
ਇਸਤਾਂਬੁਲ/ਏ.ਟੀ.ਨਿਊਜ਼: ਰੂਸ ਅਤੇ ਯੂਕ੍ਰੇਨ ਦੇ ਵਫ਼ਦਾਂ ਵਿਚਾਲੇ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਇੱਥੇ ਹੋਈ ਸ਼ਾਂਤੀ ਵਾਰਤਾ ਦੋ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਸਮਾਪਤ ਹੋ ਗਈ। ਇਹ ਜਾਣਕਾਰੀ ਤੁਰਕੀ ਦੇ ਵਿਦੇਸ਼ ਮੰਤਰਾਲੇ ਅਤੇ ਯੂਕ੍ਰੇਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਯੂਕ੍ਰੇਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਰੂਸ ’ਤੇ ਇੱਥੇ ਜਾਰੀ ਸ਼ਾਂਤੀ ਵਾਰਤਾ ਦੌਰਾਨ ‘ਨਾਮੰਨਣਯੋਗ ਮੰਗਾਂ’ ਰੱਖਣ ਦਾ ਦੋਸ਼ ਲਗਾਇਆ, ਜਿਨ੍ਹਾਂ ’ਤੇ ਪਹਿਲਾਂ ਚਰਚਾ ਨਹੀਂ ਕੀਤੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮੰਗਾਂ ਵਿੱਚ ਯੂਕ੍ਰੇਨ ਦੀਆਂ ਫ਼ੌਜਾਂ ਨੂੰ ਉਸ ਦੇ ਕੰਟਰੋਲ ਵਾਲੇ ਵੱਡੇ ਖੇਤਰ ਤੋਂ ਵਾਪਸ ਜਾਣ ਲਈ ਕਹਿਣਾ ਵੀ ਸ਼ਾਮਲ ਹੈ ਤਾਂ ਜੋ ਪੂਰਨ ਜੰਗਬੰਦੀ ਲਾਗੂ ਕੀਤੀ ਜਾ ਸਕੇ। ਨਾਮ ਨਾ ਛਾਪਣ ਦੀ ਸ਼ਰਤ ’ਤੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਸੀ ਕਿ ਰੂਸੀ ਵਫ਼ਦ ‘ਜਾਣਬੁੱਝ ਕੇ ਨਾਮੰਨਣਯੋਗ ਮੰਗਾਂ ਸਾਹਮਣੇ ਰੱਖਣਾ ਚਾਹੁੰਦਾ ਸੀ ਤਾਂ ਜੋ ਅੱਜ ਦੀ ਮੀਟਿੰਗ ਬੇਨਤੀਜਾ ਰਹੇ।’’ ਉਨ੍ਹਾਂ ਕਿਹਾ ਕਿ ਯੂਕ੍ਰੇਨੀ ਧਿਰ ਨੇ ਦੋਹਰਾਇਆ ਕਿ ਉਸ ਦਾ ਨਜ਼ਰੀਆ ਅਸਲੀ ਪ੍ਰਗਤੀ ਹਾਸਲ ਕਰਨ ’ਤੇ ਕੇਂਦਰਿਤ ਹੈ, ਜਿਸ ਵਿੱਚ ਤੁਰੰਤ ਜੰਗਬੰਦੀ ਅਤੇ ਠੋਸ ਕੂਟਨੀਤੀ ਦਾ ਮਾਰਗ ਲੱਭਣਾ ਸ਼ਾਮਲ ਹੈ।