ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਬੀਤੀ 27 ਦਸੰਬਰ 2025 ਦੀ ਰਾਤ ਨੂੰ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਨਾ ਸਿਰਫ਼ ਇੱਕ ਪਰਿਵਾਰ ਨੂੰ ਨਵੀਂ ਜ਼ਿੰਦਗੀ ਦੀ ਖੁਸ਼ੀ ਦਿੱਤੀ, ਸਗੋਂ ਇੱਕ ਸਿੱਖ ਟੈਕਸੀ ਡਰਾਈਵਰ ਨੂੰ ਅਸਲ ਜੀਵਨ ਦਾ ਹੀਰੋ ਬਣਾ ਦਿੱਤਾ। ਚੈੱਕਰ ਕੈਬਸ ਕੰਪਨੀ ਦੇ ਡਰਾਈਵਰ ਹਰਦੀਪ ਸਿੰਘ ਤੂਰ, ਜੋ ਭਾਰਤੀ ਮੂਲ ਦੇ ਸਿੱਖ ਹੈ ਅਤੇ ਕੈਲਗਰੀ ਵਿੱਚ ਚਾਰ-ਪੰਜ ਸਾਲਾਂ ਤੋਂ ਟੈਕਸੀ ਚਲਾ ਰਿਹਾ ਹੈ, ਨੂੰ ਉਸ ਰਾਤ ਇੱਕ ਐਮਰਜੈਂਸੀ ਕਾਲ ਆਈ। ਉਹ ਸੋਚ ਰਹੇ ਸੀ ਕਿ ਆਮ ਹਸਪਤਾਲ ਜਾਣ ਵਾਲੀ ਸਵਾਰੀ ਹੋਵੇਗੀ, ਪਰ ਜਦੋਂ ਉਹ ਪਿੱਕਅੱਪ ਲੋਕੇਸ਼ਨ ਉਪਰ ਪਹੁੰਚਿਆ ਤਾਂ ਨਜ਼ਾਰਾ ਵੇਖ ਕੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ। ਇੱਕ ਗਰਭਵਤੀ ਔਰਤ ਬਹੁਤ ਜ਼ਿਆਦਾ ਦਰਦ ਵਿੱਚ ਸੀ, ਉਸਦਾ ਪਤੀ ਉਸ ਨੂੰ ਸਹਾਰਾ ਦੇ ਕੇ ਟੈਕਸੀ ਵੱਲ ਲੈ ਕੇ ਆ ਰਿਹਾ ਸੀ। ਔਰਤ ਦੀ ਹਾਲਤ ਵੇਖ ਕੇ ਹਰਦੀਪ ਨੂੰ ਇੱਕੋ ਪਲ ਵਿੱਚ ਸਮਝ ਆ ਗਿਆ ਕਿ ਇਹ ਕੋਈ ਆਮ ਸਫ਼ਰ ਨਹੀਂ, ਸਗੋਂ ਦੋ ਜਾਨਾਂ ਦਾ ਸਵਾਲ ਹੈ – ਮਾਂ ਅਤੇ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਦੀ।
ਉਸ ਰਾਤ ਕੈਲਗਰੀ ਵਿੱਚ ਮੌਸਮ ਬਹੁਤ ਖਰਾਬ ਸੀ। ਤਾਪਮਾਨ ਮਾਇਨਸ 23 ਡਿਗਰੀ ਸੈਲਸੀਅਸ ਤੱਕ ਡਿੱਗ ਚੁਕਾ ਸੀ ਅਤੇ ਬਰਫ਼ੀਲਾ ਤੂਫ਼ਾਨ ਚੱਲ ਰਿਹਾ ਸੀ। ਸੜਕਾਂ ਬਰਫ਼ ਨਾਲ ਢੱਕੀਆਂ ਹੋਈਆਂ ਸਨ ਅਤੇ ਬਹੁਤ ਜ਼ਿਆਦਾ ਫਿਸਲਣ ਵਾਲੀਆਂ ਬਣ ਗਈਆਂ ਸਨ। ਅਜਿਹੇ ਮੌਸਮ ਵਿੱਚ ਡਰਾਈਵਿੰਗ ਕਰਨਾ ਆਸਾਨ ਨਹੀਂ ਸੀ, ਪਰ ਹਰਦੀਪ ਸਿੰਘ ਤੂਰ ਨੇ ਸੋਚਿਆ ਕਿ ਐਂਬੂਲੈਂਸ ਨੂੰ ਕਾਲ ਕੀਤੀ ਜਾਵੇ, ਪਰ ਮੌਸਮ ਦੀ ਖਰਾਬੀ ਅਤੇ ਔਰਤ ਦੀ ਹਾਲਤ ਵੇਖ ਕੇ ਉਸ ਨੂੰ ਲੱਗਾ ਕਿ ਐਂਬੂਲੈਂਸ ਆਉਣ ਵਿੱਚ ਦੇਰੀ ਹੋ ਸਕਦੀ ਹੈ। ਔਰਤ ਦੇ ਚਿਹਰੇ ਤੇ ਸਰੀਰ ਦੀ ਭਾਸ਼ਾ ਵੇਖ ਕੇ ਪਤਾ ਲੱਗ ਰਿਹਾ ਸੀ ਕਿ ਸਮਾਂ ਬਹੁਤ ਘੱਟ ਬਚਿਆ ਹੈ। ਉਨ੍ਹਾਂ ਨੇ ਤੁਰੰਤ ਫੈਸਲਾ ਕੀਤਾ ਕਿ ਖੁਦ ਹੀ ਪੀਟਰ ਲੌਹੀਡ ਸੈਂਟਰ ਹਸਪਤਾਲ ਤੱਕ ਲੈ ਕੇ ਜਾਵੇਗਾ। ਇਹ ਹਸਪਤਾਲ ਆਮ ਤੌਰ ’ਤੇ 29-30 ਮਿੰਟ ਦੀ ਡਰਾਈਵ ਸੀ, ਪਰ ਉਸ ਰਾਤ ਇਹ ਸਫ਼ਰ ਸਭ ਤੋਂ ਲੰਮਾ ਅਤੇ ਤਣਾਅ ਭਰਿਆ ਸਫ਼ਰ ਬਣ ਗਿਆ।
ਹਰਦੀਪ ਨੇ ਬਹੁਤ ਸਾਵਧਾਨੀ ਨਾਲ ਗੱਡੀ ਲੈਕੇ ਹਸਪਤਾਲ ਵੱਲ ਨੂੰ ਚੱਲ ਪਿਆ। ਪਿੱਛਲੀ ਸੀਟ ’ਤੇ ਔਰਤ ਦਰਦ ਨਾਲ ਤੜਫ ਰਹੀ ਸੀ, ਚੀਕ ਰਹੀ ਸੀ ਅਤੇ ਸੀਟ ਨੂੰ ਲੱਤਾਂ ਮਾਰ ਰਹੀ ਸੀ। ਉਸਦਾ ਪਤੀ ਉਸ ਨੂੰ ਹੌਂਸਲਾ ਦੇ ਰਿਹਾ ਸੀ, ਪਰ ਮਾਹੌਲ ਬਹੁਤ ਤਣਾਅਪੂਰਨ ਸੀ। ਹਰਦੀਪ ਨੇ ਪੂਰਾ ਧਿਆਨ ਸੜਕ ’ਤੇ ਰੱਖਿਆ, ਫਿਸਲਣ ਵਾਲੀਆਂ ਸੜਕਾਂ ’ਤੇ ਗੱਡੀ ਨੂੰ ਸੰਤੁਲਿਤ ਰੱਖਦੇ ਹੋਏ ਹੌਲੀ-ਹੋਲੀ ਅੱਗੇ ਵਧਾਇਆ। ਉਹ ਔਰਤ ਨੂੰ ਵੀ ਹੌਂਸਲਾ ਦਿੰਦਾ ਰਿਹਾ, ਕਹਿ ਰਿਹਾ ਸੀ ਕਿ ਚਿੰਤਾ ਨਾ ਕਰੋ, ਅਸੀਂ ਜਲਦੀ ਹਸਪਤਾਲ ਪਹੁੰਚ ਜਾਵਾਂਗੇ। ਹਰਦੀਪ ਨੇ ਬਾਅਦ ਵਿੱਚ ਦੱਸਿਆ ਕਿ ਉਹ 30 ਮਿੰਟਾਂ ਦਾ ਸਫ਼ਰ ਉਨ੍ਹਾਂ ਲਈ ਜ਼ਿੰਦਗੀ ਦਾ ਸਭ ਤੋਂ ਲੰਮਾ ਸਮਾਂ ਲੱਗ ਰਿਹਾ ਸੀ। ਉਨ੍ਹਾਂ ਦਾ ਇੱਕੋ ਟੀਚਾ ਸੀ – ਮਾਂ ਅਤੇ ਬੱਚੇ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਉਣਾ।
ਹਸਪਤਾਲ ਦੀਆਂ ਲਾਈਟਾਂ ਨਜ਼ਰ ਆਉਣ ਲੱਗ ਪਈਆਂ ਸਨ। ਸਿਰਫ਼ ਕੁਝ ਬਲਾਕ ਦੂਰ ਰਹਿ ਗਿਆ ਸੀ। ਅਚਾਨਕ ਪਿੱਛਲੀ ਸੀਟ ਤੋਂ ਚੀਕਣ ਅਤੇ ਲੱਤਾਂ ਮਾਰਨ ਦੀਆਂ ਆਵਾਜ਼ਾਂ ਬੰਦ ਹੋ ਗਈਆਂ। ਹਰਦੀਪ ਨੂੰ ਥੋੜ੍ਹਾ ਡਰ ਲੱਗਾ, ਉਹ ਸੋਚ ਰਹੇ ਸਨ ਕਿ ਕੀ ਹੋ ਗਿਆ? ਕੁਝ ਸਕਿੰਟਾਂ ਬਾਅਦ ਇੱਕ ਨਵੀਂ ਆਵਾਜ਼ ਆਈ – ਇੱਕ ਨਵਜਨਮੀ ਬੱਚੀ ਦਾ ਰੋਣਾ! ਬੱਚੀ ਨੇ ਟੈਕਸੀ ਦੀ ਪਿੱਛਲੀ ਸੀਟ ’ਤੇ ਹੀ ਜਨਮ ਲੈ ਲਿਆ ਸੀ। ਮਾਂ ਨੇ ਬਹੁਤ ਹਿੰਮਤ ਨਾਲ ਆਪਣੇ ਆਪ ਹੀ ਬੱਚੀ ਨੂੰ ਸੰਭਾਲ ਲਿਆ। ਉਸ ਨੇ ਗੱਡੀ ਨੂੰ ਰੋਕਿਆ ਨਹੀਂ, ਸਗੋਂ ਸਿੱਧਾ ਹਸਪਤਾਲ ਦੇ ਐਮਰਜੈਂਸੀ ਗੇਟ ’ਤੇ ਲਿਜਾ ਕੇ ਰੋਕੀ। ਉੱਥੇ ਪਹੁੰਚ ਕੇ ਉਨ੍ਹਾਂ ਨੇ ਸਿਕਿਓਰਿਟੀ ਨੂੰ ਚੀਕ ਕੇ ਦੱਸਿਆ ਕਿ ਪਿੱਛਲੀ ਸੀਟ ਤੇ ਬੱਚਾ ਪੈਦਾ ਹੋ ਗਿਆ ਹੈ। ਹਸਪਤਾਲ ਦਾ ਸਟਾਫ਼ ਤੁਰੰਤ ਦੌੜ ਕੇ ਆਇਆ ਅਤੇ ਮਾਂ-ਬੱਚੀ ਨੂੰ ਅੰਦਰ ਲੈ ਗਿਆ।
ਹਸਪਤਾਲ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਮਾਂ ਅਤੇ ਬੱਚੀ ਦੋਵੇਂ ਬਿਲਕੁਲ ਠੀਕ ਹਨ। ਬੱਚੀ ਇੱਕ ਸਿਹਤਮੰਦ ਲੜਕੀ ਸੀ। ਬੱਚੇ ਦੇ ਪਿਤਾ ਨੇ ਹਰਦੀਪ ਦਾ ਬਹੁਤ ਧੰਨਵਾਦ ਕੀਤਾ, ਉਹ ਭਾਵੁਕ ਹੋ ਕੇ ਹਰਦੀਪ ਨੂੰ ਗਲੇ ਲਗਾ ਰਿਹਾ ਸੀ । ਹਰਦੀਪ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਪਲ ਹੈ। ਉਸ ਨੇ ਮਾਣ ਨਾਲ ਕਿਹਾ, “ਮੈਂ ਦੋ ਜਣੇ ਬਿਠਾਏ ਸਨ, ਤਿੰਨ ਜਣੇ ਉਤਾਰੇ ਹਨ। ਇਹ ਮੇਰੀ ਜ਼ਿੰਦਗੀ ਦਾ ਪਹਿਲਾਂ ਅਨੁਭਵ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਭ ਵਾਪਰਿਆ, ਉਹ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਕੰਮ ਲਈ ਚੁਣਿਆ ਗਿਆ।
ਇਹ ਘਟਨਾ ਜਲਦੀ ਹੀ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ’ਤੇ ਵਾਇਰਲ ਹੋ ਗਈ। ਚੈੱਕਰ ਕੈਬਸ ਕੰਪਨੀ ਨੇ ਆਪਣੇ ਇੰਸਟਾਗ੍ਰਾਮ ’ਤੇ ਹਰਦੀਪ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ “ਅਸਲ ਹੀਰੋ” ਕਿਹਾ। ਗਲੋਬਲ ਨਿਊਜ਼ ਅਤੇ ਸੀਟੀਵੀ ਨਿਊਜ਼ ਵਰਗੇ ਵੱਡੇ ਕੈਨੇਡੀਅਨ ਚੈਨਲਾਂ ਨੇ ਇਸ ਕਹਾਣੀ ਨੂੰ ਕਵਰ ਕੀਤਾ। ਭਾਰਤੀ ਮੀਡੀਆ ਵਿੱਚ ਵੀ ਇਹ ਖ਼ਬਰ ਬਹੁਤ ਚਰਚਿਤ ਹੋਈ, ਕਈਆਂ ਨੇ ਇਸ ਨੂੰ ਸਿੱਖਾਂ ਦੀ ਸੇਵਾ ਭਾਵਨਾ ਦਾ ਪ੍ਰਤੀਕ ਦੱਸਿਆ। ਕੈਲਗਰੀ ਦੀ ਸਿੱਖ ਕਮਿਊਨਿਟੀ ਨੇ ਵੀ ਹਰਦੀਪ ਨੂੰ ਬਹੁਤ ਸਨਮਾਨ ਦਿੱਤਾ।
ਹਰਦੀਪ ਸਿੰਘ ਤੂਰ ਵਰਗੇ ਲੋਕ ਸਾਡੀ ਸਿੱਖ ਕੌਮ ਦਾ ਮਾਣ ਹਨ। ਸਿੱਖ ਧਰਮ ਵਿੱਚ ਸੇਵਾ ਅਤੇ ਮਦਦ ਕਰਨਾ ਮੁੱਢਲਾ ਸਿਧਾਂਤ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਹੈ ਕਿ ਪੀੜਤ ਮਨੁੱਖਤਾ ਦੀ ਸੇਵਾ ਵਿੱਚ ਹੀ ਅਸਲ ਧਰਮ ਹੈ। ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਹਮੇਸ਼ਾ ਇਸ ਸੰਦੇਸ਼ ਨੂੰ ਜਿਊਂਦਾ ਰੱਖਿਆ ਹੈ। ਭਾਵੇਂ ਪੈਂਡੈਮਿਕ ਵਿੱਚ ਮੁਫ਼ਤ ਲੰਗਰ ਵੰਡਣਾ ਹੋਵੇ, ਜਾਂ ਕੁਦਰਤੀ ਆਫ਼ਤਾਂ ਵਿੱਚ ਮਦਦ ਕਰਨਾ, ਸਿੱਖ ਹਮੇਸ਼ਾ ਅੱਗੇ ਰਹੇ ਹਨ। ਹਰਦੀਪ ਵਰਗੇ ਨੌਜਵਾਨ ਇਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਇਸ ਬਹਾਦਰੀ ਨੇ ਨਾ ਸਿਰਫ਼ ਇੱਕ ਪਰਿਵਾਰ ਨੂੰ ਬਚਾਇਆ, ਸਗੋਂ ਪੂਰੀ ਦੁਨੀਆਂ ਨੂੰ ਯਾਦ ਦਿਵਾਇਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ।
![]()
