਕਰਮਚਾਰੀ ਵਿਖਾਈ ਨਹੀਂ ਦੇਵੇਗਾ। ਲਾਇਬ੍ਰੇਰੀਆਂ ਦੀ ਸਫ਼ਾਈ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਲਾਇਬ੍ਰੇਰੀਆਂ ਦੇ ਪਖ਼ਾਨਿਆਂ ਦੀ ਸਾਫ਼-ਸਫ਼ਾਈ ਅਤੇ ਉਨ੍ਹਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਿਸਟਮ ਨੂੰ ਵੇਖ ਕੇ ਹਰ ਕੋਈ ਸੋਚਣ ਲੱਗ ਪੈਂਦਾ ਹੈ, ਸਾਡੇ ਮੁਲਕ 'ਚ ਅਜਿਹਾ ਕਦੋਂ ਹੋਵੇਗਾ? ਲਾਇਬ੍ਰੇਰੀਆਂ 'ਚ ਕਿਧਰੇ ਵੀ ਇਹ ਲਿਖਿਆ ਨਹੀਂ ਮਿਲੇਗਾ ਕਿ 'ਚੁੱਪ ਦਾ ਦਾਨ ਬਖ਼ਸ਼ੋ', 'ਰੌਲਾ ਨਾ ਪਾਓ' ਜਾਂ ਫਿਰ 'ਲਾਇਬ੍ਰੇਰੀ ਦੇ ਨਿਯਮਾਂ ਦੀ ਪਾਲਣਾ ਕਰੋ'। ਸਾਡੇ ਮੁਲਕ ਦੇ ਸਰਕਾਰੀ ਦੌਰਿਆਂ ਉੱਤੇ ਇਸ ਮੁਲਕ ਜਾਣ ਵਾਲੇ ਹੁਕਮਰਾਨਾਂ ਨੂੰ ਜਾ ਕੇ ਇਸ ਦੇਸ਼ ਦੀਆਂ ਲਾਇਬ੍ਰੇਰੀਆਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਇਸ ਮੁਲਕ ਤੋਂ ਕਿੰਨਾ ਪਿੱਛੇ ਹਾਂ। ਪਤਾ ਨਹੀਂ ਸਾਡੇ ਮੁਲਕ ਦੀਆਂ ਲਾਇਬ੍ਰੇਰੀਆਂ ਦਾ ਮਾਹੌਲ ਕੈਨੇਡਾ ਦੀਆਂ ਲਾਇਬ੍ਰੇਰੀਆਂ ਵਰਗਾ ਕਦੋਂ ਹੋਵੇਗਾ?

Loading