
ਵੈਨਕੂਵਰ/ਏ.ਟੀ.ਨਿਊਜ਼: ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਜੇਤੂ ਰਹੀ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਦਿਨੀਂ ਰਾਜਧਾਨੀ ਓਟਾਵਾ ਵਿੱਚ ਸਥਿਤ ਰੀਡੂ ਹਾਲ ਵਿੱਚ ਅਯੋਜਿਤ ਇੱਕ ਸਮਾਗਮ ਦੌਰਾਨ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 29 ਕੈਬਿਨਟ ਮੰਤਰੀਆਂ ਅਤੇ 10 ਰਾਜ ਮੰਤਰੀਆਂ ਨੂੰ ਗਵਰਨਰ ਜਰਨਲ ਮੈਰੀ ਸਾਈਮਨ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਸਹੁੰ ਚੁਕਾਈ ਗਈ।
ਨਵੇਂ ਬਣੇ ਮੰਤਰੀ ਮੰਡਲ ਵਿਚ ਕੁਝ ਪੁਰਾਣੇ ਚਿਹਰਿਆਂ ਸਮੇਤ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਵਿੱਚ 13 ਮੰਤਰੀ ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜਨਗੇ। ਇਹਨਾਂ ਮੰਤਰੀਆਂ ਦੀ ਸੂਚੀ ਵਿੱਚ ਭਾਰਤੀ ਮੂਲ ਨਾਲ ਸੰਬੰਧਿਤ ਅਨੀਤਾ ਆਨੰਦ ਨੂੰ ਵਿਦੇਸ਼ ਵਿਭਾਗ, ਮਨਿੰਦਰ ਸਿੱਧੂ ਨੂੰ ਕੌਮਾਂਤਰੀ ਵਪਾਰ ਵਿਭਾਗ, ਰਣਦੀਪ ਸਰਾਏ ਅਤੇ ਰੂਬੀ ਸਹੋਤਾ ਨੂੰ ਰਾਜ ਮੰਤਰੀਆਂ ਵਜੋਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸਮਾਗਮ ਦੇ ਅਖੀਰ ’ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਕੈਨੇਡਾ ਦੀ ਕੌਮੀ ਏਕਤਾ, ਆਰਥਿਕ ਪੁਨਰ ਨਿਰਮਾਣ ਅਤੇ ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਅਗਵਾਈ ਲਈ ਯਤਨਸ਼ੀਲ ਰਹੇਗੀ। ਸਰਕਾਰ ਨਵੀਆਂ ਦਿਸ਼ਾਵਾਂ ਵਿੱਚ ਅੱਗੇ ਵਧਦਿਆਂ ਕੈਨੇਡੀਅਨ ਲੋਕਾਂ ਦੀ ਭਲਾਈ ਸਮੇਤ ਦੇਸ਼ ਦੀ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗੀ।
ਨਵੇਂ ਮੰਤਰੀ ਮੰਡਲ ਦੀ ਬਣਤਰ
ਨਵੀਂ ਕੈਬਨਿਟ ਵਿੱਚ 28 ਮੰਤਰੀ ਅਤੇ 10 ਰਾਜ ਸਕੱਤਰ ਹਨ। ਇਸ ਵਿੱਚ 24 ਨਵੇਂ ਮੰਤਰੀ ਹਨ, ਜਿਨ੍ਹਾਂ ਵਿੱਚੋਂ 13 ਪਹਿਲੀ ਵਾਰ ਸੰਸਦ ਮੈਂਬਰ ਹਨ। ਮੰਤਰੀ ਮੰਡਲ ਵਿੱਚ 11 ਔਰਤਾਂ ਅਤੇ 13 ਪੁਰਸ਼ ਮੰਤਰੀ ਹਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਕਾਰਨੀ ਖੁਦ ਸ਼ਾਮਲ ਨਹੀਂ ਹਨ।
ਮੁੱਖ ਨਿਯੁਕਤੀਆਂ
ਸ਼ਫਕਤ ਅਲੀ - ਖਜ਼ਾਨਾ ਬੋਰਡ ਦੇ ਚੇਅਰਮੈਨ
ਅਨੀਤਾ ਆਨੰਦ - ਵਿਦੇਸ਼ ਮੰਤਰੀ (ਪਿਛਲੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਦੀ ਥਾਂ)
ਫ੍ਰਾਂਸੋਆ-ਫਿਲਿਪ ਸ਼ੈਂਪੇਨ- ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ
ਮੰਡੀ ਗੁਲ-ਮਾਸਟੀ - ਕਬਾਇਲੀ ਸੇਵਾਵਾਂ ਮੰਤਰੀ
ਈਵਾਨ ਸੋਲੋਮਨ - ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਮੰਤਰੀ
ਰੇਚੀ ਵਾਲਡੇਜ਼ - ਮਹਿਲਾ ਅਤੇ ਲਿੰਗ ਸਮਾਨਤਾ ਮੰਤਰੀ ਅਤੇ ਰਾਜ ਸਕੱਤਰ (ਛੋਟੇ ਕਾਰੋਬਾਰ ਅਤੇ ਸੈਰ-ਸਪਾਟਾ)
ਕੈਬਨਿਟ ਦਾ ਉਦੇਸ਼
ਕਾਰਨੀ ਦੇ ਨਵੇਂ ਢਾਂਚੇ ਵਿੱਚ ਸੀਨੀਅਰ ਮੰਤਰੀਆਂ ਦਾ ਇੱਕ ਕੋਰ ਸਮੂਹ ਅਤੇ ਰਾਜ ਸਕੱਤਰਾਂ ਦੀ ਇੱਕ ਜੂਨੀਅਰ ਟੀਮ ਸ਼ਾਮਲ ਹੈ ਜੋ ਨਿਸ਼ਾਨਾਬੱਧ ਕੰਮਾਂ ’ਤੇ ਧਿਆਨ ਕੇਂਦਰਿਤ ਕਰਦੇ ਹਨ। ਇਹ ਮਾਡਲ ਇੱਕ ਤੰਗ, ਨਤੀਜਾ-ਅਧਾਰਤ ਅਤੇ ਕੇਂਦ੍ਰਿਤ ਸਰਕਾਰ ਵੱਲ ਇਸ਼ਾਰਾ ਕਰਦਾ ਹੈ।
ਵਿਭਿੰਨਤਾ ਅਤੇ ਪ੍ਰਤੀਨਿਧਤਾ
ਨਵੀਂ ਕੈਬਨਿਟ ਕੈਨੇਡਾ ਦੀ ਵਿਭਿੰਨਤਾ ਦਾ ਇੱਕ ਚੰਗਾ ਪ੍ਰਤੀਬਿੰਬ ਹੈ, ਜਿਸ ਵਿੱਚ ਆਦਿਵਾਸੀ ਪ੍ਰਤੀਨਿਧਤਾ, ਖੇਤਰੀ ਸੰਤੁਲਨ, ਅਤੇ ਤਜਰਬੇ ਅਤੇ ਨਵੀਂ ਊਰਜਾ ਦਾ ਇੱਕ ਮਜ਼ਬੂਤ ਮਿਸ਼ਰਣ ਹੈ। ਰੇਬੇਕਾ ਆਲਟੀ (ਕ੍ਰਾਊਨ-ਐਬੋਰਿਜਿਨਲ ਰਿਲੇਸ਼ਨਜ਼), ਗ੍ਰੇਗਰ ਰੌਬਰਟਸਨ (ਰਿਹਾਇਸ਼ ਅਤੇ ਬੁਨਿਆਦੀ ਢਾਂਚਾ), ਅਤੇ ਮਾਰਜੋਰੀ ਮਿਸ਼ੇਲ (ਸਿਹਤ) ਵਰਗੇ ਮੰਤਰੀਆਂ ਤੋਂ ਮੁੱਖ ਨੀਤੀਗਤ ਖੇਤਰਾਂ ਦੀ ਅਗਵਾਈ ਕਰਨ ਦੀ ਉਮੀਦ ਹੈ।