ਕੈਨੇਡਾ ਵਿੱਚ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਣ ਦੀ ਮੰਗ ਤੇਜ਼

In ਮੁੱਖ ਖ਼ਬਰਾਂ
August 18, 2025

ਅੱਜਕੱਲ੍ਹ ਕੈਨੇਡਾ ਦੀ ਸਿਆਸਤ ਵਿੱਚ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਨਾਲ ਜੁੜੇ ਗੈਂਗ ਨੂੰ ਲੈ ਕੇ ਵੱਡੀ ਚਰਚਾ ਛਿੜੀ ਹੋਈ ਹੈ। ਬਿਸ਼ਨੋਈ ਗੈਂਗ ਨੂੰ ‘ਦਹਿਸ਼ਤਗਰਦ ਜਥੇਬੰਦੀ’ ਐਲਾਨੇ ਜਾਣ ਦੀ ਮੰਗ ਤੇਜ਼ ਹੋ ਗਈ ਹੈ, ਜਿਸ ਵਿੱਚ ਨਾ ਸਿਰਫ਼ ਵਿਰੋਧੀ ਪਾਰਟੀਆਂ ਸ਼ਾਮਲ ਹਨ ,ਸਗੋਂ ਕਈ ਪ੍ਰੀਮੀਅਰ ਅਤੇ ਮੇਅਰ ਵੀ ਆਵਾਜ਼ ਉਠਾ ਰਹੇ ਹਨ। ਇਸ ਮੰਗ ਪਿੱਛੇ ਕੈਨੇਡਾ ਵਿੱਚ ਵਾਪਰ ਰਹੇ ਅਪਰਾਧ ਹਨ, ਜਿਨ੍ਹਾਂ ਨੂੰ ਮੀਡੀਆ ਅਤੇ ਪੁਲਿਸ ਰਿਪੋਰਟਾਂ ਵਿੱਚ ਬਿਸ਼ਨੋਈ ਗੈਂਗ ਨਾਲ ਜੋੜਿਆ ਜਾ ਰਿਹਾ ਹੈ। ਇਸ ਵੇਲੇ ਕੈਨੇਡੀਅਨ ਸਰਕਾਰ ਇਸ ਮੰਗ ਨੂੰ ਮੰਨਣ ਵਿਚ ਦੁਚਿੱਤੀ ਵਿਚ ਹੈ, ਪਰ ਵਿਰੋਧੀ ਧਿਰ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜ ਕੇ ਵੱਡਾ ਮੁੱਦਾ ਬਣਾ ਲਿਆ ਹੈ। ਇਸ ਸਭ ਵਿਚਾਲੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਇੱਕ ਵਾਇਰਲ ਪੋਡਕਾਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡੇ ਦਾਅਵੇ ਕੀਤੇ ਹਨ, ਜਿਨ੍ਹਾਂ ਨੇ ਪੂਰੇ ਬਿਰਤਾਂਤ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।

 ਲਾਰੈਂਸ ਬਿਸ਼ਨੋਈ, 32 ਸਾਲਾਂ ਦਾ ਇੱਕ ਅਪਰਾਧੀ, ਜੋ ਭਾਰਤ ਵਿੱਚ 2015 ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਫਿਲਹਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਕੈਦ ਹੈ। ਉਸ ਉੱਤੇ ਦਰਜਨਾਂ ਅਪਰਾਧਿਕ ਮਾਮਲੇ ਹਨ, ਜਿਨ੍ਹਾਂ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵੀ ਸ਼ਾਮਲ ਹੈ। ਭਾਰਤੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ  ਮੁਤਾਬਕ, ਬਿਸ਼ਨੋਈ ਗੈਂਗ ਦਾ ਨੈੱਟਵਰਕ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਫੈਲਿਆ ਹੋਇਆ ਹੈ, ਜਿਸ ਵਿੱਚ ਕੈਨੇਡਾ ਵੀ ਸ਼ਾਮਲ ਹੈ। ਇਹ ਗੈਂਗ ਅਪਰਾਧਕ ਗਤੀਵਿਧੀਆਂ ਜਿਵੇਂ ਕਤਲ, ਫਿਰੌਤੀਆਂ ਅਤੇ ਧਮਕੀਆਂ ਵਿੱਚ ਸ਼ਾਮਲ ਹੈ।

ਕੈਨੇਡਾ ਵਿੱਚ ਇਹ ਗੈਂਗ ਚਰਚਾ ਵਿੱਚ ਆਇਆ ਜੂਨ 2023 ਵਿੱਚ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ। ਨਿੱਝਰ ਨੂੰ ਸਰੀ ਵਿੱਚ ਗੁਰਦੁਆਰੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ  ਨੇ ਅਕਤੂਬਰ 2024 ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਬਿਸ਼ਨੋਈ ਗੈਂਗ ਨੂੰ ਇਸ ਕਤਲ ਨਾਲ ਜੋੜਿਆ ਸੀ ਅਤੇ ਕਿਹਾ ਸੀ ਕਿ ਭਾਰਤੀ ਸਰਕਾਰ ਦੇ ਏਜੰਟਾਂ ਨੇ ਇਸ ਗੈਂਗ ਨਾਲ ਮਿਲ ਕੇ ਦੱਖਣੀ ਏਸ਼ੀਆਈ ਭਾਈਚਾਰੇ, ਖਾਸ ਕਰ ਖਾਲਿਸਤਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਇਆ ਹੈ। ਆਰਸੀਐੱਮਪੀ ਨੇ ਇਹ ਵੀ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਦਾ ਬਿਸ਼ਨੋਈ ਗੈਂਗ ਨਾਲ ਸਬੰਧ ਹੈ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਿਹਾ ਸੀ।

ਇਸ ਤੋਂ ਇਲਾਵਾ, ਕੈਨੇਡਾ ਵਿੱਚ ਬੀਤੇ ਕੁਝ ਮਹੀਨਿਆਂ ਵਿੱਚ ਵਾਪਰੀਆਂ ਕਈ ਅਪਰਾਧਕ ਵਾਰਦਾਤਾਂ ਨੂੰ ਬਿਸ਼ਨੋਈ ਗੈਂਗ ਨਾਲ ਜੋੜਿਆ ਗਿਆ ਸੀ। ਮਿਸਾਲ ਵਜੋਂ, ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿੱਚਲੇ ਕੈਫੇ ਉੱਤੇ ਦੋ ਵਾਰ ਹਮਲੇ ਹੋਏ, ਜਿਨ੍ਹਾਂ ਨੂੰ ਮੀਡੀਆ ਵਿੱਚ ਬਿਸ਼ਨੋਈ ਗੈਂਗ ਨਾਲ ਜੋੜ ਕੇ ਵੇਖਿਆ ਗਿਆ ਸੀ। ਇਸ ਤੋਂ ਇਲਾਵਾ, ਫਿਰੌਤੀਆਂ ਦੇ ਮਾਮਲੇ ਵੀ ਵਧੇ ਹਨ, ਜਿਨ੍ਹਾਂ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਕਾਰੋਬਾਰੀ ਅਤੇ ਲੋਕ ਨਿਸ਼ਾਨੇ ਉੱਤੇ ਹਨ। ਸੋਸ਼ਲ ਮੀਡੀਆ ਉੱਤੇ ਕਈ ਪੋਸਟਾਂ ਵਿੱਚ ਬਿਸ਼ਨੋਈ ਗੈਂਗ ਨੇ ਇਨ੍ਹਾਂ ਵਾਰਦਾਤਾਂ ਦੀ ਜ਼ਿੰਮੇਵਾਰੀ ਲਈ ਹੈ, ਜਿਵੇਂ ਕਿ ਕਾਰੋਬਾਰਾਂ ਉੱਤੇ ਹਮਲੇ, ਕਤਲ ਅਤੇ ਹਿੰਸਾ। ਬੀਸੀ ਅਤੇ ਅਲਬਰਟਾ ਵਿੱਚ ਧਮਕੀਆਂ ਦੇ ਮਾਮਲੇ ਵੱਧ ਰਹੇ ਹਨ, ਅਤੇ ਪੁਲਿਸ ਨੇ ਇਨ੍ਹਾਂ ਨੂੰ ਬਿਸ਼ਨੋਈ ਨੈੱਟਵਰਕ ਨਾਲ ਜੋੜਿਆ ਹੈ।

ਕੈਨੇਡਾ ਦੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਇਸ ਮੰਗ ਨੂੰ ਸਭ ਤੋਂ ਅੱਗੇ ਵਧਾ ਰਹੀ ਹੈ। ਪਾਰਟੀ ਦੇ ਆਗੂ ਪੀਅਰ ਪੋਲੀਵਰ ਨੇ ਕਿਹਾ ਕਿ ਲਿਬਰਲ ਸਰਕਾਰ ਦੀ ਖੁੱਲ੍ਹੀ ਇਮੀਗ੍ਰੇਸ਼ਨ ਪਾਲਿਸੀ ਕਰਕੇ ਬਿਸ਼ਨੋਈ ਗੈਂਗ ਦੇ ਮੈਂਬਰ ਕੈਨੇਡਾ ਵਿੱਚ ਦਾਖਲ ਹੋਏ ਅਤੇ ਹੁਣ ਕੈਨੇਡਾ ਦੇ ਲੋਕਾਂ ਨੂੰ ਡਰਾ ਰਹੇ ਹਨ। ਪਾਰਟੀ ਦੇ ਐੱਮਪੀ ਫਰੈਂਕ ਕਾਪੂਟੋ, ਜੋ ਕੈਂਪਲੂਪਸ-ਥੌਂਪਸਨ-ਨਿਕੋਲਾ ਤੋਂ ਚੁਣੇ ਗਏ ਹਨ ਅਤੇ ਪਬਲਿਕ ਸੇਫਟੀ ਲਈ ਸ਼ੈਡੋ ਮੰਤਰੀ ਹਨ, ਨੇ ਅਧਿਕਾਰਤ ਤੌਰ ਉੱਤੇ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦਾਸਾਂਗਰੀ ਨੂੰ ਚਿੱਠੀ ਲਿਖ ਕੇ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਗਰੁੱਪ ਐਲਾਨਣ ਦੀ ਮੰਗ ਕੀਤੀ ਹੈ। 

ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨਿਅਲ ਸਮਿਥ ਨੇ ਵੀ ਇਹ ਮੰਗ ਕੀਤੀ ਸੀ। ਐਬੀ ਨੇ ਜੂਨ 2025 ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਐਲਾਨ ਕੇ ਇਸ ਉਪਰ ਪਾਬੰਦੀ ਲਗਾਈ  ਜਾਵੇ।  ਸਰੀ ਅਤੇ ਬਰੈਂਪਟਨ ਦੇ ਮੇਅਰਾਂ ਨੇ ਵੀ ਇਹ ਮੰਗ ਨੂੰ ਸਮਰਥਨ ਦਿੱਤਾ ਹੈ।

਼ ਕੈਨੇਡੀਅਨ ਪੱਤਰਕਾਰ ਡਾਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲੇ ਰਿਪੋਰਟ ਹੋਣ ਵਾਲੇ ਨਾਲੋਂ ਵੱਧ ਹਨ ਅਤੇ ਸਿਆਸੀ ਲੀਡਰ ਇਸ ਗੈਂਗ ਵਿਰੁਧ ਆਵਾਜ਼ ਉਠਾ ਰਹੇ ਹਨ। ਕਪਿਲ ਸ਼ਰਮਾ ਦੇ ਕੈਫੇ ਉੱਤੇ ਹਮਲੇ ਵੀ ਇਸੇ ਲੜੀ ਵਿੱਚ ਆਉਂਦੇ ਹਨ, ਜਿੱਥੇ ਦੋ ਵਾਰ ਫਾਇਰਿੰਗ ਹੋਈ ਅਤੇ ਗੈਂਗ ਨੇ ਜ਼ਿੰਮੇਵਾਰੀ ਲਈ। ਇਸ ਤੋਂ ਇਲਾਵਾ, ਬੀਸੀ ਅਤੇ ਅਲਬਰਟਾ ਵਿੱਚ ਕਈ ਕਾਰੋਬਾਰੀਆਂ ਨੂੰ ਧਮਕੀਆਂ ਮਿਲੀਆਂ ਹਨ, ਅਤੇ ਪੁਲਿਸ ਨੇ ਇਨ੍ਹਾਂ ਨੂੰ ਟ੍ਰਾਂਸਨੈਸ਼ਨਲ ਕ੍ਰਾਈਮ ਨਾਲ ਜੋੜਿਆ ਹੈ। 

 ਲਿਬਰਲ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਇਸ ਮੰਗ ਉੱਤੇ ਕੋਈ ਜਵਾਬ ਨਹੀਂ ਦਿੱਤਾ। ਪਬਲਿਕ ਸੇਫਟੀ ਮੰਤਰੀ ਅਨੰਦਾਸਾਂਗਰੀ ਨੇ ਚਿੱਠੀ ਦੇ ਜਵਾਬ ਵਿੱਚ ਕਿਹਾ ਕਿ ਉਹ ਇਸ ਨੂੰ ਵਿਚਾਰ ਰਹੇ ਹਨ, ਪਰ ਕੋਈ ਫੈਸਲਾ ਨਹੀਂ ਲਿਆ।

ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ, ਜੋ ਪਾਕਿਸਤਾਨੀ ਮਾਫੀਆ ਨਾਲ ਜੁੜਿਆ ਹੈ ਅਤੇ ਦੁਬਈ ਵਿੱਚ ਰਹਿੰਦਾ ਹੈ, ਨੇ ਇੱਕ ਵਾਇਰਲ ਪੋਡਕਾਸਟ ਵੀਡੀਓ ਵਿੱਚ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਤੋਂ ਇਲਾਵਾ ਕੁਝ ਸਿਆਸਤਦਾਨ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ। ਭੱਟੀ ਨੇ ਕਿਹਾ ਕਿ ਉਹ ਅਤੇ ਲਾਰੈਂਸ ਪਹਿਲਾਂ ਦੋਸਤ ਸਨ, ਮੂਸੇਵਾਲਾ ਲਾਰੈਂਸ ਨੂੰ ਪੈਸੇ ਭੇਜਦਾ ਸੀ, ਪਰ ਜਦੋਂ ਮੰਗ ਵਧ ਗਈ ਤਾਂ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ। ਭੱਟੀ ਨੇ ਕਿਹਾ ਕਿ ਲਾਰੈਂਸ ਖੁਦ ਕੁਝ ਨਹੀਂ ਕਰਦਾ, ਸਾਰੇ ਅਪਰਾਧ ਸਰਕਾਰੀ ਏਜੰਸੀਆਂ ਕਰਦੀਆਂ ਹਨ ਅਤੇ ਉਹ ਜ਼ਿੰਮੇਵਾਰੀ ਲੈਂਦਾ ਹੈ। ਉਸ ਨੇ ਬਾਬਾ ਸਿੱਦੀਕੀ ਦੇ ਕਤਲ ਅਤੇ ਹੋਰ ਖੁਲਾਸੇ ਕਰਨ ਦੀ ਧਮਕੀ ਵੀ ਦਿੱਤੀ। ਇਹ ਪੋਡਕਾਸਟ ਸੱਤ ਦਿਨ ਪਹਿਲਾਂ ਵਾਇਰਲ ਹੋਇਆ ਅਤੇ ਭੱਟੀ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਧਮਕੀਆਂ ਮਿਲ ਰਹੀਆਂ ਹਨ। 

ਇਸ ਸਭ ਨਾਲ ਕੈਨੇਡਾ-ਭਾਰਤ ਸਬੰਧਾਂ ਵਿੱਚ ਤਣਾਅ ਵਧ ਰਿਹਾ ਹੈ। ਕੰਜ਼ਰਵੇਟਿਵ ਐੱਮਪੀ ਜਸਰਾਜ ਹੱਲਣ ਨੇ ਕਿਹਾ ਕਿ ਗੈਂਗ ਨੇ ਅਜਿਹੇ ਬਿਆਨ ਦਿੱਤੇ ਹਨ ਜੋ ਸਿਆਸੀ ਸੋਚ ਦੇ ਹਨ, ਅਤੇ ਕੈਨੇਡੀਅਨ ਲੋਕਾਂ ਨੂੰ ਸੁਰੱਖਿਆ ਚਾਹੀਦੀ ਹੈ। ਕੈਨੇਡਾ ਵਿੱਚ ਭਾਈਚਾਰੇ ਵਿੱਚ ਡਰ ਹੈ ਅਤੇ ਪੁਲਿਸ ਉੱਤੇ ਸਵਾਲ ਉੱਠ ਰਹੇ ਹਨ ਕਿ ਅਜਿਹੇ ਅਪਰਾਧੀ ਕੈਨੇਡਾ ਵਿੱਚ ਕਿਵੇਂ ਦਾਖਲ ਹੋਏ? ਇਹ ਮਾਮਲਾ ਅੱਗੇ ਕੀ ਰੂਪ ਲਵੇਗਾ, ਇਹ ਵੇਖਣ ਵਾਲੀ ਗੱਲ ਹੈ, ਪਰ ਫਿਲਹਾਲ ਇਹ ਕੈਨੇਡੀਅਨ ਸਿਆਸਤ ਦਾ ਵੱਡਾ ਮੁੱਦਾ ਬਣਿਆ ਹੋਇਆ ਹੈ।v

Loading