ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਉਪਰ 25% ਟੈਕਸ ਲਾਗੂ ਹੋਣ ਤੋਂ ਕੋਈ ਨਹੀਂ ਰੋਕ ਸਕਦਾ-ਟਰੰਪ

In ਅਮਰੀਕਾ
March 07, 2025
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਗਵਾਂਢੀ ਮੁਲਕਾਂ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਕੀਤੇ ਜਾਂਦੇ ਸਮਾਨ ਉੱਪਰ 25% ਟੈਕਸ ਲਾਗੂ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਇਹ ਟੈਕਸ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ 4 ਮਾਰਚ ਤੋਂ ਲਾਗੂ ਹੋ ਰਹੇ ਹਨ। ਵਾਈਟ ਹਾਊਸ ਨੇ ਦੋਨਾਂ ਗਵਾਂਢੀ ਮੁਲਕਾਂ ਉੱਪਰ ਟੈਕਸ ਲਾਗੂ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਟਰੰਪ ਨੇ ਤਾਈਵਾਨ ਦੀ ਸੈਮੀਕੰਡਕਟਰ ਕੰਪਨੀ ਦੁਆਰਾ ਐਰੀਜ਼ੋਨਾ ਵਿੱਚ 100 ਅਰਬ ਡਾਲਰ ਦਾ ਨਿਵੇਸ਼ ਕਰਨ ਬਾਰੇ ਐਲਾਨ ਕਰਨ ਉਪਰੰਤ ਕਿਹਾ ਕਿ ਮੈਕਸੀਕੋ ਤੇ ਕੈਨੇਡਾ ਟੈਕਸ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਨੂੰ ਰਾਜਸੀ ਲੋਕਾਂ ਨੇ ਨਹੀਂ ਵਰਤਿਆ ਕਿਉਂਕਿ ਉਹ ਬੇਈਮਾਨ ਤੇ ਮੂਰਖ ਸਨ ਜਾਂ ਉਨ੍ਹਾਂ ਨੂੰ ਕਿਸੇ ਹੋਰ ਸ਼ਕਲ ਵਿੱਚ ਫ਼ਾਇਦਾ ਹੁੰਦਾ ਸੀ। ਦੂਸਰੇ ਪਾਸੇ ਕੈਨੇਡਾ ਤੇ ਮੈਕਸੀਕੋ ਨੇ ਵੀ ਅਮਰੀਕੀ ਸਮਾਨ ਉੱਪਰ ਮੋੜਵਾਂ ਟੈਕਸ ਲਾਉਣ ਦੀ ਤਿਆਰੀ ਕਰ ਲਈ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਮੀਲੇਨੀ ਜੌਲੀ ਨੇ ਐਲਾਨ ਕੀਤਾ ਹੈ ਕਿ ਉਸ ਦਾ ਦੇਸ਼ ਮੋੜਵਾਂ ਜਵਾਬ ਦੇਵੇਗਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਅਣਕਿਆਸੇ ਤੇ ਗੜਬੜਗ੍ਰਸਤ ਬਿਆਨ ਵਾਈਟ ਹਾਊਸ ਵਿਚੋਂ ਆ ਰਹੇ ਹਨ, ਅਸੀਂ ਉਨ੍ਹਾਂ ਨਾਲ ਨਜਿੱਠਾਂਗੇ। ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨੇ ਕਿਹਾ ਹੈ ਕਿ ਉਸ ਦੀ ਸਰਕਾਰ ਸ਼ਾਤ ਹੈ ਕਿਉਂਕਿ ਉਹ ਟਰੰਪ ਦੇ ਨਿਰਨੇ ਦਾ ਇੰਤਜਾਰ ਕਰ ਰਹੀ ਹੈ ਜੇਕਰ ਅਮਰੀਕਾ ਟੈਕਸ ਲਾਗੂ ਕਰਨ ਲਈ ਬਜ਼ਿਦ ਹੈ ਤਾਂ ਅਸੀਂ ਜਵਾਬ ਦੇਵਾਂਗੇ। ਉਨ੍ਹਾਂ ਨੇ ਆਪਣੀ ਯੋਜਨਾ ਬਾਰੇ ਵਿਸਤਾਰ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨਾਂ ਕੋਲ ਬੀ, ਸੀ ਤੇ ਡੀ ਯੋਜਨਾ ਹੈ। ਦੂਸਰੇ ਪਾਸੇ ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਅਮਰੀਕੀ ਅਰਥ ਵਿਵਸਥਾ ਉੱਪਰ ਵਿਆਪਕ ਅਸਰ ਪੈਣ ਦੀਆਂ ਸੰਭਾਵਨਾਵਾਂ ਹਨ। ਡਿਸਟਿਲਡ ਸਪਿਰਟਿਸ ਕੌਂਸਲ ਅਨੁਸਾਰ ਮਿਸਾਲ ਦੇ ਤੌਰ ਤੇ ਕੈਨੇਡਾ ਤੇ ਮੈਕਸੀਕੋ ਦੀ ਸ਼ਰਾਬ ਉੱਪਰ 25% ਟੈਕਸ ਲਾਉਣ ਨਾਲ 31000 ਯੂ ਐਸ ਨੌਕਰੀਆਂ ਖਤਮ ਹੋ ਜਾਣਗੀਆਂ। ਕੌਂਸਲ ਅਨੁਸਾਰ ਪਿਛਲੇ ਸਾਲ ਅਮਰੀਕਾ ਨੇ ਮੈਕਸੀਕੋ ਤੋਂ 5.2 ਅਰਬ ਡਾਲਰ ਦੀ ਟਕੀਲਾ ਸ਼ਰਾਬ ਦਰਾਮਦ ਕੀਤੀ ਸੀ ਜਦ ਕਿ ਕੈਨੇਡਾ ਤੋਂ 62.20 ਕਰੋੜ ਡਾਲਰ ਦੀ ਸ਼ਰਾਬ ਆਈ ਸੀ। ਇਸ ਕਾਰੋਬਾਰ ਨਾਲ ਜੁੜੇ ਹਜਾਰਾਂ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਸਕਦੀਆਂ ਹਨ। ਕੌਂਸਲ ਦੇ ਸੀ. ਈ. ਓ. ਕ੍ਰਿਸ ਸਵਾਂਗਰ ਨੇ ਜਾਰੀ ਇੱਕ ਬਿਆਨ ਕਿਹਾ ਹੈ ਕਿ ਕੈਨੇਡਾ ਤੇ ਮੈਕਸੀਕੋ ਦੇ ਸਪਿਰਟਿਸ ਉਤਪਾਦਨਾਂ ਉਪਰ ਟੈਕਸ ਲਾਉਣ ਨਾਲ ਇਸ ਸਨਅਤ ਦਾ ਅਮਰੀਕੀ ਅਰਥਵਿਵਸਥਾ ਵਿੱਚ ਯੋਗਦਾਨ ਖਤਰੇ ਵਿੱਚ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਚਿੰਤਾ ਹੈ ਕਿ ਕੈਨੇਡਾ ਦੇ ਠੇਕਿਆਂ ਤੋਂ ਮੁੜ ਅਮਰੀਕੀ ਸ਼ਰਾਬ ਗਾਇਬ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਇਹ ਵੀ ਡਰ ਹੈ ਕਿ ਅਮਰੀਕੀ ਵਿਸਕੀ ਉਪਰ ਮੋੜਵਾਂ ਟੈਕਸ ਲਾਉਣ ਨਾਲ ਹਾਲਤ ਹੋਰ ਖਰਾਬ ਹੋ ਜਾਵੇਗੀ। ਇਸ ਤੋਂ ਇਲਾਵਾ ਖੇਤੀਬਾੜੀ ਉਤਪਾਦਨ ਵੀ ਮਹਿੰਗੇ ਹੋ ਜਾਣਗੇ ਕਿਉਂਕਿ ਕੈਨੇਡਾ ਤੇ ਮੈਕਸੀਕੋ ਵੱਡੀ ਪੱਧਰ ’ਤੇ ਅਮਰੀਕਾ ਨੂੰ ਖੇਤੀਬਾੜੀ ਉਤਪਾਦਨਾਂ ਦੀ ਬਰਾਮਦ ਕਰਦੇ ਹਨ। ਮੈਕਸੀਕੋ ਤੋਂ ਅਮਰੀਕਾ ਤਾਜਾ ਫ਼ਲ ਤੇ ਸਬਜ਼ੀਆਂ ਦਰਾਮਦ ਕਰਦਾ ਹੈ ਜਦ ਕਿ ਕੈਨੇਡਾ ਅਨਾਜ, ਮੀਟ ਤੇ ਪੋਲਟਰੀ ਉਤਪਾਦਨਾਂ ਤੋਂ ਇਲਾਵਾ ਹੋਰ ਵਸਤਾਂ ਦੀ ਬਰਾਮਦ ਅਮਰੀਕਾ ਨੂੰ ਕਰਦਾ ਹੈ। ਇਹ ਦੋਨੋ ਮੁਲਕ ਅਮਰੀਕਾ ਦੇ ਵੱਡੇ ਵਪਾਰਕ ਭਾਈਵਾਲ ਹਨ।

Loading