
ਪੰਜਾਬ ਵਿੱਚ ਆਏ ਜ਼ਬਰਦਸਤ ਹੜ੍ਹਾਂ ਨੇ ਜਿੱਥੇ ਇੱਕ ਪਾਸੇ ਸਾਡੇ ਰਾਜਨੀਤਕ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਬਾਰੇ ਕਈ ਕਿੱਸੇ-ਕਹਾਣੀਆਂ ਲੋਕਾਂ ਸਾਹਮਣੇ ਲਿਆਂਦੇ ਹਨ, ਓਥੇ ਹੀ ਸਾਡੇ ਮੁਲਕ ਦੇ ਪ੍ਰਬੰਧਕੀ ਢਾਂਚੇ ਦੀਆਂ ਕਮਜ਼ੋਰੀਆਂ ਵੀ ਜੱਗ ਜ਼ਾਹਰ ਹੋਈਆਂ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਡੈਮਾਂ, ਬੈਰਾਜਾਂ, ਸੜਕਾਂ ਅਤੇ ਪੁਲਾਂ ਦੇ ਨਿਰਮਾਣ ਅਤੇ ਰੱਖ-ਰਖਾਅ ਦੀ ਵੀ ਖੁੱਲ੍ਹ ਕੇ ਸੋਸ਼ਲ ਮੀਡੀਆ ’ਤੇ ਚਰਚਾ ਚੱਲੀ ਹੈ। ਮਾਧੋਪੁਰ ਦੇ ਬੈਰਾਜ ਦੇ ਪਾਣੀ ਕੰਟਰੋਲ ਕਰਨ ਵਾਲੇ ਗੇਟ ਅਤੇ ਉਸ ਦੀ ਫਾਊਂਡੇਸ਼ਨ ਪਾਣੀ ਦੇ ਦਬਾਅ ਨੂੰ ਨਾਂ ਝੱਲਦਿਆਂ ਉੱਖੜ ਗਏ ਜਿਸ ਨਾਲ ਬੜੇ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਹਿੱਤ ਤਿੰਨ ਹੇਠਲੇ ਦਰਜੇ ਦੇ ਅਫ਼ਸਰਾਂ ਨੂੰ ਮੁਅੱਤਲ ਕਰਨ ਵਾਲੀ ਰਵਾਇਤੀ ਜਿਹੀ ਕਾਰਵਾਈ ਕਰ ਕੇ ਗੱਲ ਦੀ ਗੰਭੀਰਤਾ ਨੂੰ ਟਾਲਣ ਅਤੇ ਖੂਹ ਖਾਤੇ ਵਿੱਚ ਪਾਉਣ ਦਾ ਯਤਨ ਕੀਤਾ ਗਿਆ ਹੈ। ਭਲਾ ਇਸ ਵੱਡੀ ਅਣਗਹਿਲੀ ਲਈ ਸਿਰਫ਼ ਇਕ ਓਵਰਸੀਅਰ, ਸਬ ਡਵੀਜ਼ਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਹੀ ਜ਼ਿੰਮੇਵਾਰ ਹੋ ਸਕਦੇ ਹਨ? ਜਵਾਬ ਹੈ ਨਹੀਂ, ਹਰਗਿਜ਼ ਨਹੀਂ। ਇਹ ਤਾਂ ਪੂਰੇ ਭਰਿਸ਼ਟ ਤੰਤਰ ’ਤੇ ਸਿਰਫ਼ ਪਰਦਾ ਪਾਉਣ ਵਾਲੀ ਕਾਗਜ਼ੀ ਕਾਰਵਾਈ ਤੋਂ ਵਧੀਕ ਕੁਝ ਵੀ ਨਹੀਂ ਹੈ । ਸਾਡੇ ਭ੍ਰਿਸ਼ਟ ਤੰਤਰ ਦਾ ਇਹ ਹੀ ਪੁਰਾਣਾ ਇਤਿਹਾਸਕ ਦਸਤੂਰ ਹੈ। ਤੁਸੀਂ ਕਿਸੇ ਵੀ ਇਹੋ ਜਿਹੀ ਪੁਰਾਣੀ ਮੁਅੱਤਲੀ ਦੇ ਰਿਕਾਰਡ ਦੀ ਨਿਰਖ-ਪਰਖ ਕਰ ਕੇ ਇਸੇ ਹੀ ਨਤੀਜੇ ’ਤੇ ਪਹੁੰਚੋਗੇ। ਸੜਕਾਂ, ਪੁਲ, ਇਮਾਰਤਾਂ ਤਾਂ ਬਣਦੀਆਂ ਹੀ ਟੁੱਟਣ ਲਈ ਹੁੰਦੀਆਂ ਹਨ। ਵੱਡੇ-ਵੱਡੇ ਲੋੜੋਂ ਕਿਤੇ ਵੱਧ ਉੱਚੇ ਵਿਗਿਆਪਨ ਬੋਰਡ ਹਵਾ ਦੇ ਦਬਾਅ ਨਾ ਸਹਿੰਦੇ ਹੋਏ ਉੱਖੜ ਕੇ ਰਾਹ ਜਾਂਦੇ ਰਾਹੀਆਂ ਦੀਆਂ ਜਾਨਾਂ ਲੈਂਦੇ ਰਹਿਣਗੇ, ਤਫ਼ਤੀਸ਼ ਅਤੇ ਇਨਕੁਆਇਰੀ ਬੈਠਦੀ ਰਹੇਗੀ ਪਰ ਪਰਨਾਲਾ ਓਥੇ ਦਾ ਓਥੇ ਹੀ ਰਹੇਗਾ। ਸਾਡੇ ਕੋਲ ਤਾਂ ਆਪਣੇ ਲੋਕਾਂ ਨੂੰ ਇਹ ਦੱਸਣ ਅਤੇ ਸਮਝਾਉਣ ਦੀ ਭਰਪੂਰ ਕਲਾ ਅਤੇ ਸਮਰੱਥਾ ਹੈ ਕਿ ਇਹ ਸਭ ਕੁਦਰਤ ਦੀ ਖੇਡ ਹੈ, ਰੱਬੀ ਭਾਣਾ ਹੈ, ਕੁਦਰਤ ਅੱਗੇ ਕਿਸ ਦਾ ਜ਼ੋਰ ਹੈ? ਪੁਲਾਂ ਨੂੰ ਹੀ ਲੈ ਲਵੋ, ਭਾਰਤ ਵਿੱਚ ਪੁਲ ਢਹਿਣ ਦਾ ਇਕ ਦਸਤਾਵੇਜ਼ੀ ਇਤਿਹਾਸ ਹੈ ਜਿਸ ਵਿੱਚ ਨਾਕਾਫ਼ੀ ਰੱਖ-ਰਖਾਅ, ਭੀੜ-ਭੜੱਕਾ ਅਤੇ ਉਸਾਰੀ ਵਿੱਚ ਕਮੀਆਂ ਕਾਰਨ ਅਨੇਕਾਂ ਪੁਲ ਢਹਿ ਗਏ। ਮਹੱਤਵਪੂਰਨ ਘਟਨਾਵਾਂ ਵਿੱਚ 2011 ਵਿੱਚ ਦਾਰਜੀਲਿੰਗ ਅਤੇ ਸੇਪਾ ਪੁਲ ਢਹਿਣੇ ਸ਼ਾਮਲ ਹਨ ਜਿਸ ਵਿੱਚ 60 ਤੋਂ ਵੱਧ ਲੋਕ ਮਾਰੇ ਗਏ ਸਨ। 2016 ਵਿੱਚ ਕੋਲਕਾਤਾ ਫਲਾਈਓਵਰ ਢਹਿਣ ਨਾਲ 26 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਮਜ਼ਦੂਰਾਂ ਨੇ ਤਰੇੜਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ।
ਸੰਨ 2022 ਵਿੱਚ ਗੁਜਰਾਤ ਵਿਚ ਮੋਰਬੀ ਪੁਲ ਢਹਿਣਾ, ਜਿਸ ਵਿੱਚ ਮੁਰੰਮਤ ਅਤੇ ਦੁਬਾਰਾ ਖੋਲ੍ਹਣ ਤੋਂ ਬਾਅਦ 130 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਜੁਲਾਈ 2025 ਵਿੱਚ ਗੁਜਰਾਤ ਦੇ ਵਡੋਦਰਾ ਵਿੱਚ ਇੱਕ ਪੁਲ ਦਾ ਢਹਿਣਾ ਜਿਸ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਸੀ। ਇਕੱਲੇ ਗੁਜਰਾਤ ਵਿੱਚ ਪੰਜ ਸਾਲਾਂ ਵਿੱਚ ਇੱਕ ਦਰਜਨ ਤੋਂ ਵੱਧ ਪੁਲ ਢਹਿ-ਢੇਰੀ ਹੋਏ ਹਨ। ਸੜਕ ਆਵਾਜਾਈ ਮੰਤਰਾਲੇ ਨੇ 2021 ਤੋਂ ਲੈ ਕੇ ਹੁਣ ਤੱਕ ਰਾਸ਼ਟਰੀ ਰਾਜਮਾਰਗਾਂ ’ਤੇ 21 ਪੁਲ ਡਿੱਗਣ ਦਾ ਜ਼ਿਕਰ ਕੀਤਾ ਹੈ। ਗੰਭੀਰਾ ਪੁਲ ਢਹਿਣ ਦੀ ਘਟਨਾ 9 ਜੁਲਾਈ 2025 ਨੂੰ ਗੁਜਰਾਤ ਦੇ ਪਾਦਰਾ ਵਿੱਚ ਵਾਪਰੀ ਸੀ ਜਿਸ ਦੇ ਨਤੀਜੇ ਵਜੋਂ 22 ਮੌਤਾਂ ਹੋਈਆਂ ਅਤੇ ਕਈ ਜ਼ਖ਼ਮੀ ਹੋ ਗਏ। ਪੁਲਾਂ ਦਾ ਟੁੱਟਣਾ ਡਿਜ਼ਾਈਨ ਦੀਆਂ ਖ਼ਾਮੀਆਂ, ਭ੍ਰਿਸ਼ਟਾਚਾਰ, ਮਾੜੀ ਉਸਾਰੀ, ਸਮੱਗਰੀ ਦੀ ਕਮੀ, ਬਹੁਤ ਜ਼ਿਆਦਾ ਓਵਰਲੋਡਿੰਗ, ਅਣਗਹਿਲੀ ਅਤੇ ਵਾਰ-ਵਾਰ ਅਸਫਲਤਾਵਾਂ ਦਾ ਇੱਕੋ-ਇੱਕ ਪੈਟਰਨ ਹੈ। ਮਾਹਿਰ ਇਨ੍ਹਾਂ ਘਟਨਾਵਾਂ ਦਾ ਕਾਰਨ ਢਾਂਚਾਗਤ ਅਸਫਲਤਾ, ਪੁਰਾਣੀਆਂ ਬਣਤਰਾਂ, ਮਾੜੀ ਦੇਖਭਾਲ ਤੇ ਸਮੱਗਰੀ ਦੀ ਖ਼ਰਾਬੀ ਨੂੰ ਮੰਨਦੇ ਹਨ। ਪੁਲ ਉਸਾਰੀ ਦੇ ਖੇਤਰ ਨਾਲ ਜੁੜੇ ਇੰਜੀਨੀਅਰਾਂ ਲਈ ਭਵਿੱਖ ਦੀਆਂ ਘਟਨਾਵਾਂ ਨੂੰ ਰੋਕਣ, ਸੁਰੱਖਿਆ ਦੀ ਰੱਖਿਆ ਕਰਨ ਅਤੇ ਇਮਾਰਤਾਂ, ਪੁਲਾਂ ਅਤੇ ਹੋਰ ਅਹਿਮ ਬੁਨਿਆਦੀ ਢਾਂਚੇ ਦੀ ਢਾਂਚਾਗਤ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੇ ਢਹਿ ਜਾਣ ਦੇ ਕਾਰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਪੁਲ ਦਾ ਢਹਿਣ 1809 ਵਿੱਚ ਹੋਇਆ ਸੀ ਜਦੋਂ ਪੁਰਤਗਾਲ ਦੇ ਪੋਰਟੋ ’ਚ ਪੋਂਟੇ ਦਾਸ ਬਾਰਕਾਸ ਪੁਲ ਢਹਿ ਗਿਆ ਸੀ ਜਿਸ ਕਾਰਨ ਘੱਟੋ-ਘੱਟ 4,000 ਲੋਕਾਂ ਦੀ ਮੌਤ ਹੋ ਗਈ ਸੀ।
ਪੋਂਟੇ ਦਾਸ ਬਾਰਕਾਸ ਪੁਲ ਉਸ ਵਿਲੱਖਣ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਸੀ ਜਿਸ ਵਿੱਚ ਲੱਕੜ ਦੀਆਂ ਕਿਸ਼ਤੀਆਂ ਦੀ ਵਰਤੋਂ ਕੀਤੀ ਗਈ ਸੀ ਜੋ ਇੱਕ ਪੁਲ ਬਣਾਉਣ ਲਈ ਇਕੱਠੇ ਜੁੜੀਆਂ ਸਨ। ਤੁਸੀਂ ਇਸ ਬਾਰੇ ਜ਼ਰੂਰ ਸੁਣਿਆ ਹੋਵੇਗਾ ਕਿ ਕੈਨੇਡਾ ਦੇ ਕਿਊਬੈਕ ਵਿੱਚ ਮਾਂਟਰੀਅਲ ਵਿਖੇ 1907 ’ਚ ਪੁਲ ਦੇ ਢਹਿਣ ਨਾਲ ਉੱਥੇ ਕੰਮ ਕਰਦੇ 86 ਕਾਮਿਆਂ ਵਿੱਚੋਂ 75 ਕਾਮੇ ਮਾਰੇ ਗਏ ਸਨ। ਸੰਨ 1900 ਵਿੱਚ, ਕਿਊਬੈਕ ਬ੍ਰਿਜ ’ਤੇ ਉਸਾਰੀ ਸ਼ੁਰੂ ਹੋਈ। ਇਸ ਪੁਲ ਨੇ ਵਿਨੀਪੈਗ ਨੂੰ ਨੈਸ਼ਨਲ ਟ੍ਰਾਂਸ-ਕੌਂਟੀਨੈਂਟਲ ਰੇਲਵੇ ’ਤੇ ਮੋਨਕਟਨ ਨਾਲ ਜੋੜਨਾ ਸੀ। ਜਿਵੇਂ ਹੀ ਉਸਾਰੀ ਮੁਕੰਮਲ ਹੋਣ ਦੇ ਨੇੜੇ ਸੀ, ਇਹ ਸਟੀਲ ਨਾਲ ਭਰੇ ਇਕ ਲੋਕੋਮੋਟਿਵ ਦੇ ਭਾਰ ਹੇਠ ਆ ਕੇ ਡਿੱਗ ਗਿਆ ਤੇ 75 ਲੋਕ ਮਾਰੇ ਗਏ ਅਤੇ ਬਾਅਦ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਹਾਦਸਾ ਪੁਲ ਨੂੰ ਡਿਜ਼ਾਈਨ ਕਰਨ ਵਾਲੇ ਇੰਜੀਨੀਅਰਾਂ ਦੁਆਰਾ ਡਿਜ਼ਾਈਨ ਨਿਰਣੇ ਵਿਚ ਗ਼ਲਤੀ ਕਾਰਨ ਹੋਇਆ ਸੀ। ਸੰਨ 1916 ਵਿੱਚ ਪੁਲ ਬਣਾਉਣ ਦੀ ਦੂਜੀ ਕੋਸ਼ਿਸ਼ ਦੌਰਾਨ ਇੱਕ ਵਾਰ ਫਿਰ ਦੁਖਾਂਤ ਵਾਪਰਿਆ। ਸੈਂਟਰ ਸਪੈਨ ਨੂੰ ਜਗ੍ਹਾ ’ਤੇ ਟਿਕਾਉਂਦੇ ਸਮੇਂ ਇਹ ਫਿਰ ਢਹਿ ਗਿਆ ਜਿਸ ਨਾਲ 10 ਹੋਰ ਲੋਕ ਮਾਰੇ ਗਏ।
ਪੁਲ ਅੰਤ ਵਿੱਚ 1917 ਵਿੱਚ ਪੂਰਾ ਕੀਤਾ ਗਿਆ ਪਰ ਪੁਲ ਦੇ ਢਹਿ ਜਾਣ ਨਾਲ ਇੰਜੀਨੀਅਰਾਂ ਦੀ ਨਿਮਰਤਾ ਅਤੇ ਭੁੱਲਣਸ਼ੀਲਤਾ ਦੇ ਪ੍ਰਤੀਕ ਵਜੋਂ ਆਇਰਨ ਰਿੰਗ ਦੀ ਪਰੰਪਰਾ ਸ਼ੁਰੂ ਹੋਈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਹਿਲਾਂ-ਪਹਿਲ ਰਿੰਗ ਢਹਿ ਗਏ ਪੁਲ ਦੇ ਲੋਹੇ ਤੋਂ ਬਣਾਏ ਗਏ ਸਨ। ਕੁਝ ਲੋਕ ਇਸ ਨੂੰ ਇੱਕ ਮਿੱਥ ਵਾਲਾ ਵਿਸ਼ਵਾਸ ਮੰਨਦੇ ਹਨ। ਕਿਊਬੈਕ ਬ੍ਰਿਜ ਢਹਿ ਜਾਣ ਦਾ ਇੰਜੀਨੀਅਰਿੰਗ ਭਾਈਚਾਰੇ ’ਤੇ ਇਕ ਵੱਡਾ ਪ੍ਰਭਾਵ ਪਿਆ ਜਿਸ ਨਾਲ ਨੈਤਿਕ ਪ੍ਰੈਕਟਿਸ ਤੇ ਆਦਰਸ਼ਾਂ ਦੀ ਸਿਰਜਣਾ ਹੋਈ ਜਿਨ੍ਹਾਂ ’ਤੇ ਕੈਨੇਡਾ ਭਰ ਦੇ ਸਾਰੇ ਇੰਜੀਨੀਅਰ ਵਿਸ਼ਵਾਸ ਰੱਖਦੇ ਹਨ। ਸੰਨ 1922 ’ਚ ਆਇਰਨ ਰਿੰਗ ਦੀ ਸਿਰਜਣਾ ਨੇ ਕੈਨੇਡੀਅਨ ਇੰਜੀਨੀਅਰਾਂ ਦੀ ਅਗਲੀ ਪੀੜ੍ਹੀ ਨੂੰ ਇੱਕ ਰਿੰਗ ਦੇਣ ਦੀ ਇੱਕ ਪ੍ਰਤੀਕਾਤਮਕ ਪਰੰਪਰਾ ਸ਼ੁਰੂ ਕੀਤੀ ਜੋ ਆਪਣੀਆਂ ਪੇਸ਼ੇਵਰ ਭੂਮਿਕਾਵਾਂ ਨੂੰ ਉਨ੍ਹਾਂ ਭਾਈਚਾਰਿਆਂ ਲਈ ਬਹੁਤ ਧਿਆਨ ਤੇ ਸਤਿਕਾਰ ਨਾਲ ਨਿਭਾਉਣ ਲਈ ਵਚਨਬੱਧ ਹਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ। ਹਰ ਸਾਲ ਗ੍ਰੈਜੂਏਟ ਹੋ ਰਹੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇੱਕ ਸਮਾਰੋਹ ’ਚ ਇੱਕ ਲੋਹੇ ਦੀ ਅੰਗੂਠੀ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਨੇ ਆਪਣੇ ਕੰਮ ਕਰਨ ਵਾਲੇ ਹੱਥ ਦੀ ਛੋਟੀ ਉਂਗਲੀ ’ਚ ਪਾਉਣੀ ਹੁੰਦੀ ਹੈ। ਇਹ ਅੰਗੂਠੀ ਸਾਰੇ ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ ਇੰਜੀਨੀਅਰਿੰਗ ਦੇ ਪੇਸ਼ੇ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਅਤੇ ਆਪਣੀ ਯੋਗਤਾ ਅਨੁਸਾਰ ਆਪਣਾ ਕੰਮ ਕਰਨ ਦਾ ਯਾਦ ਕਰਵਾਉਂਦੀ ਹੈ। ਪਹਿਲਾ ਸਮਾਰੋਹ, ਜਿਸ ਨੂੰ ਕਿਪਲਿੰਗ ਰੀਤੀਅਲ ਵੀ ਕਿਹਾ ਜਾਂਦਾ ਹੈ, 1925 ਵਿੱਚ ਆਯੋਜਿਤ ਕੀਤਾ ਗਿਆ ਸੀ। ਹਰ ਸਾਲ ਸੈਂਕੜੇ ਹੀ ਇੰਜੀਨੀਅਰਿੰਗ ਦੀ ਪ੍ਰੈਕਟਿਸ ਕਰਨ ਵਾਲੇ ਤੇ ਗ੍ਰੈਜੂਏਟ ਹੋ ਰਹੇ ਇੰਜੀਨੀਅਰਾਂ ਨੂੰ ਇਸ ਸਮਾਰੋਹ ਵਿੱਚ ਅੰਗੂਠੀ ਪਹਿਨਾਈ ਜਾਂਦੀ ਹੈ ਜੋ ਆਮ ਜਨਤਾ ਲਈ ਨਹੀਂ ਹੁੰਦੀ ਹੈ।
ਆਪਣੀ ਅੰਗੂਠੀ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਇੱਕ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮ ਤੋਂ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਇਹ ਸਮਾਗਮ ਇੱਕ ਸਹੁੰ ਚੁੱਕ ਸਮਾਗਮ ਵਰਗਾ ਹੁੰਦਾ ਹੈ, ਸ਼ਾਮਲ ਹੋਣ ਵਾਲੇ ਹਰ ਇੱਕ ਮਹਿਮਾਨ ਲਾਜ਼ਮੀ ਇੰਜੀਨੀਅਰ ਹੋਣੇ ਚਾਹੀਦੇ ਹਨ ਭਾਵ, ਉਹ ਖ਼ੁਦ ਇੰਜੀਨੀਅਰ ਹੋਣ ਅਤੇ ਪਹਿਲਾਂ ਇੱਕ ਆਇਰਨ ਰਿੰਗ ਸਮਾਰੋਹ ਵਿੱਚ ਹਿੱਸਾ ਲਿਆ ਹੋਵੇ ਤੇ ਸਮਾਰੋਹ ਵਾਲੇ ਦਿਨ ਆਪਣੀ ਲੋਹੇ ਦੀ ਅੰਗੂਠੀ ਪਹਿਨੀ ਹੋਵੇ। ਇਸ ਵਿੱਚ ਕੋਈ ਅਪਵਾਦ ਨਹੀਂ, ਇੱਥੋਂ ਤੀਕ ਕਿ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਉਨ੍ਹਾਂ ਇੰਜੀਨੀਅਰਾਂ ਨੂੰ ਵੀ ਉਦੋਂ ਤੱਕ ਦਾਖ਼ਲਾ ਨਹੀਂ ਦਿੱਤਾ ਜਾ ਸਕਦਾ ਜਦੋਂ ਤੱਕ ਉਹ ਜ਼ਿੰਮੇਵਾਰ ਨਾ ਹੋਣ।
ਇਹ ਇੰਜੀਨੀਅਰ ਦੀ ਇਮਾਨਦਾਰੀ, ਨੈਤਿਕ ਸਿਧਾਂਤਾਂ ਅਤੇ ਜਨਤਕ ਸੁਰੱਖਿਆ ਪ੍ਰਤੀ ਵਚਨਬੱਧਤਾ ਦੀ ਪ੍ਰਤੀਕ ਹੈ। ਕੈਨੇਡੀਅਨ ਆਇਰਨ ਰਿੰਗ ਇੰਜੀਨੀਅਰਿੰਗ ਦੇ ਪੇਸ਼ੇ ਪ੍ਰਤੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ ਜਿਸ ਦੀ ਸਤ੍ਹਾ ਦੀ ਦਿੱਖ ਜਾਣਬੁੱਝ ਕੇ ‘ਖ਼ਰਾਬ’, ਖੁਰਦਰੀ ਅਤੇ ਅਣਪਾਲਿਸ਼ ਹੁੰਦੀ ਹੈ ਤਾਂ ਜੋ ਵਿਕਾਸ ਕਾਰਜਾਂ ਤੇ ਕੈਰੀਅਰ ਦੌਰਾਨ ਦਰਪੇਸ਼ ਚੁਣੌਤੀਆਂ ਜੋ ਇੰਜੀਨੀਅਰਾਂ ਨੂੰ ਆਉਾਂਦੀਆਂਹਨ, ਉਨ੍ਹਾਂ ਤੇ ਪੇਸ਼ੇ ਦੀਆਂ ਨੈਤਿਕ ਜ਼ਿੰਮੇਵਾਰੀਆਂ ਦੀ ਇੱਕ ਭੌਤਿਕ ਯਾਦ ਦਿਵਾਈ ਜਾ ਸਕੇ। ਚੰਗਾ ਹੋਵੇ ਜੇ ਇਹ ਪਿਰਤ ਭਾਰਤ ’ਚ ਵੀ ਸ਼ੁਰੂ ਹੋਵੇ।
-ਹਰਜੀਤ ਸਿੰਘ ਗਿੱਲ