ਕੈਲੀਫ਼ੋਰਨੀਆ ਵਿੱਚ 3 ਪਹਾੜੀ ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ

In ਅਮਰੀਕਾ
January 03, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਦੱਖਣੀ ਕੈਲੀਫ਼ੋਰਨੀਆ ਵਿੱਚ ਇੱਕ ਪਹਾੜੀ ਰਸਤੇ ਨੇੜੇ ਇੱਕ ਯਾਤਰੀ ਦੇ ਢਲਾਣ ਤੋਂ ਡਿੱਗ ਕੇ ਜ਼ਖਮੀ ਹੋ ਜਾਣ ਦੀ ਸੂਚਨਾ ਮਿਲਣ ਉਪਰੰਤ ਮੌਕੇ ੳੁੱਪਰ ਪੁੱਜੇ ਬਚਾਅ ਅਮਲੇ ਨੂੰ ਉਸ ਯਾਤਰੀ ਤੇ ਉਸ ਦੇ ਦੋ ਸਾਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ਼ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਲਾਸ਼ਾਂ ਲਾਸ ਏਂਜਲਸ ਦੇ ਪੂਰਬ ਵਿੱਚ 10 ਹਜਾਰ ਫ਼ੁੱਟ ਉੱਚੇ ਪਰਬੱਤ ਬੈਲਡੀ ਵਿਖੇ ਡੈਵਿਲਜ ਬੈਕਬੋਨ ਰਸਤੇ ਦੇ ਨਾਲ ਪਈਆਂ ਮਿਲੀਆਂ ਹਨ। ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਕਿਸੇ ਵੱਲੋਂ ਫ਼ੋਨ ਕਰਕੇ ਦੱਸਿਆ ਗਿਆ ਸੀ ਕਿ ਉਨਾਂ ਦਾ 19 ਸਾਲਾ ਦੋਸਤ 500 ਫ਼ੁੱਟ ਹੇਠਾਂ ਡਿੱਗ ਪਿਆ ਹੈ। ਇਸ ਉਪਰੰਤ ਬਚਾਅ ਅਮਲਾ ਮੌਕੇ ਉਪਰ ਪੁੱਜਾ ਸੀ। ਹੈਲੀਕਾਪਟਰ ਦੀ ਮੱਦਦ
ਨਾਲ 3 ਵਿਅਕਤੀਆਂ ਨੂੰ ਲੱਭ ਲਿਆ ਗਿਆ ਸੀ ਪਰੰਤੂ ਤੇਜ ਹਵਾਵਾਂ ਕਾਰਨ ਹੈਲੀਕਾਪਟਰ ਜਮੀਨ ਉਪਰ ਉਤਰਨ ਵਿੱਚ ਨਾਕਾਮ ਰਿਹਾ। ਕੁਝ ਘੰਟੇ ਬਾਅਦ ਫ਼ਿਰ ਹੈਲੀਕਾਪਟਰ ਹੇਠਾਂ ਉਤਾਰਨ ਦੀ ਕੋਸ਼ਿਸ਼ ਨਾਕਾਮ ਰਹੀ। ਅੰਤ ਵਿੱਚ ਹੈਲੀਕਾਪਟਰ ਤੋਂ ਇੱਕ ਸਿਹਤ ਕਰਮਚਾਰੀ ਨੂੰ ਹੇਠਾਂ ਉਤਾਰਿਆ ਗਿਆ ਜਿਸ ਨੇ ਦਸਿਆ ਕਿ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

Loading