ਕੈਨੇਡੀਅਨ ਬਾਰਡਰ ਅਫ਼ਸਰ ਨੂੰ ਭਾਰਤ ਦੀ ‘ਪ੍ਰੋਪੇਗੰਡਾ ਮਸ਼ੀਨ’ ਨੇ ਬਣਾਇਆ ਨਿਸ਼ਾਨਾ, ਹੁਣ ਮੁਕੱਦਮਾ ਠੋਕਿਆ

In ਮੁੱਖ ਲੇਖ
December 04, 2025

ਖਾਸ ਖ਼ਬਰ
ਵੈਨਕੂਵਰ/ਏ.ਟੀ.ਨਿਊਜ਼: ‘ਦੀ ਗਲੋਬਲ ਮੇਲ’ ਕੈਨੇਡਾ ਦੀ ਖ਼ਬਰ ਅਨੁਸਾਰ ਕੈਨੇਡੀਅਨ ਬਾਰਡਰ ਸਰਵਿਸਿਜ ਏਜੰਸੀ ਦੇ ਸੀਨੀਅਰ ਅਫ਼ਸਰ ਸੰਨੀ ਸਿੱਧੂ (ਅਸਲ ਨਾਮ ਸੰਦੀਪ ਸਿੰਘ ਸਿੱਧੂ) ਨੇ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਖਿਲਾਫ਼ 90 ਲੱਖ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਉਸ ਦਾ ਦੋਸ਼ ਹੈ ਕਿ ਭਾਰਤ ਨੇ ਉਸ ਨੂੰ ਜਾਣ-ਬੁੱਝ ਕੇ “ਆਤੰਕਵਾਦੀ” ਕਹਿ ਕੇ ਬਦਨਾਮ ਕੀਤਾ ਅਤੇ ਕੈਨੇਡਾ ਸਰਕਾਰ ਨੇ ਉਸ ਦੀ ਰਾਖੀ ਨਹੀਂ ਕੀਤੀ, ਸਗੋਂ ਉਸ ਨੂੰ ਇਕੱਲਾ ਛੱਡ ਦਿੱਤਾ।
ਸੰਨੀ ਸਿੱਧੂ ਬੀ.ਸੀ. ਵਿੱਚ ਪੈਦਾ ਹੋਇਆ ਸੀ ਅਤੇ ਕੈਨੇਡੀਅਨ ਨਾਗਰਿਕ ਹੈ। ਉਹ 20 ਸਾਲਾਂ ਤੋਂ ਕੈਨੇਡਾ ਦੀ ਸਰਹੱਦ ਦੀ ਸੁਰੱਖਿਆ ਕਰ ਰਿਹਾ ਹੈ। ਉਹ ਨਾ ਤਾਂ ਸਿਆਸਤ ਨਾਲ ਜੁੜਿਆ ਹੈ, ਨਾ ਹੀ ਧਾਰਮਿਕ ਤੌਰ ੳੁੱਪਰ ਸਰਗਰਮ ਸਿੱਖ ਹੈ। ਪਹਿਲਾਂ ਉਹ ਟੀ.ਵੀ. ਸ਼ੋਅ ‘ਬਾਰਡਰ ਸਿਕਿਊਰਟੀ ’ ਵਿੱਚ ਵੀ ਨਜ਼ਰ ਆ ਚੁੱਕਿਆ ਸੀ। ਪਰ 2024 ਤੋਂ ਭਾਰਤੀ ਮੀਡੀਆ ਨੇ ਉਸ ਨੂੰ ਖ਼ਤਰਨਾਕ ਖਾੜਕੂ” ਅਤੇ “ਖ਼ਾਲਿਸਤਾਨੀ” ਦੱਸ ਕੇ ਪੂਰੀ ਦੁਨੀਆਂ ਵਿੱਚ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ।
ਕੀ ਹੋਇਆ ਸੀ?
ਗਲੋਬਲ ਨਿਊਜ਼ ਅਖ਼ਬਾਰ ਅਨੁਸਾਰ 2023 ਵਿੱਚ ਸਰੀ (ਬੀ.ਸੀ.) ਵਿੱਚ ਖ਼ਾਲਿਸਤਾਨ ਸਮਰਥਕ ਨੇਤਾ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ। ਕੈਨੇਡਾ ਨੇ ਇਸ ਵਿੱਚ ਭਾਰਤੀ ਏਜੰਟਾਂ ਦਾ ਹੱਥ ਦੱਸਿਆ ਸੀ। ਇਸ ਤੋਂ ਬਾਅਦ ਭਾਰਤ ਬਹੁਤ ਨਰਾਜ਼ ਹੋ ਗਿਆ ਸੀ। ਜਵਾਬ ਵਜੋਂ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਕੈਨੇਡਾ ਨੂੰ “ਖਾੜਕੂਆਂ ਦਾ ਸਵਰਗ” ਦੱਸਣਾ ਸ਼ੁਰੂ ਕਰ ਦਿੱਤਾ ਸੀ।
ਅਕਤੂਬਰ 2024 ਵਿੱਚ ਭਾਰਤੀ ਚੈਨਲਾਂ (ਜਿਵੇਂ ਇੰਡੀਆ ਟੂਡੇ, ਟਾਈਮਜ਼ ਨਾਊ) ਨੇ ਵੱਡੀਆਂ-ਵੱਡੀਆਂ ਹੈੱਡਲਾਈਨਾਂ ਲਾਈਆਂ:
“ਟਰੂਡੋ ਦਾ ਟੈਕਸ ਨਾਲ ਪਾਲਿਆ ਆਤੰਕਵਾਦੀ”
“ਕੈਨੇਡਾ ਨੇ ਕਾਤਲ ਨੂੰ ਨੌਕਰੀ ਦਿੱਤੀ”
“ਸੰਦੀਪ ਸਿੰਘ ਸਿੱਧੂ = ਖ਼ਤਰਨਾਕ ਖ਼ਾਲਿਸਤਾਨੀ ਆਤੰਕੀ”
ਉਨ੍ਹਾਂ ਨੇ ਦੋਸ਼ ਲਾਇਆ ਕਿ ਸੰਨੀ ਸਿੱਧੂ ਅਸਲ ਵਿੱਚ “ਟਰਾਂਟੋ ਸੰਨੀ” ਨਾਮ ਦਾ ਭਗੌੜਾ ਹੈ, ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਮਿਲ ਕੇ ਕੰਮ ਕਰਦਾ ਹੈ, ਅਤੇ ਭਾਰਤ ਵਿੱਚ ਕਈ ਕਤਲ ਕਰਵਾਏ ਹਨ।
ਪਰ ਸੱਚ ਇਹ ਸੀ ਕਿ ਸੰਨੀ ਸਿੱਧੂ ਦਾ ਉਸ ਭਗੌੜੇ ਨਾਲ ਕੋਈ ਰਿਸ਼ਤਾ ਨਹੀਂ। ਸਿਰਫ਼ ਨਾਮ ਇੱਕੋ ਜਿਹਾ ਸੀ ਅਤੇ ਉਹ ਸਿੱਖ ਨਾਮ ਵਾਲਾ ਸੀ, ਇਸ ਲਈ ਭਾਰਤ ਨੇ ਉਸ ਨੂੰ ਆਸਾਨ ਨਿਸ਼ਾਨਾ ਬਣਾ ਲਿਆ।
ਧਮਕੀਆਂ ਅਤੇ ਡਰ ਦਾ ਮਾਹੌਲ
ਭਾਰਤੀ ਚੈਨਲਾਂ ਨੇ ਸੰਨੀ ਦੀਆਂ ਫ਼ੋਟੋਆਂ, ਘਰ ਦਾ ਪਤਾ, ਗੂਗਲ ਮੈਪ ਤੋਂ ਏਰੀਅਲ ਫ਼ੋਟੋ ਵੀ ਦਿਖਾਈ। ਸੋਸ਼ਲ ਮੀਡੀਆ ਤੇ ਲੋਕ ਲਿਖਣ ਲੱਗ ਪਏ:
“ਇਸ ਦਾ ਪਤਾ ਏਨਾ ਹੈ, ਜਾਓ ਮਾਰੋ ਇਸ ਨੂੰ”
“ਇਸ ਨੂੰ ਭਾਰਤ ਲਿਆਓ, ਗੋਲੀ ਮਾਰ ਦਿਆਂਗੇ”
ਐਬਟਸਫ਼ੋਰਡ ਪੁਲਿਸ ਨੇ ਸੰਨੀ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਪਹਿਲਾਂ ਵੀ 9 ਹੋਰ ਲੋਕਾਂ ਬਾਰੇ ਅਜਿਹੇ ਝੂਠੇ ਦੋਸ਼ ਲਗਾ ਚੁੱਕਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਕਤਲ ਵੀ ਹੋ ਗਿਆ ਸੀ। ਪੁਲਿਸ ਨੇ ਕਿਹਾ:
ਆਪਣੀ ਗੱਡੀ ਬਦਲੋ
ਰੂਟ ਬਦਲ ਕੇ ਜਾਓ
ਦਾੜ੍ਹੀ-ਮੁੱਛ ਕੱਟੋ
ਘਰ ਖ਼ਾਲੀ ਕਰੋ
ਸੰਨੀ ਨੂੰ ਡਰ ਲੱਗਣ ਲੱਗ ਪਿਆ ਸੀ। ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਅਤੇ ਆਖ਼ਰ ਵਿੱਚ ਵੈਨਕੂਵਰ ਦੇ ਸੇਂਟ ਪਾਲ ਹਸਪਤਾਲ ਵਿੱਚ ਰਿਹੈਬ ਸੈਂਟਰ ਵਿੱਚ ਦਾਖ਼ਲ ਹੋਣਾ ਪਿਆ। ਡਾਕਟਰਾਂ ਨੇ ਉਸ ਨੂੰ ਡਿਪ੍ਰੈਸ਼ਨ, ਐਂਗਜ਼ਾਈਟੀ ਅਤੇ ਤਣਾਅ ਦੀ ਬਿਮਾਰੀ ਦਾ ਸ਼ਿਕਾਰ ਦੱਸਿਆ ਸੀ।
ਕੈਨੇਡਾ ਸਰਕਾਰ ਨੇ ਵੀ ਸਾਥ ਨਹੀਂ ਦਿੱਤਾ।
ਸੰਨੀ ਨੇ ਆਪਣੇ ਦਫ਼ਤਰ ਕੈਨੇਡੀਅਨ ਬਾਰਡਰ ਸਰਵਿਸਿਜ ਏਜੰਸੀ ਨੂੰ ਸਭ ਕੁਝ ਦੱਸਿਆ। ਉਸ ਨੇ ਕਿਹਾ, “ਮੈਨੂੰ ਵੈਨਕੂਵਰ ਪੋਰਟ ਤੇ ਟਰਾਂਸਫ਼ਰ ਕਰ ਦਿਓ, ਉੱਥੇ ਸੁਰੱਖਿਆ ਜ਼ਿਆਦਾ ਹੈ।” ਪਰ ਦਫ਼ਤਰ ਨੇ ਮਨ੍ਹਾ ਕਰ ਦਿੱਤਾ। ਉਲਟਾ ਦਫ਼ਤਰ ਨੇ ਭਾਰਤੀ ਖ਼ਬਰ ਨੂੰ ਸਾਰੇ ਸਟਾਫ਼ ਵਿੱਚ ਈਮੇਲ ਕਰ ਦਿੱਤੀ!
ਸਾਥੀਆਂ ਨੇ ਮਜ਼ਾਕ ਉਡਾਉਣੇ ਸ਼ੁਰੂ ਕਰ ਦਿੱਤੇ:
“ਸੰਨੀ, ਆਪਣੇ ਹਮਾਸ ਵਾਲੇ ਦੋਸਤ ਕਿਵੇਂ ਨੇ?”
“ਆਪਣੇ ਫ਼ਾਰਮ ਤੇ ਬੰਬ ਬਣਾ ਰਿਹਾ ਏਂ?”
ਜਦੋਂ ਸੰਨੀ ਨੇ ਸੁਰੱਖਿਆ ਲਈ ਬੇਨਤੀ ਕੀਤੀ ਤਾਂ ਕੈਨੇਡੀਅਨ ਬਾਰਡਰ ਸਰਵਿਸਿਜ ਏਜੰਸੀ ਨੇ ਕਿਹਾ, “ਇਹ ਸਾਡੇ ਕੰਮ ਨਾਲ ਸਬੰਧਤ ਨਹੀਂ।” ਮਾਰਚ 2025 ਵਿੱਚ ਉਨ੍ਹਾਂ ਨੇ ਇੱਕ ਰਿਪੋਰਟ ਬਣਾ ਕੇ ਕਹਿ ਦਿੱਤਾ ਕਿ “ਸੰਨੀ ਨੂੰ ਕੋਈ ਖ਼ਤਰਾ ਨਹੀਂ” – ਉਹ ਵੀ ਉਸ ਨਾਲ ਗੱਲ ਕੀਤੇ ਬਿਨਾਂ!
ਹੁਣ ਮੁਕੱਦਮਾ ਕੀਤਾ
ਸੰਨੀ ਦੇ ਵਕੀਲ ਜੈਫ਼ਰੀ ਕਰੋਕਰ ਨੇ ਓਂਟਾਰੀਓ ਦੀ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਉਸ ਵਿੱਚ ਦੋ ਮੁੱਖ ਦੋਸ਼ ਹਨ:
ਭਾਰਤ ਸਰਕਾਰ ਨੇ ਜਾਣ-ਬੁੱਝ ਕੇ ਝੂਠੀਆਂ ਖ਼ਬਰਾਂ ਫ਼ੈਲਾ ਕੇ ਉਸ ਦੀ ਜ਼ਿੰਦਗੀ ਖ਼ਰਾਬ ਕੀਤੀ।
ਕੈਨੇਡਾ ਸਰਕਾਰ ਅਤੇ ਕੈਨੇਡੀਅਨ ਬਾਰਡਰ ਸਰਵਿਸਿਜ ਏਜੰਸੀ ਨੇ ਆਪਣੇ ਮੁਲਾਜ਼ਮ ਦੀ ਰਾਖੀ ਨਹੀਂ ਕੀਤੀ, ਉਲਟਾ ਉਸ ਨੂੰ ਤੰਗ ਕੀਤਾ। ਉਹ 90 ਲੱਖ ਡਾਲਰ ਮੰਗ ਰਿਹਾ ਹੈ। ਕੇਸ ਦੀ ਪਹਿਲੀ ਸੁਣਵਾਈ 2026 ਦੇ ਸ਼ੁਰੂ ਵਿੱਚ ਹੋਵੇਗੀ। ਭਾਰਤ ਸਰਕਾਰ ਨੇ ਅਜੇ ਤੱਕ ਇਸ ਮੁਕੱਦਮੇ ’ਤੇ ਕੋਈ ਟਿੱਪਣੀ ਨਹੀਂ ਕੀਤੀ।

Loading