
ਸੈਕਰਾਮੈਂਟੋ/ਏ.ਟੀ.ਨਿਊਜ਼: ਕੈਲੀਫ਼ੋਰਨੀਆ ਦੀ ਸਿਹਤ ਅਤੇ ਸੁਰੱਖਿਆ ਕਮੇਟੀ ਵੱਲੋਂ ਟਰਾਂਸ ਨੈਸ਼ਨਲ ਬਿੱਲ ਨੂੰ ਮਨਜ਼ੂਰ ਕਰਕੇ ਕੈਲੀਫ਼ੋਰਨੀਆ ਅਸੈਂਬਲੀ ਵਿੱਚ ਪੇਸ਼ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਹਰੇਕ ਬਿੱਲ ਅੰਸੈਬਲੀ ਵਿੱਚ ਜਾਣ ਤੋਂ ਪਹਿਲਾਂ, ਕਈ ਕਮੇਟੀਆਂ ਵਿੱਚ ਉਸਦੀ ਜ਼ਰੂਰਤ ਤੇ ਵਾਜਿਬ ਹੋਣ ਦੀਆਂ ਬਹਿਸਾਂ ਹੁੰਦੀਆਂ ਹਨ। ਇਹਨਾਂ ਕਮੇਟੀਆਂ ਦੀ ਮਨਜ਼ੂਰੀ ਤੋਂ ਬਾਅਦ ਹੀ ਬਿੱਲ ਆਖਰੀ ਪ੍ਰਵਾਨਗੀ ਲਈ ਕੈਲੀਫ਼ੋਰਨੀਆ ਅਸਂੈਬਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਸੈਂਬਲੀ ਵਿੱਚ ਪਾਸ ਹੋਣ ਤੋਂ ਬਾਅਦ ਗਵਰਨਰ ਦੇ ਦਸਤਖ਼ਤਾਂ ਨਾਲ ਉਹ ਬਿੱਲ ਲਾਗੂ ਹੁੰਦਾ ਹੈ।
ਅੰਤਰਰਾਸ਼ਟਰੀ ਦਮਨ ਦਾ ਅਰਥ ਹੈ ਜਦੋਂ ਇੱਕ ਸਰਕਾਰ ਜਾਂ ਕੋਈ ਅਧਿਕਾਰਤ ਸੰਸਥਾ ਆਪਣੀ ਸੀਮਾ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਰਹਿ ਰਹੀਆਂ ਆਪਣੇ ਵਿਰੋਧੀਆਂ, ਘੱਟ ਗਿਣਤੀ ਸਮੂਹਾਂ ਜਾਂ ਵਿਅਕਤੀਆਂ ਖਿਲਾਫ਼ ਦਬਾਅ ਬਣਾਉਂਦੀ ਹੈ, ਉਨ੍ਹਾਂ ਨੂੰ ਧਮਕੀਆਂ ਦਿੰਦੀ ਹੈ ਜਾਂ ਉਨ੍ਹਾਂ ਉਤੇ ਹਮਲੇ ਕਰਵਾਉਂਦੀ ਹੈ। ਇਸ ਵਿੱਚ ਅਕਸਰ ਵਿਦੇਸ਼ਾਂ ਵਿੱਚ ਰਹਿੰਦੇ ਨਿਵਾਸੀਆਂ ਨੂੰ ਜਾਸੂਸੀ ਕਰਕੇ ਨਿਸ਼ਾਨਾ ਬਣਾਉਣਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰਤ ਵਿੱਚ ਤੰਗ ਕਰਨਾ, ਜਾਂ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨੀ ਸ਼ਾਮਲ ਹੁੰਦੀ ਹੈ। ਭਾਰਤ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਜਿਹਨਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਹਨ ਜਾਂ ਇਰਾਦਾ ਕਤਲ ਜਿਸ ਵਿੱਚ ਸਰਦਾਰ ਗੁਰਪਤਵੰਤ ਸਿੰਘ ਪੰਨੂ, ਡਾਕਟਰ ਪ੍ਰਿਤਪਾਲ ਸਿੰਘ ਜਾਂ ਹੋਰ ਸਿੱਖਾਂ ਨੂੰ ਵੀਜ਼ੇ ਨਾ ਦੇਣ ਦੀਆਂ ਧਮਕੀਆਂ ਇਸਦੀਆਂ ਖ਼ਾਸ ਉਦਾਹਰਣਾਂ ਹਨ।
ਐਸਬੀ509 ਬਿੱਲ ਇਸੇ ਗੱਲ ਨੂੰ ਲੈ ਕੇ ਤਿਆਰ ਕੀਤਾ ਗਿਆ ਹੈ, ਤਾਂ ਜੋ ਅਮਰੀਕਾ ਵਿੱਚ ਭਾਰਤੀ ਸਰਕਾਰ ਵੱਲੋਂ ਘੱਟ ਗਿਣਤੀ ਭਾਈਚਾਰਿਆਂ ੳੁੱਤੇ ਹੋ ਰਹੇ ਦਮਨ ਨੂੰ ਰੋਕਣ ਲਈ ਨਵੇਂ ਕਾਨੂੰਨੀ ਕਦਮ ਚੁੱਕੇ ਜਾ ਸਕਣ।
ਕੈਲੀਫ਼ੋਰਨੀਆ ਦੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਸੰਸਥਾਵਾਂ ਨੇ ਸੈਨੇਟਰ ਅੰਨਾ ਕਾਬਾਲੇਰੋ ਅਤੇ ਅਸੈਂਬਲੀ ਮੈਂਬਰ ਬੀਬੀ ਡਾਕਟਰ ਜਸਮੀਤ ਕੌਰ ਬੈਂਸ ਦਾ ਧੰਨਵਾਦ ਕਰਦੇ ਹੋਏ ਉਹਨਾਂ ਵੱਲੋਂ ਲਏ ਗਏ ਨਿਧੜਕ ਸਟੈਂਡ ਦੀ ਪ੍ਰਸ਼ੰਸਾ ਕੀਤੀ। ਇਹਨਾਂ ਦੋਹਾਂ ਵੱਲੋਂ ਐਸਬੀ509 ਬਿੱਲ ਨੂੰ ਲਿਖਣ ਅਤੇ ਪੇਸ਼ ਕੀਤਾ ਗਿਆ। ਇਸ ਬਿੱਲ ਦੀ ਵਿਰੋਧਤਾ 15 ਤੋਂ ਉੱਪਰ ਮੋਦੀ ਪੱਖੀ ਹਿੰਦੂ ਸੰਸਥਾਵਾਂ ਅਤੇ ਆਰ.ਐਸ.ਐਸ. ਨੇ ਕੀਤੀ ਪਰ ਇਹ ਬਿੱਲ ਕਮੇਟੀ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਹੈ।
ਸਿੱਖ ਪੰਚਾਇਤ ਦੇ ਭਾਈ ਕਸ਼ਮੀਰ ਸਿੰਘ ਸ਼ਾਹੀ ਨੇ ਉਹਨਾਂ ਸਾਰੇ ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸਦੇ ਹੱਕ ਵਿੱਚ ਚਿੱਠੀਆਂ ਲਿਖ ਕੇ ਇਸਦਾ ਸਮਰਥਨ ਕੀਤਾ।