ਮਾਰਕ ਕਾਰਨੀ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਨੇ ਕੰਜ਼ਰਵੇਟਿਵ ਪੀਅਰੇ ਪੋਲੀਵਰੇ ਅਤੇ ਐਨ.ਡੀ.ਪੀ. ਦੇ ਜਗਮੀਤ ਸਿੰਘ ਨੂੰ ਹਰਾ ਕੇ 2025 ਦੀਆਂ ਕੈਨੇਡੀਅਨ ਫ਼ੈਡਰਲ ਚੋਣਾਂ ਵਿੱਚ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਭਾਰਤ-ਕੈਨੇਡਾ ਸਬੰਧਾਂ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ। ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿੱਚ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ 50.6% ਵੋਟਾਂ ਨਾਲ 91 ਸੀਟਾਂ ਉੱਤੇ ਬੜਤ ਹਾਸਲ ਕਰਦਿਆਂ ਚੌਥੀ ਵਾਰ ਜਿੱਤ ਦਰਜ ਕੀਤੀ। ਕੰਜ਼ਰਵੇਟਿਵ ਪਾਰਟੀ, ਜਿਸ ਦੀ ਅਗਵਾਈ ਪੀਅਰੇ ਪੋਲੀਵਰੇ ਕਰ ਰਹੇ ਸਨ, ਨੇ 38.8% ਵੋਟਾਂ ਨਾਲ 61 ਸੀਟਾਂ ਉੱਤੇ ਬੜਤ ਬਣਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਵਾਲੀਆਂ ਵਿਵਾਦਗ੍ਰਸਤ ਟਿੱਪਣੀਆਂ ਅਤੇ ਟੈਰਿਫ਼ ਦੀਆਂ ਧਮਕੀਆਂ ਨੇ ਕੈਨੇਡੀਅਨ ਵੋਟਰਾਂ ਵਿੱਚ ਰਾਸ਼ਟਰਵਾਦੀ ਭਾਵਨਾਵਾਂ ਨੂੰ ਉਭਾਰਿਆ, ਜਿਸ ਨੇ ਲਿਬਰਲ ਪਾਰਟੀ ਦੇ ਹੱਕ ਵਿੱਚ ਮਾਹੌਲ ਬਣਾਇਆ। ਮਾਰਕ ਕਾਰਨੀ, ਜੋ ਪਹਿਲਾਂ ਬੈਂਕ ਆਫ਼ ਇੰਗਲੈਂਡ ਅਤੇ ਬੈਂਕ ਆਫ਼ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਹਨ, ਨੇ ਆਪਣੀ ਵਿਸ਼ਵਵਿਆਪੀ ਆਰਥਿਕ ਮੁਹਾਰਤ ਨਾਲ ਵੋਟਰਾਂ ਨੂੰ ਆਕਰਸ਼ਿਤ ਕੀਤਾ।
ਭਾਰਤੀ ਮੂਲ ਦੇ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਸਿਰਫ਼ 8.4% ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਪਾਰਟੀ ਨੇ ਕੁਝ ਸੀਟਾਂ ’ਤੇ ਬੜਤ ਬਣਾਈ, ਪਰ ਲਿਬਰਲ ਅਤੇ ਕੰਜ਼ਰਵੇਟਿਵ ਦੀ ਸਖ਼ਤ ਟੱਕਰ ਵਿੱਚ ਐਨ.ਡੀ.ਪੀ. ਦਾ ਪ੍ਰਭਾਵ ਸੀਮਤ ਰਿਹਾ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਾਰਕ ਕਾਰਨੀ ਦੀ ਅਗਵਾਈ ਵਿੱਚ ਭਾਰਤ-ਕੈਨੇਡਾ ਸਬੰਧ ਜਸਟਿਨ ਟਰੂਡੋ ਦੇ ਕਾਰਜਕਾਲ ਦੀ ਤੁਲਨਾ ਵਿੱਚ ਵਧੇਰੇ ਨਿੱਘੇ ਹੋ ਸਕਦੇ ਹਨ। ਟਰੂਡੋ ਦੇ ਸਮੇਂ ਵਿੱਚ ਖ਼ਾਲਿਸਤਾਨੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਤਣਾਅ ਵਧਿਆ ਸੀ। ਕਾਰਨੀ ਦੀਆਂ ਨੀਤੀਆਂ ਵਧੇਰੇ ਨਿਰਪੱਖ ਅਤੇ ਆਰਥਿਕ ਤੌਰ ’ਤੇ ਕੇਂਦਰਿਤ ਹੋ ਸਕਦੀਆਂ ਹਨ, ਪਰ ਖ਼ਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਬਰਕਰਾਰ ਰਹਿਣਗੀਆਂ। ਭਾਈ ਹਰਦੀਪ ਸਿੰਘ ਨਿੱਝਰ, ਇੱਕ ਕੈਨੇਡੀਅਨ ਸਿੱਖ ਆਗੂ ਅਤੇ ਖ਼ਾਲਿਸਤਾਨ ਲਹਿਰ ਨਾਲ ਜੁੜੇ ਆਗੂ ਦਾ ਜੂਨ 2023 ਵਿੱਚ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਕਤਲ ਹੋ ਗਿਆ ਸੀ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ਵਿੱਚ ਭਾਰਤ ਸਰਕਾਰ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਭਾਰਤ ਨੇ ਸਖ਼ਤੀ ਨਾਲ ਰੱਦ ਕਰ ਦਿੱਤਾ ਸੀ। ਨਵੰਬਰ 2024 ਵਿੱਚ, ਕੈਨੇਡਾ ਸਰਕਾਰ ਨੇ ਸਵੀਕਾਰ ਕੀਤਾ ਕਿ ਉਸ ਕੋਲ ਭਾਰਤ ਦੇ ਉੱਚ ਅਧਿਕਾਰੀਆਂ, ਜਿਵੇਂ ਕਿ ਨਰਿੰਦਰ ਮੋਦੀ ਜਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਦੀ ਸਿੱਧੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ। ਮਾਰਕ ਕਾਰਨੀ ਦੀ ਸਰਕਾਰ ਸੰਭਾਵਤ ਤੌਰ ’ਤੇ ਇਸ ਮੁੱਦੇ ਨੂੰ ਹੋਰ ਨਾ ਵਧਾਉਣ ਦੀ ਕੋਸ਼ਿਸ਼ ਕਰ ਸਕਦੀ ਹੈ, ਕਿਉਂਕਿ ਉਹ ਸਬੰਧ ਸੁਧਾਰਨ ਨੂੰ ਤਰਜੀਹ ਦੇ ਰਹੇ ਹਨ। ਹਾਲਾਂਕਿ, ਕੈਨੇਡਾ ਦੀ ਸਿੱਖ ਕਮਿਊਨਿਟੀ ਅਤੇ ਸਿਆਸੀ ਦਬਾਅ ਕਾਰਨ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਛੱਡਣਾ ਮੁਸ਼ਕਿਲ ਹੋ ਸਕਦਾ ਹੈ ਪਰ ਹਰਦੀਪ ਸਿੰਘ ਨਿਝਰ ਦੇ ਕਤਲ ਤੇ ਨਿਆਂ ਦਾ ਮਾਮਲਾ ਸੁਲਝਾਉਣਾ ਸੌਖਾ ਨਹੀਂ।
ਯਾਦ ਰਹੇ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਊਰਜਾ, ਖੇਤੀਬਾੜੀ, ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਵਪਾਰਕ ਸਬੰਧ ਮਜ਼ਬੂਤ ਰਹੇ ਹਨ। ਕਾਰਨੀ ਦੀਆਂ ਵਿਸ਼ਵਵਿਆਪੀ ਵਪਾਰ ਅਤੇ ਸਥਿਰਤਾ ’ਤੇ ਜ਼ੋਰ ਦੇਣ ਵਾਲੀਆਂ ਆਰਥਿਕ ਨੀਤੀਆਂ ਭਾਰਤ ਨਾਲ ਵਪਾਰ ਨੂੰ ਹੁਲਾਰਾ ਦੇ ਸਕਦੀਆਂ ਹਨ। ਹਾਲਾਂਕਿ, ਟਰੰਪ ਦੇ ਟੈਰਿਫ਼ ਅਤੇ ਕੈਨੇਡੀਅਨ ਅਰਥਵਿਵਸਥਾ ’ਤੇ ਉਸ ਦੇ ਪ੍ਰਭਾਵ ਨਾਲ ਭਾਰਤ ਦੇ ਨਿਰਯਾਤ ’ਤੇ ਵੀ ਅਸਰ ਪੈ ਸਕਦਾ ਹੈ। ਭਾਰਤ ਨੂੰ ਕੈਨੇਡਾ ਨਾਲ ਆਪਣੀ ਕੂਟਨੀਤਕ ਰਣਨੀਤੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੋਵੇਗੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਰਨੀ ਅਤੇ ਲਿਬਰਲ ਪਾਰਟੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ, ਜੋ ਸਕਾਰਾਤਮਕ ਸੰਕੇਤ ਹੈ। ਕਾਰਨੀ ਦੀ ਅਗਵਾਈ ਵਿੱਚ, ਸਬੰਧਾਂ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਕੰਮ ਹੋ ਸਕਦਾ ਹੈ, ਖਾਸ ਕਰਕੇ ਵਪਾਰ ਅਤੇ ਆਰਥਿਕ ਸਹਿਯੋਗ ਵਧਾਉਣ ਦੇ ਮੱਦੇਨਜ਼ਰ। ਯਾਦ ਰਹੇ ਕਿ ਅਮਰੀਕਾ ਨੇ ਭਾਰਤ-ਕੈਨੇਡਾ ਤਣਾਅ ਵਿੱਚ ਸੰਜਮ ਨਾਲ ਵਿਚੋਲਗੀ ਦੀ ਭੂਮਿਕਾ ਨਿਭਾਈ ਹੈ। 2023 ਦੇ ਜੀ-20 ਸੰਮੇਲਨ ਦੌਰਾਨ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਨੂੰ ਗੱਲਬਾਤ ਲਈ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਲਈ ਭਾਰਤ ਇੱਕ ਮਹੱਤਵਪੂਰਨ ਰਣਨੀਤਕ ਸਾਥੀ ਹੈ, ਖਾਸ ਕਰਕੇ ਇੰਡੋ-ਪੈਸਿਫ਼ਿਕ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਦੇ ਸੰਦਰਭ ਵਿੱਚ। ਨਾਲ ਹੀ, ਕੈਨੇਡਾ ਨਾਲ ਵੀ ਅਮਰੀਕਾ ਦੇ ਨਜ਼ਦੀਕੀ ਸਬੰਧ ਹਨ। ਇਸ ਲਈ, ਅਮਰੀਕਾ ਸੰਭਾਵਤ ਤੌਰ ’ਤੇ ਦੋਵਾਂ ਦੇਸ਼ਾਂ ਨੂੰ ਸੰਵਾਦ ਅਤੇ ਸਹਿਯੋਗ ਵੱਲ ਉਤਸ਼ਾਹਤ ਕਰੇਗਾ।
ਲਿਬਰਲ ਪਾਰਟੀ ਦੀ ਜਿੱਤ ਅਤੇ ਮਾਰਕ ਕਾਰਨੀ ਦੀ ਅਗਵਾਈ ਵਿੱਚ ਭਾਰਤ-ਕੈਨੇਡਾ ਸਬੰਧ ਸੁਧਰਨ ਦੀ ਸੰਭਾਵਨਾ ਹੈ, ਪਰ ਹਰਦੀਪ ਸਿੰਘ ਨਿੱਝਰ ਮਾਮਲਾ ਹੱਲ ਹੋਣਾ ਮੁਸ਼ਕਿਲ ਹੈ।
ਰਜਿੰਦਰ ਸਿੰਘ ਪੁਰੇਵਾਲ