
ਵਿਨੀਪੈਗ/ਏ.ਟੀ.ਨਿਊਜ਼: ਬਰਤਾਨਵੀ ਸਮਰਾਟ ਚਾਰਲਸ ਤੀਜੇ ਨੇ ਓਟਾਵਾ ਵਿੱਚ ਕੈਨੇਡਾ ਦੀ ਪਾਰਲੀਮੈਂਟ ਦਾ ਉਦਘਾਟਨ ਕਰਦਿਆਂ ਕੈਨੇਡਾ ਦੀ ਵਿਲੱਖਣ ਪਛਾਣ ਅਤੇ ਆਰਥਿਕ ਖੇਤਰ ਵਿੱਚ ਨਵੀਂ ਤਬਦੀਲੀ ਦੀ ਸਮਰੱਥਾ ਦੇ ਮੌਕਿਆਂ ਅਤੇ ਕੈਨੇਡਾ ਦੀ ਕੌਮਾਂਤਰੀ ਮੰਚ ਉੱਤੇ ਸ਼ਾਨਦਾਰ ਭੂਮਿਕਾ ਨੂੰ ਦਿ੍ਰੜ੍ਹਾਇਆ। ਉਨ੍ਹਾਂ ਕੈਨੇਡਾ ਦੀ 45ਵੀਂ ਸੰਸਦ ਦਾ ਉਦਘਾਟਨ ਕਰਦਿਆਂ ਫੈਡਰਲ ਸਰਕਾਰ ਦੀ ਥਰੋਨ ਸਪੀਚ ਵਿੱਚ ਕੈਨੇਡਾ ਦੀ ਪ੍ਰਭੂਸੱਤਾ ਦੀ ਪੁਸ਼ਟੀ ਕਰਦਿਆਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡੀਅਨ ਅਰਥਚਾਰੇ ਵਿੱਚ ਸਭ ਤੋਂ ਵੱਡੀ ਤਬਦੀਲੀ ਦੇ ਵਾਅਦੇ ਨੂੰ ਦੁਹਰਾਇਆ। ਇਹ ਤੀਜੀ ਵਾਰ ਹੈ ਜਦੋਂ ਕਿਸੇ ਬਰਤਾਨਵੀ ਸਮਰਾਟ ਨੇ ਥ੍ਰੋਨ ਸਪੀਚ ਦਿੱਤੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਧਮਕੀਆਂ ਉਪਰੰਤ ਬਰਤਾਨਵੀ ਸਮਰਾਟ ਨੂੰ ਪਾਰਲੀਮੈਂਟ ਦੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਬੁਲਾਇਆ ਸੀ ਤਾਂ ਕਿ ਅਮਰੀਕਾ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਪਸ਼ਟ ਸੰਦੇਸ਼ ਦਿੱਤਾ ਜਾ ਸਕੇ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵੱਲੋਂ ਕਿੰਗ ਚਾਰਲਸ ਦੇ ਦਫ਼ਤਰ ਨਾਲ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤੀ ਥਰੋਨ ਸਪੀਚ ਵਿੱਚ ਲਿਬਰਲ ਸਰਕਾਰ ਦੇ ਉਦਾਰਵਾਦੀ ਚੋਣ ਵਾਅਦਿਆਂ ਨੂੰ ਛੂਹਿਆ ਗਿਆ, ਜਿਸ ਵਿੱਚ ਮੱਧ-ਵਰਗ ਲਈ ਟੈਕਸ ਵਿੱਚ ਕਟੌਤੀ, ਅੰਤਰ-ਰਾਜ਼ੀ ਵਪਾਰ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀਆਂ ਤੇਜ਼ ਪ੍ਰਵਾਨਗੀਆਂ ਸ਼ਾਮਲ ਹਨ। ਸਰਕਾਰ ਦੇ ਭਾਸ਼ਣ ਨੂੰ ਪੜ੍ਹਦੇ ਹੋਏ, ਕਿੰਗ ਚਾਰਲਸ ਨੇ ਕਿਹਾ ਕਿ ਸਰਕਾਰੀ ਖ਼ਰਚ ਹਰ ਸਾਲ ਨੌਂ ਪ੍ਰਤੀਸ਼ਤ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਨੀ ਸਰਕਾਰ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਟਰਾਂਸਫ਼ਰ ਨੂੰ ਬਰਕਰਾਰ ਕਰਦੇ ਹੋਏ ਸਰਕਾਰੀ ਖ਼ਰਚ ਨੂੰ ਦੋ ਪ੍ਰਤੀਸ਼ਤ ਤੋਂ ਹੇਠਾਂ ਲਿਆਉਣ ਲਈ ਉਪਾਅ ਪੇਸ਼ ਕਰੇਗੀ।
ਚਾਰਲਸ ਨੇ ਕੈਨੇਡਾ ਦੀ ਸਰਹੱਦ ’ਤੇ ਸੁਰੱਖਿਆ ਵਧਾਉਣ ਲਈ ਕਾਨੂੰਨ ਪੇਸ਼ ਕਰਨ ਦੇ ਸਰਕਾਰ ਦੇ ਇਰਾਦਿਆਂ ਦੀ ਗੱਲ ਕਰਦਿਆਂ ਪਾਰਲੀਮੈਂਟ ਦੀ ਸ਼ੁਰੂਆਤ ਕੀਤੀ। ਇਹ ਕਾਨੂੰਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਨਿਰਯਾਤ ਲਈ ਨਿਰਧਾਰਿਤ ਸਮਾਨ ਦੀ ਜਾਂਚ ਕਰਨ ਲਈ ਨਵੀਆਂ ਸ਼ਕਤੀਆਂ ਪ੍ਰਦਾਨ ਕਰੇਗਾ। ਸਰਕਾਰ ਨੇ 1,000 ਹੋਰ ਆਰ.ਸੀ.ਐੱਮ.ਪੀ. ਅਧਿਕਾਰੀਆਂ ਨੂੰ ਨਿਯੁਕਤ ਕਰਨ ਅਤੇ ਕਾਰ ਚੋਰੀ, ਘਰਾਂ ’ਤੇ ਹਮਲੇ ਅਤੇ ਮਨੁੱਖੀ ਤਸਕਰੀ ਸਮੇਤ ਕਈ ਅਪਰਾਧਾਂ ਲਈ ਜ਼ਮਾਨਤ ਨੂੰ ਔਖਾ ਬਣਾਉਣ ਲਈ ਕ੍ਰਿਮੀਨਲ ਕੋਡ ਨੂੰ ਅਪਡੇਟ ਕਰਨ ਦੇ ਆਪਣੇ ਵਾਅਦੇ ਨੂੰ ਦੁਹਰਾਇਆ।
ਥਰੋਨ ਸਪੀਚ ਵਿੱਚ ਕਿੰਗ ਨੇ ਕਿਹਾ ਕੇ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਫ਼ਜ਼ੂਲ ਖ਼ਰਚੀ ਘਟਾ ਕੇ, ਪਬਲਿਕ ਸਰਵਿਸ ਨੂੰ ਸੀਮਤ ਕਰਕੇ, ਡੁਪਲੀਕੇਸ਼ਨ ਖ਼ਤਮ ਕਰਕੇ, ਅਤੇ ਪਬਲਿਕ ਸੈਕਟਰ ਦੀ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਟੈਕਨਾਲੋਜੀ ਦੀ ਵਰਤੋਂ ਨਾਲ ਆਪਣੇ ਸੰਚਾਲਨ ਬਜਟ ਨੂੰ ਸੰਤੁਲਿਤ ਕਰੇਗੀ। ਉਨ੍ਹਾਂ ਕਿਹਾ ਕਿ ਕਾਰਨੀ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਵੀ ਕਰ ਰਹੇ ਹਨ।
ਬਰਤਾਨਵੀ ਸਮਰਾਟ ਨੇ ਕੈਨੇਡਾ ਦੇ ਮੁਖੀ ਵਜੋਂ ਸੰਬੋਧਨ ਕਰਦਿਆਂ ਦੇਸ਼ ਦੀ ਪ੍ਰਭੂਸੱਤਾ ’ਤੇ ਜ਼ੋਰ ਦਿੰਦਿਆਂ ਕੈਨੇਡਾ ਦੀ ਵਿਲੱਖਣ ਪਛਾਣ ਨੂੰ ਪਕੇਰਾ ਕੀਤਾ। ਉਨ੍ਹਾਂ ਕਿਹ, ‘‘ਮੈਨੂੰ ਹਮੇਸ਼ਾ ਕੈਨੇਡਾ ਦੀ ਵਿਲੱਖਣ ਪਛਾਣ ’ਤੇ ਖ਼ੁਸ਼ੀ ਹੁੰਦੀ ਹੈ, ਜਿਸ ਨੂੰ ਦੁਨੀਆ ਭਰ ਵਿੱਚ ਮਾਨਤਾ ਪ੍ਰਾਪਤ ਹੈ।’’ ਉਨ੍ਹਾਂ ਮਹਾਰਾਣੀ ਐਲਿਜ਼ਬੈੱਥ ਵੱਲੋਂ 1957 ਵਿੱਚ ਕੈਨੇਡਾ ਦੀ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਕੀਤੇ ਜਾਣ ਦੀ ਇਤਿਹਾਸਕ ਘਟਨਾ ਨੂੰ ਯਾਦ ਕਰਦਿਆਂ ਕੈਨੇਡਾ ਨਾਲ ਆਪਣੇ ਨੇੜਲੇ ਰਿਸ਼ਤਿਆਂ ਦਾ ਜ਼ਿਕਰ ਕੀਤਾ। ਇਹ ਉਨ੍ਹਾਂ ਵੱਲੋਂ ਕੈਨੇਡਾ ਦਾ 20ਵਾਂ ਦੌਰਾ ਸੀ।
ਉਂਝ ਥਰੋਨ ਸਪੀਚ ਤੋਂ ਪਹਿਲਾਂ ਕਿੰਗ ਚਾਰਲਸ ਅਤੇ ਰਾਣੀ ਕੈਮਿਲਾ ਓਟਾਵਾ ਵਿੱਚ ਕਈ ਹੋਰ ਰਸਮੀ ਆਯੋਜਨ ਦੇ ਰੂਬਰੂ ਹੋਏ। ਸ਼ਾਹੀ ਜੋੜਾ ਕੈਨੇਡਾ ਦੇ ਸ਼ਾਹੀ ਰਥ ਵਿੱਚ ਸਵਾਰ ਹੋ ਕੇ ਸੈਨੇਟ ਪਹੁੰਚਿਆ। ਘੋੜਿਆਂ ਦਾ ਇਹ ਰਸਮੀ ਰਥ ਸ਼ਾਹੀ ਸਵਾਰੀ ਲਈ ਵਰਤਿਆ ਜਾਂਦਾ ਹੈ। ਇਸ ਸ਼ਾਹੀ ਸਵਾਰੀ ਵਿੱਚ 28 ਘੋੜੇ ਹੁੰਦੇ ਹਨ, ਜਿਨ੍ਹਾਂ ਵਿਚੋਂ 14 ਰਥ ਨੂੰ ਖਿੱਚਦੇ ਹਨ ਅਤੇ 14 ਘੋੜੇ ਉਸ ਦੇ ਪਿੱਛੇ ਚਲਦੇ ਹਨ। ਸੈਨੇਟ ਪਹੁੰਚਣ ’ਤੇ ਕਿੰਗ ਚਾਰਲਸ ਦਾ ਪੂਰੇ ਫ਼ੌਜੀ ਸਨਮਾਨ ਨਾਲ ਸਵਾਗਤ ਕੀਤਾ ਗਿਆ। ਇਸ ਵਿੱਚ ਰਾਇਲ ਕੈਨੇਡੀਅਨ ਰੈਜੀਮੈਂਟ ਦੀ ਥਰਡ ਬਟਾਲੀਅਨ ਦੇ 100 ਮੈਂਬਰਾਂ ਵੱਲੋਂ ਗਾਰਡ ਆਫ਼ ਆਨਰਜ਼ ਅਤੇ 21 ਬੰਦੂਕਾਂ ਦੀ ਸਲਾਮੀ ਵੀ ਸ਼ਾਮਲ ਸੀ।