
ਵੈਨਕੂਵਰ, 9 ਦਸੰਬਰ:
ਸਾਲ ਕੁ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜੁਆਨ ਨੂੰ ਦੋ ਜਣਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਬਾਲਾ ਨੇੜਲੇ ਪਿੰਡ ਮੁਟੇਰੀ ਜੱਟਾਂ ਦਾ ਰਹਿਣ ਵਾਲਾ ਹਰਸ਼ਾਨਦੀਪ ਸਿੰਘ ਅੰਟਾਲ (20) ਸਾਲ ਕੁ ਪਹਿਲਾਂ ਸਟੱਡੀ ਵੀਜੇ ‘ਤੇ ਕੈਨੇਡਾ ਦੇ ਸ਼ਹਿਰ ਐਡਮੰਟਨ ਆਇਆ ਸੀ ਤੇ ਹੁਣ ਪੜ੍ਹਾਈ ਦੇ ਨਾਲ ਨਾਲ ਸਕਿਉਰਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ।
ਪੁਲੀਸ ਅਨੁਸਾਰ ਸ਼ਨਿੱਚਰਵਾਰ ਸਵੇਰੇ ਇੱਕ ਘਰ ‘ਚ ਗੜਬੜ ਦੀ ਸੂਚਨਾ ਮਿਲਣ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ ਤਾਂ ਨੌਜੁਆਨ ਤੜਪ ਰਿਹਾ ਸੀ। ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ। ਉਸਨੂੰ ਮਾਰਨ ਵਾਲੇ 30-30 ਸਾਲਾਂ ਦੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਕੇ ਉਨ੍ਹਾਂ ‘ਤੇ ਪਹਿਲਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।