
ਵਿਨੀਪੈਗ, ਨਵੰਬਰ 20:
Canada News: ਕੈਨੇਡਾ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਜਲਦੀ ਹੀ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ‘ਤੇ ਹੋਰ ਸਖ਼ਤ ਸੁਰੱਖਿਆ ਉਪਾਵਾਂ ਦਾ ਸਾਹਮਣਾ ਕਰਨਾ ਪਵੇਗਾ। ਟਰਾਂਸਪੋਰਟ ਮੰਤਰੀ ਅਨੀਤਾ ਆਨੰਦ (Anita Anand) ਵੱਲੋਂ ਐਲਾਨਿਆ ਗਿਆ ਇਹ ਫ਼ੈਸਲਾ ਨਵੇਂ ਅਸਥਾਈ ਪ੍ਰੋਟੋਕੋਲ ਦਾ ਹਿੱਸਾ ਹੈ। ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਦੀ ਬਾਰੀਕੀ ਨਾਲ ਪੁਣ-ਛਾਣ ਕੀਤੀ ਜਾਵੇਗੀ ਅਤੇ ਬਾਰਡਰ ਅਫ਼ਸਰ ਉਨ੍ਹਾਂ ਦੇ ਸਾਮਾਨ ਦੀ ਡੂੰਘਾਈ ਨਾਲ ਤਲਾਸ਼ੀ ਵੀ ਲੈਣਗੇ।
ਉਨ੍ਹਾਂ ਕਿਹਾ, “ਟਰਾਂਸਪੋਰਟ ਕੈਨੇਡਾ ਨੇ ਚੌਕਸੀ ਵਜੋਂ ਅਸਥਾਈ ਵਾਧੂ ਸੁਰੱਖਿਆ ਜਾਂਚ ਉਪਾਅ ਲਾਗੂ ਕੀਤੇ ਹਨ।’’ ਉਨ੍ਹਾਂ ਜਨਤਾ ਦੀ ਰੱਖਿਆ ਕਰਨ ਅਤੇ ਹਵਾਈ ਯਾਤਰਾ ਦੀ ਅਖੰਡਤਾ ਨੂੰ ਬਣਾਈ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਰਿਪੋਰਟ ਮੁਤਾਬਕ ਇਕ ਸਰਕਾਰੀ ਅਫ਼ਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਿਟੀ ਨੂੰ ਸੌਂਪੀ ਗਈ ਹੈ।