
ਵੈਨਕੂਵਰ/ਏ.ਟੀ.ਨਿਊਜ਼:
ਅਗਲੇ ਹਫਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਵਾਲੇ ਡੋਨਲਡ ਟਰੰਪ ਵੱਲੋਂ ਅਕਤੂਬਰ ਵਿੱਚ ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਕੈਨੇਡਾ ਤੋਂ ਦਰਾਮਦ ਹੁੰਦੇ ਸਾਮਾਨ ’ਤੇ 25 ਫੀਸਦ ਟੈਰਿਫ ਲਾਉਣ ਬਾਰੇ ਦਿੱਤੇ ਬਿਆਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਵੱਖ ਵੱਖ ਆਗੂ ਟੈਰਿਫ ਧਮਕੀ ਨਾਲ ਸਿੱਝਣ ਬਾਰੇ ਬਿਆਨ ਦੇ ਰਹੇ ਹਨ। ਦੋ ਹਫਤੇ ਪਹਿਲਾਂ ਓਂਟਾਰੀਓ ਦੇ ਮੁੱਖ ਮੰਤਰੀ ਨੇ ਟੈਰਿਫ ਮਾਮਲੇ ਤੇ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੀ ਜਾਂਦੀ ਊਰਜਾ (ਬਿਜਲੀ) ਤੇ ਖਣਿਜ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ। ਉਸ ਦੇ ਸਮਰਥਨ ਵਿੱਚ ਕਈ ਹੋਰ ਸੂਬਿਆਂ ਵੱਲੋਂ ਵੀ ਇਸੇ ਤਰ੍ਹਾਂ ਦੇ ਬਿਆਨ ਦਿੱਤੇ ਗਏ।
ਬੀਤੇ ਦਿਨ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਵੱਲੋਂ ਟਰੰਪ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਆਉਣ ਮਗਰੋਂ ਇਸ ਗੱਲ ’ਤੇ ਜ਼ੋਰ ਦਿੱਤਾ ਜਾਣ ਲੱਗਾ ਹੈ ਕਿ ਕੈਨੇਡਿਆਈ ਆਗੂਆਂ ਨੂੰ ਪ੍ਰਤੀਕਰਮ ਵਜੋਂ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਦੇਣ ਨਾਲ ਦੋਵਾਂ ਦੇਸ਼ਾਂ ਦੇ ਵਪਾਰਕ ਹਿੱਤ ਪ੍ਰਭਾਵਤ ਹੁੰਦੇ ਹਨ ਤੇ ਵਪਾਰੀਆਂ ਦੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਪੈਂਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ ਦੀ ਕੇਂਦਰ ਸਰਕਾਰ ਦੀ ਨੀਤੀ ਭਾਵੇਂ ਕੁਝ ਵੀ ਹੋਵੇ, ਪਰ ਸੂਬਿਆਂ ਕੋਲ ਖੁਦਮੁਖਤਿਆਰੀ ਹੋਣ ਕਰਕੇ ਉਹ ਅਮਰੀਕਾ ਨੂੰ ਤੇਲ ਤੇ ਖਣਿਜ ਭੇਜਣੇ ਬੰਦ ਕਰਕੇ ਆਪਣੇ ਸੂਬੇ ਦੀ ਆਰਥਿਕਤਾ ਪ੍ਰਭਾਵਿਤ ਨਹੀਂ ਹੋਣ ਦੇਣਗੇ। ਅਲਬਰਟਾ ’ਚੋਂ ਨਿਕਲਦੇ ਕੱਚੇ ਤੇਲ ਅਤੇ ਕੁਦਰਤੀ ਗੈਸ ਦਾ ਵੱਡਾ ਹਿੱਸਾ ਅਮਰੀਕਾ ਨੂੰ ਜਾਂਦਾ ਹੈ ਤੇ ਇੱਥੋਂ ਨਿਕਲਦੇ ਖਣਿਜਾਂ ਲੀਥੀਅਮ, ਪੋਟਾਸ਼ ਅਤੇ ਤਾਂਬੇ ਆਦਿ ਦਾ ਵੀ ਅਮਰੀਕਾ ਵੱਡਾ ਖਰੀਦਦਾਰ ਹੈ।