ਵੈਨਕੂਵਰ-
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਦੇਸ਼ ਵਿੱਚ 28 ਅਪਰੈਲ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰ ਕੇ ਲੋਕ ਸਭਾ ਭੰਗ ਕਰਨ ਅਤੇ ਫੌਰੀ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ।ਇਹ ਚੋਣ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਵਪਾਰ ਯੁੱਧ ਦਾ ਸਾਹਮਣਾ ਕਰ ਰਿਹਾ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸਨੂੰ 51ਵਾਂ ਅਮਰੀਕੀ ਸੂਬਾ ਬਣਨ ਦਾ ਸੱਦਾ ਦਿੱਤਾ ਹੈ।ਇਨ੍ਹਾਂ ਚੋਣਾਂ ਵਿੱਚ ਅਜਿਹੇ ਹੀ ਕਈ ਮੁੱਦੇ ਹਨ ਜੋ ਵੋਟਰਾਂ ਦੇ ਦਿਮਾਗ 'ਚ ਸਭ ਤੋਂ ਜ਼ਿਆਦਾ ਹੋਣਗੇ।
ਕਾਰਨੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਵਰਨਰ ਜਨਰਲ ਨੇ 28 ਅਪਰੈਲ ਨੂੰ ਚੋਣਾਂ ਕਰਵਾਉਣ ਸਬੰਧੀ ਉਨ੍ਹਾਂ ਦੀ ਬੇਨਤੀ ਮਨਜ਼ੂਰੀ ਕਰ ਲਈ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੇ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਿਫਾਂ ਬਾਰੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਮੌਜੂਦਾ 44ਵੀਂ ਲੋਕ ਸਭਾ ਦੇ 338 ਮੈਂਬਰ ਸਨ ਜਦਕਿ ਕੁਝ ਸੂਬਿਆਂ ਵਿੱਚ ਆਬਾਦੀ ਵਧਣ ਕਾਰਨ ਨਵੀਂ ਹੱਦਬੰਦੀ ਕਰ ਕੇ ਪੰਜ ਸੀਟਾਂ ਦਾ ਵਾਧਾ ਕੀਤਾ ਗਿਆ ਹੈ। 28 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ 45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਬਹੁਮਤ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ 172 ਮੈਂਬਰਾਂ ਦੀ ਲੋੜ ਹੋਵੇਗੀ।
ਕੀ ਕਹਿੰਦੇ ਨੇ ਸਰਵੇਖਣ
ਚੋਣਾਂ ਵਿੱਚ ਕਾਰਨੀ ਦਾ ਸਾਹਮਣਾ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਨਾਲ ਹੋਵੇਗਾ, ਜਿਨ੍ਹਾਂ ਦੀ ਪਾਰਟੀ 2023 ਦੇ ਮੱਧ ਤੋਂ ਕੌਮੀ ਚੋਣਾਂ ਵਿੱਚ ਅੱਗੇ ਚੱਲ ਰਹੀ ਹੈ, ਹਾਲਾਂਕਿ ਹਾਲ ਹੀ ਦੇ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਮੁਕਾਬਲਾ ਹੁਣ ਬਰਾਬਰੀ ਦਾ ਹੈ।ਤਾਜ਼ਾ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਲਿਬਰਲਾਂ ਨੂੰ 37.8 ਫੀਸਦ ਸਮਰਥਨ ਮਿਲਿਆਂ, ਜੋ ਕੰਜ਼ਰਵੇਟਿਵਾਂ ਤੋਂ ਕੁਝ ਹੀ ਫੀਸਦ (37.2%) ਅੱਗੇ ਹਨ।ਸੰਸਦ ਵਿੱਚ ਪੰਜ ਨਵੀਂਆਂ ਸੀਟਾਂ ਦੇ ਵਾਧੇ ਨਾਲ ਸੀਟਾਂ ਦੀ ਕੁੱਲ ਗਿਣਤੀ 343 ਸੀਟਾਂ ਕਰ ਦਿੱਤੀਆਂ ਗਈਆਂ ਹਨ। ਲਿਬਰਲ ਪਾਰਟੀ ਨੇ ਪੁਸ਼ਟੀ ਕੀਤੀ ਕਿ ਕਾਰਨੀ ਨੇਪੀਅਨ ਦੇ ਓਟਾਵਾ ਰਾਈਡਿੰਗ ਵਿਚ ਹਾਊਸ ਆਫ਼ ਕਾਮਨਜ਼ ਦੀ ਸੀਟ ਲਈ ਚੋਣ ਲੜਨਗੇ, ਜਿਸ ’ਤੇ ਪਿਛਲੇ ਇਕ ਦਹਾਕੇ ਤੋਂ ਲਿਬਰਲ ਸੰਸਦ ਮੈਂਬਰ ਚੰਦਰ ਆਰੀਆ ਦਾ ਕਬਜ਼ਾ ਹੈ। ਆਰੀਆ ਨੂੰ ਦੋ ਮਹੀਨੇ ਪਹਿਲਾਂ ਦੱਸਿਆ ਗਿਆ ਸੀ ਕਿ ਪਾਰਟੀ ਦੀ ਲੀਡਰਸ਼ਿਪ ਲਈ ਉਨ੍ਹਾਂ ਦੀ ਉਮੀਦਵਾਰੀ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਪਿਛਲੇ ਹਫ਼ਤੇ ਉਨ੍ਹਾਂ ਨਾਮਜ਼ਦਗੀ ਰੱਦ ਕਰ ਦਿੱਤੀ ਗਈ।