ਟਰੰਪ ਦੇ ਦਖਲ ਨੇ ਕੈਨੇਡਾ ਵਿੱਚ ਸਿਆਸਤ ਨੂੰ ਪਹਿਲਾਂ ਹੀ ਨਵਾਂ ਰੂਪ ਦੇ ਦਿੱਤਾ ਹੈ। ਪਹਿਲਾਂ ਜਿਥੇ ਲੱਗ ਰਿਹਾ ਸੀ ਕਿ ਇਸ ਵਾਰ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੋਵੇਗੀ, ਉੱਥੇ ਹੁਣ ਇਹ ਮੁਕਾਬਲਾ ਕੰਜ਼ਰਵੇਟਿਵ ਅਤੇ ਲਿਬਰਲਾਂ ਵਿਚਕਾਰ ਬਰਾਬਰੀ ਦਾ ਨਜ਼ਰ ਆਉਣ ਲੱਗਿਆ ਹੈ।
ਅਗਲੇ ਕੁਝ ਹਫ਼ਤਿਆਂ ਵਿੱਚ ਅਮਰੀਕੀ ਰਾਸ਼ਟਰਪਤੀ ਕੀ ਕਹਿੰਦੇ ਹਨ ਅਤੇ ਕਰਦੇ ਹਨ, ਇਹ ਨਿਸ਼ਚਤ ਤੌਰ 'ਤੇ ਚੋਣ ਦੌੜ ਵਿੱਚ ਅਹਿਮ ਭੂਮਿਕਾ ਨਿਭਾਵੇਗਾ।ਉਦਾਹਰਨ ਲਈ, 2 ਅਪ੍ਰੈਲ ਨੂੰ ਚੋਣ ਮੁਹਿੰਮ ਦੇ ਦੂਜੇ ਹਫ਼ਤੇ ਦੌਰਾਨ, ਵ੍ਹਾਈਟ ਹਾਊਸ ਵੱਲੋਂ ਗਲੋਬਲ ਟੈਰਿਫਾਂ ਦਾ ਐਲਾਨ ਕਰਨ ਦੀ ਉਮੀਦ ਹੈ।
ਉਹ ਚੋਣਾਂ ਬਾਰੇ ਆਪਣੇ ਵਿਚਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ। 18 ਮਾਰਚ ਨੂੰ ਉਨ੍ਹਾਂ ਨੇ ਫੌਕਸ ਨਿਊਜ਼ ਦੀ ਹੋਸਟ ਲੌਰਾ ਇੰਗ੍ਰਾਹਮ ਨੂੰ ਕਿਹਾ ਕਿ ਕੰਜ਼ਰਵੇਟਿਵ ਆਗੂ ਪਿਏਰ ਪੋਲੀਏਵ "ਮੂਰਖਤਾਪੂਰਨ ਢੰਗ ਨਾਲ, ਮੇਰੇ ਦੋਸਤ ਨਹੀਂ ਹੈ" ਅਤੇ "ਅਸਲ ਵਿੱਚ ਇੱਕ ਉਦਾਰਵਾਦੀ ਨਾਲ ਨਜਿੱਠਣਾ ਆਸਾਨ ਹੋ ਸਕਦਾ ਹੈ।"
ਅਖੀਰ ਵਿੱਚ ਉਨ੍ਹਾਂ ਕਿਹਾ, ਕੌਣ ਜਿੱਤਦਾ ਹੈ "ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦਾ"।
ਕੈਨੇਡੀਅਨ ਜਾਣਦੇ ਹਨ ਕਿ ਉਨ੍ਹਾਂ ਦੇ ਅਗਲੇ ਪ੍ਰਧਾਨ ਮੰਤਰੀ ਕੋਲ ਡੌਨਲਡ ਟਰੰਪ ਨਾਲ ਨਜਿੱਠਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।
ਇਸ ਲਈ ਬਹੁਤ ਸਾਰੇ ਵੋਟਰਾਂ ਦੇ ਮਨਾਂ ਵਿੱਚ ਇਹ ਸਵਾਲ ਹੈ- ਇੱਕ ਮਨਮੌਜੀ ਅਮਰੀਕੀ ਰਾਸ਼ਟਰਪਤੀ ਨੂੰ ਸਭ ਤੋਂ ਵੱਧ ਕੁਸ਼ਲਤਾ ਨਾਲ ਕੌਣ ਸੰਭਾਲ ਸਕਦਾ ਹੈ?
ਇਹ ਮੁਕਾਬਲਾ ਮੂਲ ਰੂਪ ਵਿੱਚ ਨਵੇਂ ਲਿਬਰਲ ਆਗੂ ਮਾਰਕ ਕਾਰਨੀ ਅਤੇ ਪਿਅਰ ਪੋਲੀਏਵ ਵਿਚਕਾਰ ਹੈ, ਜੋ 2022 ਤੋਂ ਕੰਜ਼ਰਵੇਟਿਵਾਂ ਦੀ ਅਗਵਾਈ ਕਰ ਰਹੇ ਹਨ।
ਦੋ ਹੋਰ ਵੱਡੀਆਂ ਪਾਰਟੀਆਂ ਹਨ - ਖੱਬੇ-ਪੱਖੀ ਨਿਊ ਡੈਮੋਕਰੇਟਸ (ਐਨਡੀਪੀ) ਅਤੇ ਬਲੋਕ ਕੀਬੀਕੁਆ - ਪਰ ਕੈਨੇਡੀਅਨਾਂ ਨੇ ਇਤਿਹਾਸਕ ਤੌਰ 'ਤੇ ਕੰਜ਼ਰਵੇਟਿਵ ਜਾਂ ਲਿਬਰਲ ਸਰਕਾਰਾਂ ਹੀ ਚੁਣੀਆਂ ਹਨ।
60 ਸਾਲਾ ਕਾਰਨੀ ਇੱਕ ਸਾਬਕਾ ਕੇਂਦਰੀ ਬੈਂਕਰ ਹਨ ਜੋ ਸਿਆਸਤ ਵਿੱਚ ਨਵੇਂ ਹਨ। ਜਦੋਂ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜਸਟਿਨ ਟਰੂਡੋ ਤੋਂ ਅਹੁਦਾ ਸੰਭਾਲਿਆ, ਤਾਂ ਉਹ ਕੈਨੇਡਾ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣੇ ਜੋ ਕਦੇ ਵੀ ਸੰਸਦ ਮੈਂਬਰ ਨਹੀਂ ਰਹੇ।।
ਉਨ੍ਹਾਂ ਕੋਲ ਵਿਸ਼ਵ ਪੱਧਰ ਦਾ ਤਜ਼ਰਬਾ ਹੈ। ਉਨ੍ਹਾਂ ਨੇ 2013-2020 ਤੱਕ ਬੈਂਕ ਆਫ਼ ਇੰਗਲੈਂਡ ਨੂੰ ਸੰਭਾਲਿਆ ਹੈ ਪਰ ਸਿਆਸੀ ਮੁਹਿੰਮ ਵਿੱਚ ਉਨ੍ਹਾਂ ਕੋਲ ਸਮਾਂ ਘੱਟ ਹੈ ਅਤੇ ਇਹ ਆਮ ਚੋਣਾਂ ਉਨ੍ਹਾਂ ਦੀ ਪਹਿਲੀ ਅਸਲ ਪ੍ਰੀਖਿਆ ਹੋਣਗੀਆਂ।
ਜੇਕਰ ਲਿਬਰਲ ਚੋਣ ਜਿੱਤਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਦਾ ਕਾਰਜਕਾਲ ਦੇਸ਼ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਹੋ ਸਕਦਾ ਹੈ।
ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਕਾਰਨੀ ਨੇ ਕਿਹਾ ਹੈ ਕਿ "ਰਾਸ਼ਟਰਪਤੀ ਟਰੰਪ ਦੀਆਂ ਅਣਉਚਿਤ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਲਈ ਉਨ੍ਹਾਂ ਦੇ ਖਤਰਿਆਂ ਕਾਰਨ ਅਸੀਂ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ।'ਉਨ੍ਹਾਂ ਕਿਹਾ, "ਉਹ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਜਾਵੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਇਸ ਲਈ ਮੈਂ ਆਪਣੇ ਸਾਥੀ ਕੈਨੇਡਿਆਈ ਨਾਗਰਿਕਾਂ ਕੋਲੋਂ ਇੱਕ ਮਜ਼ਬੂਤ ਸਕਾਰਾਤਮਕ ਫ਼ਤਵਾ ਮੰਗ ਰਿਹਾ ਹਾਂ। ਮੈਂ ਗਵਰਨਰ ਜਨਰਲ ਨੂੰ ਸੰਸਦ ਭੰਗ ਕਰਨ ਅਤੇ 28 ਅਪਰੈਲ ਨੂੰ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ।