ਕੈਨੇਡਾ ਤੋਂ ਪੰਜਾਬੀਆਂ ਦਾ ਮੋਹ ਭੰਗ ਹੋਣ ਲੱਗਿਆ

In ਮੁੱਖ ਲੇਖ
November 20, 2025

ਗੁਰਮੀਤ ਸੁੱਖਪੁਰ
ਕਿਸੇ ਸਮੇਂ ਪੰਜਾਬ ਵਿੱਚ ਕੈਨੇਡਾ ਦੀ ਤੂਤੀ ਬੋਲਦੀ ਸੀ। ਕੈਨੇਡਾ ਦੇ ਪ੍ਰਬੰਧ ਨੂੰ ਦੇਖ ਕੇ ਕਿ ਇੱਥੇ ਘੱਟੋ-ਘੱਟ ਚੰਗੀ ਉਜਰਤ ਮਿਲਦੀ ਹੈ, ਟਰੈਫਿਕ ਦੇ ਨਿਯਮ ਬਹੁਤ ਵਧੀਆ ਹਨ, ਐਕਸੀਡੈਂਟ ਦੀ ਦਰ ਬਹੁਤ ਘੱਟ ਹੈ, ਕੰਮ ਕਰਵਾਉਣ ਲਈ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ ਪੈਂਦੀ, ਔਰਤਾਂ ਨੂੰ ਮੁਕਾਬਲਤਨ ਆਜ਼ਾਦੀ ਹੈ, ਬੱਚਿਆਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਹਨ, ਬਜ਼ੁਰਗਾਂ ਨੂੰ ਚੰਗੀ ਪੈਨਸ਼ਨ ਮਿਲਦੀ ਹੈ, ਚੰਗੀਆਂ ਨੌਕਰੀਆਂ ਤੇ ਆਪਣੇ ਕਾਰੋਬਾਰ ਵਾਲਿਆਂ ਦੀ ਸਥਿਤੀ ਪੰਜਾਬ ਨਾਲੋਂ ਬਿਹਤਰ ਹੈ, ਵਾਤਾਵਰਣ ਬਹੁਤ ਸੋਹਣਾ ਹੈ, ਹਰੇਕ ਰਿਹਾਇਸ਼ੀ ਕਾਲੋਨੀ ਦੇ ਨੇੜੇ ਸ਼ਾਨਦਾਰ ਪਾਰਕ ਹਨ, ਤੁਸੀਂ ਦਰੱਖਤਾਂ ਨੂੰ ਬੇ ਵਜ੍ਹਾ ਕੱਟ ਨਹੀਂ ਸਕਦੇ ਤੇ ਕੂੜਾ ਕਰਕਟ ਨੂੰ ਟਿਕਾਣੇ ਲਾਉਣ ਦੇ ਬਹੁਤ ਹੀ ਚੰਗੇਰੇ ਪ੍ਰਬੰਧਾਂ ਕਾਰਨ ਕਨੇਡਾ ਇੱਕ ਸਮੇਂ ਐਡੇ ਵੱਡੇ ਮੁਕਾਮ ’ਤੇ ਸੀ ਕਿ ਹਰ ਕੋਈ ਕਿਸੇ ਵੀ ਹਾਲਤ ਵਿੱਚ ਕੈਨੇਡਾ ਜਾਣਾ ਚਾਹੁੰਦਾ ਸੀ।
ਪੰਜਾਹ ਕੁ ਸਾਲ ਪਹਿਲਾਂ ਵੱਡੇ ਘਰਾਂ ਦੇ ਬੱਚੇ ਵਿਆਹ ਕਰਵਾ ਕੇ ਇਸ ਸਵਰਗਾਂ ਵਰਗੀ ਖ਼ੁਸ਼ਹਾਲ ਧਰਤੀ ’ਤੇ ਪਹੁੰਚਣ ਵਿੱਚ ਕਾਮਯਾਬ ਹੁੰਦੇ ਰਹੇ ਤੇ ਅੱਗੇ ਦੀ ਅੱਗੇ ਰਿਸ਼ਤੇਦਾਰੀਆਂ ਰਾਹੀਂ ਹਰ ਕੋਈ ਕੋਸ਼ਿਸ਼ ਕਰਦਾ ਤੇ ਥੋੜ੍ਹੇ ਬਹੁਤੇ ਕਾਮਯਾਬ ਵੀ ਹੋ ਜਾਂਦੇ। ਕਈ ਬਾਹਰਲੇ ਰਿਸ਼ਤਿਆਂ ਦੀ ਝਾਕ ਵਿੱਚ ਉਮਰਾਂ ਹੀ ਲੰਘਾ ਬਹਿੰਦੇ ਸਨ। ਪਿਛਲੇ 15 ਕੁ ਸਾਲਾਂ ਤੋਂ ਆਈਲੈਟਸ ਨਾਂਅ ਦੀ ਸ਼ੈਅ ਨੇ ਪੰਜਾਬ ਦੀ ਜਵਾਨੀ ਨੂੰ ਚੰਗੇ ਬੈਂਡ ਲੈ ਕੇ ਪੜ੍ਹਨ ਲਈ ਕੈਨੇਡਾ ਜਾਣ ਦਾ ਐਸਾ ਰਸਤਾ ਬਣਾਇਆ ਜੋ ਕਿ 2021, 2022, 2023 ਤੇ 2024 ਵਿੱਚ ਹਾਈਵੇ ਦਾ ਰੂਪ ਧਾਰਨ ਕਰ ਗਿਆ। ਵਿਦਿਆਰਥੀਆਂ ਨਾਲ ਭਰੇ ਜਹਾਜ਼ਾਂ ਦੀਆਂ ਉਡਾਣਾਂ ਹਰ ਰੋਜ਼ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ ਏਅਰਪੋਰਟਾਂ ’ਤੇ ਜਾ ਉਤਰਨੀਆਂ ਸ਼ੁਰੂ ਹੋਈਆਂ। ਵੱਖ-ਵੱਖ ਏਅਰਲਾਈਨਾਂ ਨੇ ਪਿਛਲੇ ਸਮੇਂ ਦੌਰਾਨ ਹਵਾਈ ਯਾਤਰਾਵਾਂ ਦੀਆਂ ਮਹਿੰਗੀਆਂ ਟਿਕਟਾਂ ਵੇਚ ਕੇ ਚੋਖਾ ਧਨ ਕਮਾਇਆ।
ਸਾਲ 2019 ਵਿੱਚ 4,00600 ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ। 2020 ਵਿੱਚ ਕੋਵਿਡ ਕਾਰਨ ਇਹ ਥੋੜ੍ਹੇ ਘਟੇ ਜ਼ਰੂਰ, ਪਰ ਫਿਰ ਵੀ 2,55000 ਹਜ਼ਾਰ ਸਟੱਡੀ ਪਰਮਿਟ ਜਾਰੀ ਕੀਤੇ ਗਏ। ਇਸੇ ਤਰ੍ਹਾਂ 2021, 2022, 2023 ਤੇ 2024 ਵਿੱਚ ਕ੍ਰਮਵਾਰ 4,44260, 5,51405, 6,82889 ਤੇ 3,60000 ਪਰਮਿਟ ਜਾਰੀ ਹੋਏ। 2025 ਵਿੱਚ ਸਟੱਡੀ ਪਰਮਿਟਾਂ ’ਤੇ ਲਗਾਏ ਗਏ 30% ਕੱਟ ਦੇ ਬਾਵਜੂਦ 1,49860 ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ। 31 ਜੁਲਾਈ 2025 ਤੱਕ 2,86465 ਵਿਦਿਆਰਥੀਆਂ ਕੋਲ ਵਰਕ ਪਰਮਿਟ ਸਨ ਤੇ 31 ਜੁਲਾਈ 2025 ਤੱਕ 4,99365 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਅਜੇ ਤੱਕ ਵਰਕ ਪਰਮਿਟ ਨਹੀਂ ਮਿਲੇ। ਕੁੱਲ ਮਿਲਾ ਕੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜਿਸ ਢੰਗ ਨਾਲ ਵਿਦਿਆਰਥੀਆਂ ਨੂੰ ਪੀਆਰ ਕਰਨ ਦੇ ਢੰਗਾਂ ਨੂੰ ਗੁੰਝਲਦਾਰ ਬਣਾਇਆ ਗਿਆ ਹੈ, ਉਸ ਮੁਤਾਬਕ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਵਾਪਸ ਮੁੜਨ ਦੀ ਖ਼ਤਰਨਾਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬੀ ਭਾਈਚਾਰੇ ਨਾਲ ਸਬੰਧਤ ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਨੇ ਪਿਛਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਨੂੰ ਲਿਖਤੀ ਰੂਪ ਵਿੱਚ ਮਹਿੰਗੇ ਕਰਜ਼ੇ ਚੁੱਕ ਕੇ ਫੀਸਾਂ ਭਰ ਕੇ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਹੈ। ਕੈਨੇਡਾ ਸਰਕਾਰ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਜਿੰਨਾ ਚਿਰ ਤੱਕ ਵਿਦਿਆਰਥੀ ਪੀ.ਆਰ. ਨਹੀਂ ਹੋ ਜਾਂਦੇ ਉਦੋਂ ਤੱਕ ਉਨ੍ਹਾਂ ਦੇ ਵਰਕ ਪਰਮਿਟਾਂ ਵਿੱਚ ਆਟੋਮੈਟਿਕ ਤੌਰ ’ਤੇ ਵਾਧਾ ਕੀਤਾ ਜਾਵੇ। ਪਿਛਲੇ ਸਮੇਂ ਤੋਂ ਵਿਦਿਆਰਥੀ ਵੀ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਪੰਜਾਬੀ ਕਮਿਊਨਿਟੀ ਵੱਲੋਂ ਜਿੰਨਾ ਵੱਡਾ ਹੁੰਗਾਰਾ ਮਿਲਣਾ ਚਾਹੀਦਾ ਸੀ, ਉਸ ਤਰ੍ਹਾਂ ਦਾ ਨਹੀਂ ਮਿਲਿਆ। ਵਿਦਿਆਰਥੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਬਹੁਤ ਸਾਰਿਆਂ ਕੋਲ ਤਾਂ ਕੰਮ ਵੀ ਨਹੀਂ ਹੈ। ਜਿਨ੍ਹਾਂ ਕੋਲ ਕੰਮ ਹੈ ਉਹ ਲਗਾਤਾਰ ਸਿਫਟਾਂ ਲਾ ਲਾ ਕੇ ਬੌਂਦਲੇ ਤੁਰੇ ਫਿਰਦੇ ਹਨ, ਕਿਸੇ ਨੂੰ ਕਿਤੋਂ ਵੀ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ।
ਕੈਨੇਡਾ ਵਿੱਚ ਨਵੇਂ ਆਏ ਲੋਕ ਪਾਰਕਾਂ ਵਿੱਚ ਬੈਠੇ ਇਹੀ ਚਰਚਾ ਕਰਦੇ ਨਜ਼ਰ ਆਉਂਦੇ ਹਨ ਕਿ ਪੰਜਾਬ ਇੱਥੋਂ ਨਾਲੋਂ ਕਿਤੇ ਵਧੀਆ ਹੈ। ਐਵੇਂ ਬੱਚਿਆਂ ਮਗਰ ਲੱਗ ਕੇ ਕੀਤੇ ਫ਼ੈਸਲਿਆਂ ਨੂੰ ਵਾਰ-ਵਾਰ ਕੋਸ ਰਹੇ ਹਨ। ਕੈਨੇਡਾ ਦੀ ਮਹਿੰਗਾਈ ਨੇ ਹਰ ਕਿਸੇ ਦਾ ਕਚੂਮਰ ਕੱਢ ਰੱਖਿਆ ਹੈ, ਸਰਮੋਂ ਸ਼ਰਮੀਂ ਲੋਕ ਗੱਲ ਕਰਨ ਤੋਂ ਅਕਸਰ ਟਾਲਾ ਵੱਟਦੇ ਨਜ਼ਰੀਂ ਪੈਂਦੇ ਹਨ। ਬਹੁਤੇ ਤਾਂ ਅੰਦਰੋ ਅੰਦਰੀ ਇਸ ਮੁਲਕ ਵਿੱਚ ਫਸੇ ਫਸੇ ਮਹਿਸੂਸ ਕਰਦੇ ਹੋਏ ਆਪਣੇ ਵਤਨਾਂ ਨੂੰ ਉਡਾਰੀ ਮਾਰਨ ਦੀ ਤੀਬਰ ਤਾਂਘ ਨੂੰ ਦਬਾਉਂਦੇ ਹੋਏ ਹਾਲਤਾਂ ਨਾਲ ਸਮਝੌਤਾ ਕਰਨ ਵਿੱਚ ਹੀ ਭਲਾ ਸਮਝਦੇ ਹਨ। ਮਹਿੰਗੇ ਭਾਅ ਦੀ ਗਰੌਸਰੀ, ਬੇਸਮੈਂਟਾਂ ਦੇ ਕਿਰਾਏ, ਘਰਾਂ ਦੀਆਂ ਕਿਸ਼ਤਾਂ, ਕਾਰਾਂ ਦੀ ਮਹਿੰਗੀ ਇੰਸੋਰੈਂਸ, ਘਰਾਂ ਦੇ ਵਧੇ ਹੋਏ ਟੈਕਸਾਂ ਦੀਆਂ ਦਰਾਂ ਤੇ ਘਰਾਂ ਦੀਆਂ ਬਿਲਬੱਤੀਆਂ ਹਰ ਸਮੇਂ ਦਿਮਾਗ਼ ਦਾ ਕੁੰਡਾ ਖੜਕਾਉਂਦੀਆਂ ਰਹਿੰਦੀਆਂ ਹਨ।
ਇਸ ਪੂਰੇ ਵਰਤਾਰੇ ਨੂੰ ਸਮਝਣ ਲਈ ਪਰਵਾਸ ਦੇ ਕਾਰਨਾਂ ਨੂੰ ਜਾਣਨ ਦੇ ਨਾਲ ਨਾਲ ਸੰਸਾਰ ਪੱਧਰ ’ਤੇ ਚੱਲ ਰਹੇ ਮੰਦਵਾੜੇ ਦੇ ਦੌਰ ਨੂੰ ਸਮਝਣ ਦੀ ਲੋੜ ਹੈ। ਕਿਸੇ ਸਮੇਂ ਤੀਸਰੀ ਦੁਨੀਆ ਦੇ ਮੁਲਕਾਂ ਦੇ ਲੋਕਾਂ ਨੂੰ ਸਵਰਗ ਜਾਪਦੇ ਸਾਮਰਾਜੀ ਮੁਲਕ ਖ਼ੁਦ ਡੂੰਘੇ ਆਰਥਿਕ ਸਿਆਸੀ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਮੁੱਕਦੀ ਗੱਲ ਇਹ ਹੈ ਕਿ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ, ਪਰ ਹੁੰਦੇ ਨਹੀਂ ਹਨ ਜਾਂ ਇੰਜ ਕਹਿ ਲਓ ਕਿ ‘ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ।’ ਲੱਖਾਂ ਡਾਲਰ ਫੀਸਾਂ ਭਰਕੇ ਕੈਨੇਡਾ ਦੀ ਧਰਤੀ ’ਤੇ ਪੁੱਜੇ ਨੌਜਵਾਨਾਂ ਦੇ ਸੁਪਨੇ ਬਿਖਰਨੇ ਸ਼ੁਰੂ ਹੋ ਗਏ ਹਨ। ਅਜਿਹੇ ਹਾਲਾਤ ਵਿੱਚ ਵਾਪਸ ਆਪਣੇ ਮੁਲਕ ਪਰਤਣ ਤੋਂ ਸਿਵਾਏ ਕੋਈ ਹੋਰ ਰਸਤਾ ਵਿਖਾਈ ਨਹੀਂ ਦਿੰਦਾ। ਮੱਧ ਵਰਗ ਦੇ ਲੋਕਾਂ ਖ਼ਾਸ ਕਰਕੇ ਪੇਂਡੂ ਨੌਜਵਾਨਾਂ ਦੇ ਮਾਪਿਆਂ ਨੇ ਜ਼ਮੀਨਾਂ ਗਹਿਣੇ, ਬੈਅ ਕਰਕੇ ਆਪਣੇ ਕਰਜ਼ੇ ਦਾ ਬੋਝ ਹੌਲਾ ਕਰਨ ਦੇ ਜੋ ਸੁਪਨੇ ਸੰਜੋਏ ਸਨ, ਉਹ ਪੂਰੇ ਹੁੰਦੇ ਨਹੀਂ ਜਾਪਦੇ। ਕੈਨੇਡਾ ਦੀ ਧਰਤੀ ਤੋਂ ਖੱਜਲ ਖੁਆਰੀਆਂ ਝੱਲਦਿਆਂ ਅਤੇ ਕੱਖੋਂ ਹੌਲੇ ਹੋਏ ਵਾਪਸ ਆਪਣੀ ਧਰਤੀ ’ਤੇ ਪਹੁੰਚਣ ਵਾਲੇ ਨੌਜਵਾਨਾਂ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਡੁੱਬਣ ਦੀ ਥਾਂ ਚੰਗੇਰੇ ਰੌਸ਼ਨ ਭਵਿੱਖ ਲਈ, ਆਪਣੀ ਹੋਣੀ ਨੂੰ ਜੱਦੋ-ਜਹਿਦ ਰਾਹੀਂ ਬਦਲਣ ਦੇ ਸੂਹੇ ਮਾਰਗ ਦੀ ਤਲਾਸ਼ ਕਰਨੀ ਚਾਹੀਦੀ ਹੈ।

Loading