ਕੈਨੇਡਾ ਦੇ ਸੈਨੇਟਰ ਬਣੇ ਬਲਤੇਜ ਸਿੰਘ ਢਿੱਲੋਂ

In ਮੁੱਖ ਖ਼ਬਰਾਂ
February 10, 2025
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਗਿਆ ਕਿ ਗਵਰਨਰ ਜਨਰਲ ਮੈਰੀ ਸਾਈਮਨ ਨੇ ਬਲਤੇਜ ਸਿੰਘ ਢਿੱਲੋਂ ਨੂੰ ਸੈਨੇਟ ਲਈ ਬਿ੍ਟਿਸ਼ ਕੋਲੰਬੀਆ ਤੋਂ ਆਜ਼ਾਦ ਤੌਰ 'ਤੇ ਕੈਨੇਡਾ ਦਾ ਸੈਨੇਟਰ ਨਿਯੁਕਤ ਕੀਤਾ ਹੈ ।ਇਸ ਤੋਂ ਇਲਾਵਾ ਮਾਰਟੀਨ ਰੀਬਰਟ ਨੂੰ ਕਿਊਬਕ ਅਤੇ ਟੌਡ ਲਿਊਵਿਸ਼ ਨੂੰ ਸਸਕੈਚਵਨ ਸੂਬੇ ਤੋਂ ਸੈਨੇਟਰ ਨਿਯੁਕਤ ਕੀਤਾ ਹੈ । ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਟਿਡ ਪੁਲਿਸ ਵਿਚ ਭਰਤੀ ਹੋ ਕੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਵਜੋਂ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਬਲਤੇਜ ਸਿੰਘ ਢਿੱਲੋਂ ਦੀ ਸੈਨੇਟਰ ਵਜੋਂ ਨਿਯੁਕਤੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ । ਮਲੇਸ਼ੀਆ ਦੇ ਜੰਮਪਲ ਬਲਤੇਜ ਸਿੰਘ ਢਿੱਲੋਂ 1983 ਵੀਚ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਆਏ ਸਨ ।ਕਵਾਂਟਲਿਨ ਯੂਨੀਵਰਸਿਟੀ ਤੋਂ ਕ੍ਰਿਮਨੌਲਜ਼ੀ ਦੀ ਡਿਗਰੀ ਕਰਨ ਉਪਰੰਤ 1988 ਵਿਚ ਉਨ੍ਹਾਂ ਨੇ ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ 'ਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਪਰ ਦਸਤਾਰ ਬੰਨ੍ਹੀ ਹੋਣ ਕਾਰਨ ਉਨ੍ਹਾਂ ਨੂੰ ਪੁਲਿਸ 'ਚ ਭਰਤੀ ਹੋਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ।ਅਖੀਰ ਕੈਨੇਡਾ ਦੇ ਸਿੱਖ ਭਾਈਚਾਰੇ ਅੱਗੇ ਝੁਕਦਿਆਂ ਬਰਾਇਨ ਮੁਲਰੋਨੀ ਦੀ ਸਰਕਾਰ ਨੇ ਵਿਰੋਧੀ ਧਿਰ ਦੀ ਮਨਜ਼ੂਰੀ ਨਾਲ ਪੁਲਿਸ ਦੇ ਡਰੈੱਸ ਕੋਡ ਵਿਚ ਤਬਦੀਲੀ ਕਰਨ ਦਾ ਬਿੱਲ ਪਾਸ ਕਰ ਦਿੱਤਾ ਤੇ 1991ਵਿਚ ਉਹ ਪੁਲਿਸ 'ਚ ਭਰਤੀ ਹੋ ਗਏ ਸਨ।ਢਿੱਲੋਂ ਨੇ ਕਿਹਾ ਕਿ ਮੈਨੂੰ ਇਹ ਸਾਂਝਾ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਸ਼ਾਨਦਾਰ ਸਨਮਾਨ ਮੈਨੂੰ ਬਹੁਤ ਮਾਣ ਨਾਲ ਭਰ ਦਿੰਦਾ ਹੈ, ਅਤੇ ਮੈਂ ਇੰਨੀ ਵੱਕਾਰੀ ਭੂਮਿਕਾ ਵਿੱਚ ਆਪਣੇ ਦੇਸ਼ ਦੀ ਸੇਵਾ ਕਰਨ ਦੇ ਮੌਕੇ ਲਈ ਬਹੁਤ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਇੱਕ ਸੈਨੇਟਰ ਹੋਣ ਦੇ ਨਾਤੇ, ਮੈਂ ਸਾਰੇ ਕੈਨੇਡੀਅਨਾਂ ਦੇ ਹਿੱਤਾਂ ਅਤੇ ਆਵਾਜ਼ਾਂ ਦੀ ਨੁਮਾਇੰਦਗੀ ਕਰਨ ਲਈ ਸਮਰਪਿਤ ਹਾਂ। ਇਕੱਠੇ ਮਿਲ ਕੇ, ਅਸੀਂ ਇੱਕ ਹੋਰ ਸਮਾਵੇਸ਼ੀ, ਖੁਸ਼ਹਾਲ ਅਤੇ ਬਰਾਬਰੀ ਵਾਲਾ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਨ੍ਹਾਂ ਅਨਿਸ਼ਚਿਤ ਸਮਿਆਂ ਵਿੱਚ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਸਾਹਮਣੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਰਾਸ਼ਟਰ ਵਜੋਂ ਇੱਕਜੁੱਟ ਹੋਈਏ।

Loading