ਕੈਲੀਫ਼ੋਰਨੀਆ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਨੇ ਤਿੰਨ ਅਮਰੀਕੀ ਨਾਗਰਿਕਾਂ ਦੀ ਜਾਨ ਲੈ ਲਈ ਅਤੇ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਘਟਨਾ ਕਾਰਨ ਅਮਰੀਕਨਾਂ ਵਿੱਚ ਪੰਜਾਬੀ ਡਰਾਈਵਰਾਂ ਪ੍ਰਤੀ ਨਫਰਤ ਵਧੀ ਹੈ । ਇਹ ਹਾਦਸਾ ਪੂਰੇ ਪੰਜਾਬੀ ਟਰੱਕਿੰਗ ਭਾਈਚਾਰੇ ਲਈ ਇੱਕ ਸੰਕਟ ਬਣ ਗਿਆ ਹੈ। ਅੰਦਾਜ਼ਨ 1 ਲੱਖ 50 ਹਜ਼ਾਰ ਪੰਜਾਬੀ ਸਿੱਖ ਡਰਾਈਵਰ ਅਮਰੀਕੀ ਆਰਥਿਕਤਾ ਨੂੰ ਚਲਾਉਣ ਵਿੱਚ ਯੋਗਦਾਨ ਪਾ ਰਹੇ ਹਨ, ਪਰ ਹੁਣ ਇਹਨਾਂ ਨੂੰ ਨਫ਼ਰਤ ਅਤੇ ਲੋਕਲ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਥੇ ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰਾ ਜੋ ਦਹਾਕਿਆਂ ਤੋਂ ਸੇਵਾ ਤੇ ਸਰਬਤ ਦੇ ਭਲੇ ਰਾਹੀਂ ਅਮਰੀਕਾ ਵਿੱਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। 1980 ਅਤੇ 1990 ਦੇ ਦਹਾਕਿਆਂ ਵਿੱਚ ਭਾਰਤ ਵਿੱਚ ਹੋਏ ਸਿੱਖ ਘਲੂਘਾਰੇ ਜੂਨ 84 ਤੇ ਨਵੰਬਰ 84 ਤੋਂ ਬਾਅਦ ਹਜ਼ਾਰਾਂ ਪੰਜਾਬੀਆਂ ਨੇ ਅਮਰੀਕਾ ਵਿੱਚ ਪਨਾਹ ਲਈ ਸੀ ਤੇ ਆਪਣੀ ਵੱਖਰੀ ਪਛਾਣ ਬਣਾਈ ਸੀ। ਟਰੱਕਿੰਗ ਉਦਯੋਗ ਨੇ ਉਹਨਾਂ ਨੂੰ ਇੱਕ ਅਜਿਹਾ ਪੇਸ਼ਾ ਦਿੱਤਾ ਜੋ ਨਾ ਸਿਰਫ਼ ਚੰਗੀ ਆਮਦਨੀ ਦਿੰਦਾ ਹੈ (ਸਾਲਾਨਾ 50,000 ਤੋਂ 1 ਲੱਖ ਡਾਲਰ ਤੱਕ), ਸਗੋਂ ਉਹਨਾਂ ਨੂੰ ਆਪਣੇ ਧਾਰਮਿਕ ਅਭਿਆਸਾਂ ਨੂੰ ਵੀ ਨਿਭਾਉਣ ਦੀ ਆਜ਼ਾਦੀ ਵੀ ਦਿੰਦਾ ਹੈ।ਇਸ ਹਾਦਸੇ ਬਾਅਦ ਹੁਣ ਇਹਨਾਂ ਨੂੰ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯਾਦ ਰਹੇ ਕਿ 22 ਅਕਤੂਬਰ 2025 ਨੂੰ, ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਵਿੱਚ,ਓਟਾਂਰੀਓ ਨੇੜੇ ਆਈ-10 ਫਰੀਵੇਅ ਉੱਤੇ ਜਬਰਦਸਤ ਹਾਦਸਾ ਵਾਪਰਿਆ ਸੀ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਵੈਸਟਬਾਊਂਡ ਲੇਨ ਵਿੱਚ ਟ੍ਰੈਫਿਕ ਜਾਮ ਸੀ ਅਤੇ ਡਰਾਈਵਰ ਜਸ਼ਨਪ੍ਰੀਤ ਸਿੰਘ, 21 ਸਾਲ ਦਾ ਪੰਜਾਬੀ ਨੌਜਵਾਨ, ਆਪਣੇ ਫ੍ਰੇਟਲਾਈਨਰ ਸੈਮੀ-ਟਰੱਕ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਸਰਕਾਰੀ ਸੂਚਨਾ ਅਨੁਸਾਰ, ਉਸ ਨੇ ਨਾ ਬ੍ਰੇਕ ਲਗਾਏ ਅਤੇ ਨਾ ਹੀ ਹਾਦਸੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਟਰੱਕ ਨੇ ਪਹਿਲਾਂ ਇੱਕ ਐੱਸਯੂਵੀ ਨੂੰ ਟੱਕਰ ਮਾਰੀ ਅਤੇ ਫਿਰ ਅੱਠ ਵਾਹਨਾਂ ਨਾਲ ਜਾ ਟਕਰਾਇਆ, ਜਿਨ੍ਹਾਂ ਵਿੱਚ ਚਾਰ ਵਪਾਰਕ ਟਰੱਕ ਵੀ ਸ਼ਾਮਲ ਸਨ। ਇਸ ਨਾਲ ਭਿਆਨਕ ਅੱਗ ਲੱਗ ਗਈ ਅਤੇ ਤੇਲ ਲੀਕ ਹੋ ਗਿਆ। ਤਿੰਨ ਲੋਕਾਂ ਦੀ ਮੌਕੇ ਉਪਰ ਹੀ ਮੌਤ ਆ ਗਈ – ਇਹਨਾਂ ਵਿੱਚ ਪੋਮੋਨਾ ਹਾਈ ਸਕੂਲ ਦੇ ਸਾਬਕਾ ਬਾਸਕਟਬਾਲ ਕੋਚ ਕਲੇਰੈਂਸ ਨੇਲਸਨ ਅਤੇ ਉਹਨਾਂ ਦੀ ਪਤਨੀ ਵੀ ਸ਼ਾਮਲ ਸਨ। ਚਾਰ ਹੋਰ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ ਜਸ਼ਨਪ੍ਰੀਤ ਅਤੇ ਇੱਕ ਮਕੈਨਿਕ ਵੀ ਸੀ ਜੋ ਰੋਡਸਾਈਡ ਟਾਇਰ ਬਦਲ ਰਿਹਾ ਸੀ।
ਜਸ਼ਨਪ੍ਰੀਤ ਨੂੰ ਉਸੇ ਵੇਲੇ ਫੜ ਲਿਆ ਗਿਆ ਅਤੇ ਉਸ ਉੱਪਰ ਸ਼ਰਾਬ ਜਾਂ ਨਸ਼ੇ ਵਿੱਚ ਗੱਡੀ ਚਲਾ ਕੇ ਤਿੰਨ ਜਾਨਾਂ ਲੈਣ ਅਤੇ ਹੋਰਾਂ ਨੂੰ ਜ਼ਖ਼ਮੀ ਕਰਨ ਵਰਗੇ ਭਾਰੀ ਦੋਸ਼ ਲੱਗੇ ਹਨ। ਖੂਨ ਦੀ ਜਾਂਚ ਨੇ ਸਾਬਤ ਕੀਤਾ ਕਿ ਉਹ ਨਸ਼ੇ ਦੇ ਪੂਰੇ ਅਸਰ ਵਿੱਚ ਸੀ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜਸ਼ਨਪ੍ਰੀਤ ਭਾਰਤੀ ਨਾਗਰਿਕ ਹੈ ਅਤੇ 2022 ਵਿੱਚ ਉਸ ਨੂੰ ਦੱਖਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ।ਬਾਅਦ ਵਿੱਚ ਬਾਈਡੇਨ ਪ੍ਰਸ਼ਾਸਨ ਨੇ ਰਿਹਾਅ ਕਰ ਦਿੱਤਾ ਸੀ।ਉਸ ਨੂੰ ਭਵਿੱਖੀ ਇਮੀਗ੍ਰੇਸ਼ਨ ਅਦਾਲਤ ਦੀ ਤਰੀਕ ਦੇ ਕੇ ਛੱਡ ਦਿੱਤਾ ਗਿਆ ਸੀ। ਹੁਣ ਆਈ.ਸੀ.ਈ. ਨੇ ਉਸ ਉਪਰ ਪੱਕੀ ਗਿ੍ਰਫ਼ਤਾਰੀ ਦਾ ਹੁਕਮ ਦੇ ਦਿੱਤਾ ਹੈ।
ਗਵਰਨਰ ਗੈਵਿਨ ਨਿਊਸੋਮ ਦੇ ਦਫ਼ਤਰ ਨੇ ਕਿਹਾ ਕਿ ਫੈਡਰਲ ਸਰਕਾਰ ਨੇ ਉਸ ਨੂੰ ਵਰਕ ਅਥਾਰਾਈਜ਼ੇਸ਼ਨ ਦਿੱਤੀ ਸੀ, ਜਿਸ ਨਾਲ ਉਹ ਕਮਰਸ਼ੀਅਲ ਡਰਾਈਵਰ ਲਾਇਸੈਂਸ (ਸੀ.ਡੀ.ਐਲ.) ਲੈ ਸਕਿਆ। ਪਰ ਡੀ.ਐੱਚ.ਐੱਸ. ਨੇ ਇਸ ਨੂੰ ਬਾਈਡੇਨ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ‘ਲਾਪਰਵਾਹੀ ਨਾਲ ਬਣਾਈਆਂ ਖੁੱਲ੍ਹੀਆਂ ਸਰਹੱਦੀ ਨੀਤੀਆਂ’ ਦਾ ਨਤੀਜਾ ਹੈ।
ਉਸਦੀ 23 ਅਕਤੂਬਰ ਨੂੰ ਰਾਂਚੋ ਸੁਪੀਰੀਅਰ ਕੋਰਟ ਵਿੱਚ ਪੇਸ਼ੀ ਹੋਈ।
ਦੋਸ਼ੀ ਡਰਾਈਵਰ ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਕਹਿੰਦੇ ਹਨ ਕਿ ਜਿਨ੍ਹਾਂ ਦੀ ਜਾਨ ਇਸ ਹਾਦਸੇ ਵਿੱਚ ਗਈ ਉਨ੍ਹਾਂ ਦਾ ਦੁੱਖ ਹੈ, ਪਰ ਸਾਡੇ ਬੇਟੇ ਬਾਰੇ ਨਸ਼ੇ ਦੀ ਹਾਲਤ ’ਚ ਡ੍ਰਾਈਵਿੰਗ ਕਰਨ ਦੀ ਜੋ ਗੱਲ ਕਹੀ ਜਾ ਰਹੀ ਹੈ, ਉਹ ਠੀਕ ਨਹੀਂ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਹੈ।ਕੈਲੀਫੋਰਨੀਆ ਜਾ ਕੇ ਵੀ ਉਸ ਨੇ ਅੰਮ੍ਰਿਤ ਭੰਗ ਨਹੀਂ ਕੀਤਾ। ਜਸ਼ਨ ਦੇ ਪਰਿਵਾਰ ਵਿੱਚ ਪਿੱਛੇ ਉਸ ਦੇ ਮਾਤਾ ਪਿਤਾ ਅਤੇ ਇੱਕ ਭੈਣ ਹੈ।
ਜਸ਼ਨਪ੍ਰੀਤ ਸਿੰਘ ਦਾ ਪਰਿਵਾਰ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਭਾਰਤ ਸਰਕਾਰ ਅੱਗੇ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਦਿਵਾਇਆ ਜਾਏ।ਜਸ਼ਨਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਉਹਨਾਂ ਦਾ ਸਧਾਰਨ ਆਰਥਿਕਤਾ ਵਾਲਾ ਪਰਿਵਾਰ ਹੈ। ਉਨ੍ਹਾਂ ਕੋਲ ਕੁਝ ਪਸ਼ੂ ਹਨ ਤੇ ਥੋੜ੍ਹੀ ਜਿਹੀ ਜ਼ਮੀਨ ਹੈ।ਜਸ਼ਨ ਦੇ ਪਿਤਾ ਕਹਿੰਦੇ ਹਨ ਕਿ ਉਹ ਸਕੂਲ ਬੱਸ ਡਰਾਈਵਰ ਦਾ ਕੰਮ ਕਰਦੇ ਹਨ ਅਤੇ ਇਸੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਪਰ ਉਹਨਾਂ ਦਾ ਪੁੱਤ ਪਰਿਵਾਰ ਅਤੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ।ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਉਸ ਨੂੰ 3 ਸਾਲ ਪਹਿਲਾ ਸਾਲ 2022 ਵਿੱਚ ਵਿਦੇਸ਼ ਭੇਜਿਆ ਹੈ ਅਤੇ ਹਾਲੇ ਤੱਕ ਕਰਜ਼ਾ ਵੀ ਪੂਰਾ ਨਹੀਂ ਲੱਥਾ।ਉਨ੍ਹਾਂ ਦੱਸਿਆ ਕਿ ਮੁੰਡੇ ਨੂੰ ਅਮਰੀਕਾ ਭੇਜਣ ਲਈ ਉਨ੍ਹਾਂ ਨੂੰ ਆਪਣਾ ਘਰ ਵੀ ਗਹਿਣੇ ਰੱਖਣਾ ਪਿਆ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਅਗਸਤ 2025 ਵਿੱਚ ਫਲੋਰੀਡਾ ਦੇ ਟਰਨਪਾਈਕ ਉੱਤੇ ਵੀ ਇੱਕ ਭਿਆਨਕ ਹਾਦਸਾ ਵਾਪਰਿਆ ਸੀ। ਹਰਜਿੰਦਰ ਸਿੰਘ, 28 ਸਾਲਾ ਪੰਜਾਬੀ ਟਰੱਕਰ, ਆਪਣੇ ਵੱਡੇ ਟਰੈਕਟਰ-ਟਰੇਲਰ (ਭਾਰੀ ਮਾਲ ਢੋਹਣ ਵਾਲੇ ਟਰੱਕ) ਨਾਲ ਅਚਾਨਕ ਸੜਕੀ ਨਿਯਮਾਂ ਦੇ ਉਲਟ ਯੂ-ਟਰਨ ਮਾਰੀ, ਜਿਸ ਨਾਲ ਇੱਕ ਮਿੰਨੀ ਵੈਨ ਨਾਲ ਜ਼ੋਰਦਾਰ ਟੱਕਰ ਹੋ ਗਈ।ਇਸ ਵਿੱਚ ਤਿੰਨ ਲੋਕ 54 ਸਾਲਾ ਮਾਈਆਮੀ ਵਸਨੀਕ,37 ਸਾਲਾ ਔਰਤ,30 ਸਾਲਾ ਫਲੋਰੀਡਾ ਸਿਟੀ ਵਸਨੀਕ ਮਰਦ,ਹਲਾਕ ਹੋ ਗਏ ਸਨ।ਡਰਾਈਵਰ ਹਰਜਿੰਦਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ । ਫਲੋਰੀਡਾ ਅਟਾਰਨੀ ਜਨਰਲ ਦੇ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸੀ.ਡੀ.ਐਲ. ਟੈਸਟ ਵਿਚੋਂ 10 ਵਾਰ ਫੇਲ ਹੋਇਆ ਸੀ ਪਰ ਫਿਰ ਵੀ ਲਾਇਸੈਂਸ ਮਿਲ ਗਿਆ। ਉਹ 2018 ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਰਾਹੀਂ ਅਮਰੀਕਾ ਆਇਆ ਸੀ ਅਤੇ ਕੈਲੀਫ਼ੋਰਨੀਆ ਵਿੱਚ ਲਾਇਸੈਂਸ ਬਣਵਾਇਆ ਸੀ। ਕੋਰਟ ਨੇ ਬੋਂਡ ਰੱਦ ਕਰ ਦਿੱਤਾ ਅਤੇ ਉਸ ਨੂੰ ਫਲੋਰੀਡਾ ਜੇਲ੍ਹ ਵਿੱਚ ਰੱਖਿਆ ਗਿਆ। ਗਵਰਨਰ ਰੌਨ ਡੀਸੈਂਟਿਸ ਨੇ ਕਿਹਾ ਸੀ ਕਿ ਹਰਜਿੰਦਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਅਤੇ ਉਹ ਅਮਰੀਕੀ ਨਾਗਰਿਕਾਂ ਲਈ ਖ਼ਤਰਾ ਹੈ। ਇਸ ਨਾਲ ਅਮਰੀਕੀ ਸਟੇਟ ਡਿਪਾਰਟਮੈਂਟ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ੇ ਜਾਰੀ ਕਰਨ ਉੱਤੇ ਰੋਕ ਲਾ ਦਿੱਤੀ ਸੀ। ਸੈਕ੍ਰੇਟਰੀ ਮਾਰਕੋ ਰੂਬੀਓ ਨੇ ਐੱਕਸ ਉੱਤੇ ਲਿਖਿਆ, ‘ਵਿਦੇਸ਼ੀ ਡਰਾਈਵਰ ਅਮਰੀਕੀ ਜਾਨਾਂ ਨੂੰ ਖ਼ਤਰੇ ਵਿੱਚ ਪਾ ਰਹੇ ਹਨ ਅਤੇ ਅਮਰੀਕੀ ਡਰਾਈਵਰਾਂ ਦੇ ਰੁਜ਼ਗਾਰ ਖੋਹ ਰਹੇ ਹਨ।’ ਇਹ ਰੋਕ ਵੀਜ਼ਾ ਜਾਂਚ ਪ੍ਰਕਿਰਿਆ ਦੀ ਸਮੀਖਿਆ ਲਈ ਹੈ। ਪਰ ਪੰਜਾਬ ਵਿੱਚ ਹਰਜਿੰਦਰ ਦੇ ਪਰਿਵਾਰ ਨੇ ਕਿਹਾ, ‘ਉਹ ਨੌਜਵਾਨ ਹੈ, ਇਹ ਬੁਰੀ ਕਿਸਮਤ ਸੀ।’ ਇੱਕ ਆਨਲਾਈਨ ਪਟੀਸ਼ਨ ਨੇ 25 ਲੱਖ ਹਸਤਾਖ਼ਰ ਇਕੱਠੇ ਕੀਤੇ ਸਨ ਅਤੇ ਨਰਮ ਸਜ਼ਾ ਦੀ ਮੰਗ ਕੀਤੀ ਸੀ।
ਇਹਨਾਂ ਹਾਦਸਿਆਂ ਨੇ ਪੂਰੇ ਪੰਜਾਬੀ ਟਰੱਕਿੰਗ ਭਾਈਚਾਰੇ ਨੂੰ ਹਿਲਾ ਦਿੱਤਾ ਹੈ। ਨੈਪਟਾ ਦੇ ਸੀ.ਈ.ਓ. ਰਮਨ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਟਰੱਕ ਸਟੌਪਾਂ ਉੱਤੇ ਪੰਜਾਬੀ ਡਰਾਈਵਰਾਂ ਬਾਰੇ ਨਸਲੀ ਅਪਸ਼ਬਦ ਕਹੇ ਜਾਂਦੇ ਹਨ। ਹਰਸਿਮਰਨ ਸਿੰਘ, ਗਿਲਸਨ ਟਰੱਕਿੰਗ ਦੇ ਸੀਈਓ ਨੇ ਕਿਹਾ, ‘ਇਹ ਦੁਖਦਾਈ ਕਾਂਡ ਹੈ ਅਤੇ ਅਸੀਂ ਪੀੜਤਾਂ ਨਾਲ ਹਾਂ, ਪਰ ਹੁਣ ਸਾਰੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਨਾਗਰਿਕ ਹਾਂ, ਗ੍ਰੀਨ ਕਾਰਡ ਹੋਲਡਰ ਹਾਂ ਪਰ ਡਰ ਰਹੇ ਹਾਂ।’
ਇਸ ਸੰਬੰਧ ਵਿੱਚ ਪਦਮ ਭੂਸ਼ਣ ਪੁਰਸਕਾਰ ਜੇਤੂ, ਸਾਬਕਾ ਸੰਸਦ ਮੈਂਬਰ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਕੁਮਾਰ ਕਵਾਤਰਾ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਵੱਖ-ਵੱਖ ਪੱਤਰ ਲਿਖ ਕੇ ਸਿੱਖ ਡਰਾਈਵਰਾਂ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ । 24 ਅਕਤੂਬਰ, 2025 ਨੂੰ ਭਾਰਤੀ ਰਾਜਦੂਤ ਵਿਨੈ ਕੁਮਾਰ ਕਵਾਤਰਾ ਨੂੰ ਲਿਖੇ ਪੱਤਰ ਵਿੱਚ ਅਮਰੀਕਾ ਵਿੱਚ ਹੁੰਦੇ ਮੋਟਰ ਵਾਹਨ ਹਾਦਸਿਆਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿ ਅਮਰੀਕਾ ਵਿੱਚ ਇੱਕ ਸਿੱਖ ਡਰਾਈਵਰ ਜਸ਼ਨਪ੍ਰੀਤ ਸਿੰਘ ਦੁਆਰਾ ਹਾਲ ਹੀ ਵਿਚ ਕੀਤੇ ਗਏ ਸੜਕ ਹਾਦਸੇ ਨੂੰ ਮੀਡੀਆ ਵਿੱਚ ਉਭਾਰਿਆ ਜਾ ਰਿਹਾ ਹੈ । ਇਹ ਬਹੁਤ ਦੁੱਖਦਾਈ ਹੈ ਕਿ ਉਸ ਦੀ ਗ਼ਲਤੀ ਨਾਲ 3 ਲੋਕਾਂ ਨੂੰ ਕੁਚਲ ਦਿੱਤਾ ਗਿਆ ।ਇਸ ਤੋਂ ਪਹਿਲਾਂ ਅਗਸਤ ਵਿੱਚ ਇੱਕ ਹੋਰ ਸਿੱਖ ਡਰਾਈਵਰ ਹਰਜਿੰਦਰ ਸਿੰਘ ਨੂੰ ਪੁਲਿਸ ਨੇ ਗ਼ੈਰ-ਕਾਨੂੰਨੀ ਯੂ ਟਰਨ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ । ਅਸੀਂ ਸਾਰੇ ਜਾਣਦੇ ਹਾਂ ਕਿ ਸੜਕ ਹਾਦਸੇ ਦੁਨੀਆ ਭਰ ਵਿੱਚ ਆਮ ਹਨ। ਅਮਰੀਕਾ ਵਿੱਚ ਮੋਟਰ ਵਾਹਨ ਹਾਦਸਿਆਂ ਵਿੱਚ ਲਗਭਗ 40,000 ਲੋਕ ਮਾਰੇ ਜਾਂਦੇ ਹਨ, ਜਦੋਂਕਿ ਪੁਲਿਸ ਦੁਆਰਾ ਹਰ ਸਾਲ ਡਰਾਈਵਰਾਂ ਦੀ ਉਲੰਘਣਾ ਦੇ ਲਗਭਗ 60 ਲੱਖ ਮਾਮਲੇ ਦਰਜ ਕੀਤੇ ਜਾਂਦੇ ਹਨ । ਉਨ੍ਹਾਂ ਨੇ ਅਮਰੀਕਾ ਵਿੱਚ ਰਹਿੰਦੇ ਸਿੱਖ ਟਰੱਕ ਡਰਾਈਵਰਾਂ ਦਾ ਭਵਿੱਖ ਖ਼ਤਰੇ ਵਿੱਚ ਹੋਣ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਨਵੇਂ ਸਖ਼ਤ ਪਰਵਾਸੀ ਨਿਯਮਾਂ ਕਾਰਨ ਅਮਰੀਕਾ ਵਿੱਚ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨਾਂ ਵਿੱਚ ਪਹਿਲਾਂ ਹੀ ਘਬਰਾਹਟ ਹੈ ।ਇਹ ਡਰ ਹੈ ਕਿ ਇਨ੍ਹਾਂ ਦੋ ਸਿੱਖ ਡਰਾਈਵਰਾਂ ਦੀ ਗ਼ਲਤੀ ਕਾਰਨ ਅਮਰੀਕੀ ਸਰਕਾਰ ਹੋਰ ਸਾਰੇ ਸਿੱਖਾਂ ਨੂੰ ਤੰਗ ਨਾ ਕਰੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰਕੇ ਉਨ੍ਹਾਂ ਵਿੱਚ ਵਿਸ਼ਵਾਸ ਬਹਾਲ ਕਰਨ ਲਈ ਉਨ੍ਹਾਂ ਦੀ ਮਦਦ ਕਰੋ ।
ਫਲੋਰੀਡਾ ਹਾਦਸੇ ਤੋਂ ਬਾਅਦ ਸਿੱਖ ਕੋਲੀਸ਼ਨ ਨੇ ਰਿਪੋਰਟ ਕੀਤੀ ਕਿ ਐਂਟੀ-ਸਿੱਖ ਹੇਟ ਕ੍ਰਾਈਮ ਵਿੱਚ ਵਾਧਾ ਹੋਇਆ ਹੈ। ਐੱਫ.ਬੀ.ਆਈ. ਦੇ ਅੰਕੜਿਆਂ ਅਨੁਸਾਰ, ਸਿੱਖ ਤੀਜੇ ਨੰਬਰ ਉੱਤੇ ਹਨ ਜਿਨ੍ਹਾਂ ਵਿਰੁੱਧ ਨਫ਼ਰਤ ਵਧੀ ਹੈ। ਕਿਹਾ ਜਾਂਦਾ ਹੈ ਕਿ ਅਮਰੀਕੀ ਟਰੱਕਿੰਗ ਵਿੱਚ ਡਰਾਈਵਰਾਂ ਦੀ ਕਮੀ 2026 ਤੱਕ 1 ਲੱਖ 74 ਹਜ਼ਾਰ ਹੋ ਜਾਵੇਗੀ ਅਤੇ ਪੰਜਾਬੀ ਡਰਾਈਵਰ ਇਸ ਨੂੰ ਭਰ ਰਹੇ ਹਨ। ਪਰ ਵੀਜ਼ਾ ਰੋਕ ਅਤੇ ਲਾਇਸੈਂਸ ਜਾਂਚਾਂ ਨੇ ਨਵੇਂ ਆਉਣ ਵਾਲਿਆਂ ਨੂੰ ਰੋਕ ਦਿੱਤਾ ਹੈ। ਡੀ.ਐੱਚ.ਐੱਸ. ਨੇ ਕਿਹਾ, ‘ਆਈ.ਸੀ.ਈ. ਅਮਰੀਕੀ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕੰਮ ਕਰ ਰਿਹਾ ਹੈ।’ ਪਰ ਇਹ ਨੀਤੀਆਂ ਪੂਰੇ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਸਿੱਖ ਕੋਲੀਸ਼ਨ ਨੇ ਕਿਹਾ, ‘ਹੇਟ ਨੂੰ ਨਾ ਵਧਾਓ, ਨਿਆਂ ਦਾ ਰਾਹ ਅਪਨਾਉ।’
ਭਾਰਤੀ ਮੂਲ ਦੇ ਪਰਵਾਸੀ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਅਕਸਰ ਵਾਰ-ਵਾਰ ਰੋਕਿਆ ਜਾਂਦਾ ਹੈ, ਜਦਕਿ ਹੁਣ ਕਾਰਵਾਈ ਹੋਰ ਜ਼ਿਆਦਾ ਸਖ਼ਤ ਹੋ ਸਕਦੀ ਹੈ।
ਪੰਜਾਬੀ ਟਰੱਕ ਡਰਾਈਵਰਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ।ਡਰਾਈਵਰ ਨਸ਼ੇ ਤੋਂ ਪ੍ਰਹੇਜ਼ ਕਰਨ।ਅਮਰੀਕਾ ਵਿੱਚ ਕਾਨੂੰਨੀ ਰਾਹਾਂ ਨੂੰ ਅਪਨਾਉਣ ਤੇ ਅੰਗਰੇਜ਼ੀ ਸਿਖਣ। ਵਧ ਰਹੇ ਨਸਲਵਾਦ ਵਿਰੁੱਧ ਭਾਰਤ ਸਰਕਾਰ ਨੂੰ ਵੀ ਦਖ਼ਲ ਦੇਣਾ ਚਾਹੀਦਾ ਹੈ।
![]()
