ਕੈਨੇਡਾ, ਜੋ ਕਦੇ ਪੰਜਾਬੀ ਵਿਦਿਆਰਥੀਆਂ ਲਈ ਸੁਪਨਿਆਂ ਦਾ ਦੇਸ਼ ਸੀ, ਹੁਣ ਬੇਰੁਜ਼ਗਾਰੀ ਅਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਕੈਨੇਡੀਅਨ ਅਖ਼ਬਾਰਾਂ ਜਿਵੇਂ ਕਿ ਸੀ.ਬੀ.ਸੀ. ਅਤੇ ਗਲੋਬ ਐਂਡ ਮੇਲ ਮੁਤਾਬਕ, 2025 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ, ਖਾਸ ਕਰਕੇ ਭਾਰਤੀ ਅਤੇ ਪੰਜਾਬੀ ਮੂਲ ਦੇ ਲੋਕਾਂ ਉੱਤੇ ਇਸ ਸੰਕਟ ਦਾ ਭਾਰੀ ਅਸਰ ਪਿਆ ਹੈ। ਪਿਛਲੇ ਸਾਲਾਂ ਵਿੱਚ, ਕੈਨੇਡਾ ਨੇ ਲੱਖਾਂ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਜਾਰੀ ਕੀਤੇ, ਪਰ ਹੁਣ ਨੀਤੀਆਂ ਵਿੱਚ ਬਦਲਾਅ ਨੇ ਉਨ੍ਹਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਬਹੁਤੇ ਪੰਜਾਬੀ ਵਿਦਿਆਰਥੀ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹਨ, ਜਿੱਥੇ ਰੁਜ਼ਗਾਰ ਦੀ ਘਾਟ ਅਤੇ ਮਹਿੰਗਾਈ ਨੇ ਉਨ੍ਹਾਂ ਨੂੰ ਮਾਨਸਿਕ ਤਣਾਅ ਵਿੱਚ ਧੱਕ ਦਿੱਤਾ ਹੈ। ਗੁਰੂ ਨਾਨਕ ਸਿੱਖ ਸੈਂਟਰ ਗੁਰਦੁਆਰੇ ਦੇ ਮੈਂਬਰ ਬਲਕਰਨ ਸਿੰਘ ਗਿੱਲ ਨੇ ਕਿਹਾ ਕਿ ਇਹ ਅਰਥਵਿਵਸਥਾ ਵਿੱਚ ਮੰਦੀ ਦੇ ਸੰਕੇਤ ਹਨ, ਜਿਸ ਨਾਲ ਨੌਕਰੀਆਂ ਘਟ ਰਹੀਆਂ ਹਨ। ਪੰਜਾਬੀ ਭਾਈਚਾਰੇ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਕਿਉਂਕਿ ਉਹ ਜ਼ਿਆਦਾਤਰ ਨਿਰਮਾਣ, ਸੇਵਾ ਅਤੇ ਵਿਦਿਅਕ ਖੇਤਰਾਂ ਵਿੱਚ ਕੰਮ ਕਰਦੇ ਹਨ। ਟੋਰਾਂਟੋ ਅਤੇ ਬਰੈਂਪਟਨ ਵਰਗੇ ਸ਼ਹਿਰਾਂ ਵਿੱਚ, ਜਿੱਥੇ ਪੰਜਾਬੀਆਂ ਦੀ ਵੱਡੀ ਗਿਣਤੀ ਹੈ, ਵਿਦਿਆਰਥੀਆਂ ਨੂੰ ਪਾਰਟ-ਟਾਈਮ ਜੌਬ ਵੀ ਨਹੀਂ ਮਿਲ ਰਹੇ। ਇਸ ਨਾਲ ਉਨ੍ਹਾਂ ਦੇ ਖਰਚੇ ਪੂਰੇ ਕਰਨੇ ਮੁਸ਼ਕਿਲ ਹੋ ਗਏ ਹਨ।
ਗਲੋਬ ਐਂਡ ਮੇਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੈਰਿਫ਼ ਨੀਤੀਆਂ ਅਤੇ ਅਮਰੀਕੀ ਵਪਾਰ ਯੁੱਧ ਨੇ ਕੈਨੇਡੀਅਨ ਉਦਯੋਗਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਨੌਕਰੀਆਂ ਘਟੀਆਂ ਹਨ। ਵਿਦਿਆਰਥੀਆਂ ਨੂੰ ਘਰ ਦਾ ਕਿਰਾਇਆ, ਖਾਣਾ ਅਤੇ ਪੜ੍ਹਾਈ ਦੇ ਖਰਚੇ ਚੁੱਕਣੇ ਪੈ ਰਹੇ ਹਨ, ਪਰ ਰੁਜ਼ਗਾਰ ਨਾ ਮਿਲਣ ਨਾਲ ਉਹ ਗਰੀਬੀ ਦੇ ਕੰਢੇ ਉੱਤੇ ਪਹੁੰਚ ਗਏ ਹਨ। ਇੱਕ ਪੰਜਾਬੀ ਵਿਦਿਆਰਥੀ ਨੇ ਸੀ.ਬੀ.ਸੀ. ਨੂੰ ਦੱਸਿਆ ਕਿ ‘ਇੱਥੇ ਕੰਮ ਨਹੀਂ ਮਿਲ ਰਿਹਾ, ਅਸੀਂ ਭੁੱਖੇ ਮਰਨ ਵਾਲੇ ਹਾਂ।’ ਇਸ ਸੰਕਟ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਉੱਤੇ ਬੁਰਾ ਅਸਰ ਪਾਇਆ ਹੈ, ਜਿਸ ਨਾਲ ਡਿਪਰੈਸ਼ਨ ਅਤੇ ਚਿੰਤਾ ਵਧ ਰਹੀ ਹੈ। ਕੈਨੇਡੀਅਨ ਮੈਂਟਲ ਹੈਲਥ ਰਿਪੋਰਟਾਂ ਮੁਤਾਬਕ, ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ 20% ਵਧੀਆਂ ਹਨ। ਪੰਜਾਬੀ ਭਾਈਚਾਰੇ ਨੂੰ ਇਸ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਹ ਜ਼ਿਆਦਾਤਰ ਵਿਦਿਆਰਥੀ ਵੀਜ਼ੇ ਉੱਤੇ ਆਏ ਹਨ ਅਤੇ ਨੌਕਰੀ ਨਾ ਮਿਲਣ ਨਾਲ ਉਨ੍ਹਾਂ ਦੇ ਸੁਪਨੇ ਟੁੱਟ ਰਹੇ ਹਨ। ਓਂਟਾਰੀਓ ਵਿੱਚ ਕਾਲਜਾਂ ਨੇ ਵੀਜ਼ਾ ਪਾਬੰਦੀਆਂ ਨਾਲ 10 ਹਜ਼ਾਰ ਸਟਾਫ਼ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜਿਸ ਨਾਲ ਵਿਦਿਅਕ ਖੇਤਰ ਵਿੱਚ ਵੀ ਸੰਕਟ ਵਧਿਆ ਹੈ। ਇਹ ਸਥਿਤੀ ਪੰਜਾਬੀ ਵਿਦਿਆਰਥੀਆਂ ਨੂੰ ਵਾਪਸ ਪੰਜਾਬ ਵੱਲ ਮੋੜ ਰਹੀ ਹੈ।
ਬੇਰੁਜ਼ਗਾਰੀ ਕਾਰਨ ਆਤਮ-ਹੱਤਿਆਵਾਂ ਵਿੱਚ ਵਾਧਾ
ਕੈਨੇਡਾ ਵਿੱਚ ਬੇਰੁਜ਼ਗਾਰੀ ਅਤੇ ਆਰਥਿਕ ਤਣਾਅ ਨੇ ਪੰਜਾਬੀ ਵਿਦਿਆਰਥੀਆਂ ਵਿੱਚ ਆਤਮਹੱਤਿਆਵਾਂ ਨੂੰ ਵਧਾ ਦਿੱਤਾ ਹੈ। ਨਿਊ ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਵਿੱਚ ਘੱਟੋ-ਘੱਟ 47 ਭਾਰਤੀ ਵਿਦਿਆਰਥੀ ਡਰੱਗ ਓਵਰਡੋਜ਼ ਅਤੇ ਆਤਮ-ਹੱਤਿਆ ਨਾਲ ਮਰ ਚੁੱਕੇ ਹਨ। ਇਹ ਅੰਕੜੇ 2023 ਤੋਂ 2025 ਤੱਕ ਦੇ ਹਨ ਅਤੇ ਜ਼ਿਆਦਾਤਰ ਪੰਜਾਬੀ ਮੂਲ ਦੇ ਵਿਦਿਆਰਥੀ ਹਨ। ਸੀ.ਬੀ.ਸੀ. ਨੇ ਵੀ ਰਿਪੋਰਟ ਕੀਤਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਡਿਸਕ੍ਰਿਮੀਨੇਸ਼ਨ ਅਤੇ ਐਕਸਪਲਾਇਟੇਸ਼ਨ ਨੇ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਯੌਰਕ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਨੇ ਪੰਜਾਬੀ ਵਿਦਿਆਰਥੀਆਂ ਨਾਲ ਇੰਟਰਵਿਊਜ਼ ਵਿੱਚ ਪਾਇਆ ਕਿ ਉਨ੍ਹਾਂ ਨੂੰ ਨੀਚੇ ਪੱਧਰ ਦੀਆਂ ਨੌਕਰੀਆਂ ਅਤੇ ਘੱਟ ਤਨਖਾਹ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ, ਜਿਸ ਨਾਲ ਡਿਪਰੈਸ਼ਨ ਵਧ ਰਿਹਾ ਹੈ। ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਦੀ 2024 ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੂਸਾਈਡ ਰੇਟ ਵਿੱਚ ਵਾਧਾ ਹੋਇਆ ਹੈ, ਖਾਸ ਕਰਕੇ ਨੌਜਵਾਨਾਂ ਵਿੱਚ। ਭਾਰਤੀ ਵਿਦਿਆਰਥੀਆਂ ਵਿੱਚ ਇਹ ਅੰਕੜਾ ਅਲਾਰਮਿੰਗ ਹੈ, ਜਿੱਥੇ ਬੇਰੁਜ਼ਗਾਰੀ ਅਤੇ ਫ਼ਾਈਨੈਂਸ਼ਲ ਸਟ੍ਰੈੱਸ ਮੁੱਖ ਕਾਰਨ ਹਨ। ਡੇਲੀ ਪਾਇਨੀਅਰ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ ਦੇ ਬਦਲਾਅ ਨਾਲ ਵਿਦਿਆਰਥੀਆਂ ਵਿੱਚ ਨਿਰਾਸ਼ਾ ਵਧੀ ਹੈ। ਪੰਜਾਬੀ ਭਾਈਚਾਰੇ ਵਿੱਚ ਇਹ ਸਮੱਸਿਆ ਵੱਡੀ ਹੈ ਕਿਉਂਕਿ ਉਨ੍ਹਾਂ ਨੇ ਵੱਡੇ ਲੋਨ ਲੈ ਕੇ ਕੈਨੇਡਾ ਆਉਣਾ ਹੁੰਦਾ ਹੈ ਅਤੇ ਨੌਕਰੀ ਨਾ ਮਿਲਣ ਨਾਲ ਪਰਿਵਾਰ ਨੂੰ ਵਾਪਸ ਪੈਸੇ ਭੇਜਣੇ ਮੁਸ਼ਕਿਲ ਹੋ ਜਾਂਦੇ ਹਨ। ਕੈਨੇਡੀਅਨ ਅਖ਼ਬਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨੀਤੀਆਂ ਨਾ ਬਦਲੀਆਂ ਤਾਂ ਇਹ ਅੰਕੜਾ ਹੋਰ ਵਧੇਗਾ। ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸੇਵਾਵਾਂ ਦੀ ਲੋੜ ਹੈ, ਪਰ ਬਹੁਤੇ ਉਸ ਤੱਕ ਪਹੁੰਚ ਨਹੀਂ ਕਰ ਪਾਉਂਦੇ। ਇਸ ਨਾਲ ਪੰਜਾਬੀ ਭਾਈਚਾਰੇ ਵਿੱਚ ਡੂੰਘੀ ਚਿੰਤਾ ਪੈਦਾ ਹੋਈ ਹੈ।
ਵਿਦਿਆਰਥੀ ਪੰਜਾਬ ਵਾਪਸ ਪਰਤੇ ਅਤੇ ਪੀ.ਆਰ. ਦੀ ਮੁਸ਼ਕਿਲ
2024-2025 ਵਿੱਚ ਲੱਖਾਂ ਪੰਜਾਬੀ ਵਿਦਿਆਰਥੀ ਕੈਨੇਡਾ ਤੋਂ ਵਾਪਸ ਪੰਜਾਬ ਪਰਤੇ ਹਨ। ਟ੍ਰਿਬਿਊਨ ਅਤੇ ਹਿੰਦੁਸਤਾਨ ਟਾਈਮਜ਼ ਮੁਤਾਬਕ, ਕੈਨੇਡਾ ’ਚ ਇਮੀਗ੍ਰੇਸ਼ਨ ਕੱਟ ਨਾਲ 7 ਲੱਖ ਵਿਦਿਆਰਥੀਆਂ ਨੂੰ ਵਾਪਸ ਜਾਣਾ ਪੈ ਸਕਦਾ ਹੈ। ਸੀ.ਬੀ.ਸੀ. ਨੇ ਰਿਪੋਰਟ ਕੀਤਾ ਕਿ ਭਾਰਤੀ ਵਿਦਿਆਰਥੀਆਂ ਵਿੱਚ ਕੈਨੇਡਾ ਪੜ੍ਹਨ ਦਾ ਰੁਝਾਨ 41% ਘਟਿਆ ਹੈ। ਪੰਜਾਬ ਤੋਂ 1.36 ਲੱਖ ਵਿਦਿਆਰਥੀ 2024 ਵਿੱਚ ਵਿਦੇਸ਼ ਗਏ, ਪਰ ਬਹੁਤੇ ਵਾਪਸ ਆ ਰਹੇ ਹਨ ਕਿਉਂਕਿ ਨੌਕਰੀ ਨਹੀਂ ਮਿਲ ਰਹੀ। ਟੋਰਾਂਟੋ ਸਟਾਰ ਨੇ ਕਿਹਾ ਕਿ ਪੰਜਾਬੀ ਪਰਿਵਾਰਾਂ ਨੇ ਜ਼ਮੀਨਾਂ ਵੇਚ ਕੇ ਬੱਚੇ ਭੇਜੇ, ਪਰ ਹੁਣ ਉਨ੍ਹਾਂ ਦੇ ਸੁਪਨੇ ਟੁੱਟ ਰਹੇ ਹਨ। ਪੀ.ਆਰ. ਮੁਸ਼ਕਿਲ ਹੋਣ ਦਾ ਮੁੱਖ ਕਾਰਨ ਨੀਤੀ ਬਦਲਾਅ ਹੈ। ਕੈਨੇਡਾ ਨੇ 2025 ਵਿੱਚ ਪੀ.ਆਰ. ਨੂੰ 5 ਲੱਖ ਤੋਂ ਘਟਾ ਕੇ 3.95 ਲੱਖ ਕਰ ਦਿੱਤਾ ਹੈ। ਇੰਟਰਨੈਸ਼ਨਲ ਵਿਦਿਆਰਥੀਆਂ ਲਈ ਸਟੱਡੀ ਪਰਮਿਟ 10% ਘਟਾਏ ਗਏ ਹਨ ਅਤੇ ਸਕੂਲ ਬਦਲਣ ਲਈ ਨਵਾਂ ਵੀਜ਼ਾ ਚਾਹੀਦਾ ਹੈ। ਹਾਊਸਿੰਗ ਕ੍ਰਾਈਸਿਸ ਅਤੇ ਜੌਬ ਮਾਰਕੀਟ ਨੇ ਸਰਕਾਰ ਨੂੰ ਸਖ਼ਤ ਨੀਤੀਆਂ ਅਪਣਾਉਣ ਲਈ ਮਜਬੂਰ ਕੀਤਾ ਹੈ। ਗਲੋਬ ਐਂਡ ਮੇਲ ਨੇ ਕਿਹਾ ਕਿ ਇਹ ਬਦਲਾਅ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਨਿਸ਼ਚਿਤਤਾ ਵਿੱਚ ਧੱਕ ਦਿੰਦੇ ਹਨ। ਪੰਜਾਬੀ ਵਿਦਿਆਰਥੀਆਂ ਲਈ ਪੀਆਰ ਹੁਣ ਅਸੰਭਵ ਜਿਹਾ ਹੋ ਗਿਆ ਹੈ ਕਿਉਂਕਿ ਪੋਸਟ-ਗ੍ਰੈਜੂਏਟ ਵਰਕ ਪਰਮਿਟ ਵਿੱਚ ਬਦਲਾਅ ਹੋਏ ਹਨ। ਬਹੁਤੇ ਵਿਦਿਆਰਥੀ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਵਾਪਸ ਪਰਤ ਰਹੇ ਹਨ।
ਕੀ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਜਾਣਾ ਚਾਹੀਦਾ?
ਹੁਣ ਸਵਾਲ ਉੱਠਦਾ ਹੈ ਕਿ ਕੀ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਜਾਣਾ ਚਾਹੀਦਾ ਹੈ? ਕੈਨੇਡੀਅਨ ਅਖ਼ਬਾਰਾਂ ਮੁਤਾਬਕ, ਮੌਜੂਦਾ ਸਥਿਤੀ ਵਿੱਚ ਨਹੀਂ, ਕਿਉਂਕਿ ਰੁਜ਼ਗਾਰ ਅਤੇ ਪੀ.ਆਰ. ਮੁਸ਼ਕਿਲ ਹਨ। ਵਿਕਲਪ ਵਜੋਂ ਆਸਟ੍ਰੇਲੀਆ, ਜਰਮਨੀ, ਯੂ.ਕੇ., ਨਿਊਜ਼ੀਲੈਂਡ ਅਤੇ ਆਇਰਲੈਂਡ ਵਧੀਆ ਹਨ। ਆਸਟ੍ਰੇਲੀਆ ਵਿੱਚ ਪੋਸਟ-ਸਟੱਡੀ ਵਰਕ ਰਾਈਟਸ ਚੰਗੇ ਹਨ ਅਤੇ ਰੁਜ਼ਗਾਰ ਠੀਕ ਹੈ। ਜਰਮਨੀ ਵਿੱਚ ਐਸ.ਟੀ.ਐਮ. ਪ੍ਰੋਗਰਾਮਾਂ ਨਾਲ ਜੌਬ ਪ੍ਰਾਸਪੈਕਟਸ ਮਜ਼ਬੂਤ ਹਨ ਅਤੇ ਸੈਟਲਮੈਂਟ ਆਸਾਨ ਹੈ। ਯੂ.ਐਸ.ਏ. ਅਤੇ ਯੂ.ਕੇ. ਵਿੱਚ ਵੀ ਭਾਰਤੀ ਵਿਦਿਆਰਥੀ ਸੈਟਲ ਹੋ ਸਕਦੇ ਹਨ। ਕੈਨੇਡਾ ਵਰਗੇ ਸੰਕਟ ਤੋਂ ਬਚਣ ਲਈ ਇਹ ਦੇਸ਼ ਵਧੀਆ ਵਿਕਲਪ ਹਨ। ਗਲੋਬਲ ਸਿਟੀਜ਼ਨ ਸਲਿਊਸ਼ਨਜ਼ ਨੇ ਕਿਹਾ ਕਿ ਆਇਰਲੈਂਡ ਆਈ.ਟੀ. ਅਤੇ ਫ਼ਾਈਨੈਂਸ ਵਿੱਚ ਚੰਗੀਆਂ ਮੌਕੇ ਦਿੰਦਾ ਹੈ। ਪੰਜਾਬੀ ਵਿਦਿਆਰਥੀਆਂ ਨੂੰ ਇਨ੍ਹਾਂ ਦੇਸ਼ਾਂ ਵੱਲ ਵੇਖਣਾ ਚਾਹੀਦਾ ਜਿੱਥੇ ਰੁਜ਼ਗਾਰ ਅਤੇ ਸੈਟਲਮੈਂਟ ਦੇ ਮੌਕੇ ਵਧੇਰੇ ਹਨ। ਇਹ ਨੀਤੀਆਂ ਅਤੇ ਅਰਥਵਿਵਸਥਾ ਉੱਤੇ ਨਿਰਭਰ ਕਰਦਾ ਹੈ, ਪਰ ਕੈਨੇਡਾ ਵਿੱਚ ਮੌਜੂਦਾ ਸੰਕਟ ਨੇ ਵਿਦਿਆਰਥੀਆਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ।
![]()
