
ਵਾਸ਼ਿੰਗਟਨ/ਏ.ਟੀ.ਨਿਊਜ਼:
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਸਤਾਵਿਤ ‘ਗੋਲਡ ਕਾਰਡ’ ਯੋਜਨਾ ਨਾਲ ਅਮਰੀਕੀ ਕੰਪਨੀਆਂ ਨੂੰ ਹਾਰਵਰਡ ਅਤੇ ਸਟੈਨਫੋਰਡ ਜਿਹੀਆਂ ਸਿਖਰਲੀਆਂ ਯੂਨੀਵਰਸਿਟੀਆਂ ਤੋਂ ਭਾਰਤੀ ਗਰੈਜੂਏਟਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਮਿਲੇਗੀ। ਟਰੰਪ ਨੇ ਪਿਛਲੇ ਦਿਨੀਂ ਅਮੀਰ ਵਿਦੇਸ਼ੀਆਂ ਲਈ ‘ਗੋਲਡ ਕਾਰਡ’ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਤਹਿਤ 50 ਲੱਖ ਅਮਰੀਕੀ ਡਾਲਰ ਫੀਸ ਦੇ ਬਦਲੇ ਉਨ੍ਹਾਂ ਨੂੰ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਅਤੇ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਾਰਡਾਂ ਦੀ ਵਿਕਰੀ ਕਰੀਬ ਦੋ ਹਫ਼ਤਿਆਂ ’ਚ ਸ਼ੁਰੂ ਹੋਵੇਗੀ ਅਤੇ ਅਜਿਹੇ ਲੱਖਾਂ ਕਾਰਡ ਵੇਚੇ ਜਾ ਸਕਦੇ ਹਨ। ‘ਸੀ.ਐੱਨ.ਐੱਨ.’ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ, ‘‘ਅਸੀਂ ਗੋਲਡ ਕਾਰਡ ਵੇਚਣ ਜਾ ਰਹੇ ਹਾਂ। ਤੁਹਾਡੇ ਕੋਲ ਗਰੀਨ ਕਾਰਡ ਹੈ। ਇਹ ਇੱਕ ਗੋਲਡ ਕਾਰਡ ਹੈ। ਅਸੀਂ ਇਸ ਕਾਰਡ ਦੀ ਕੀਮਤ ਕਰੀਬ 50 ਲੱਖ ਡਾਲਰ ਰੱਖਣ ਜਾ ਰਹੇ ਹਾਂ ਅਤੇ ਇਸ ਨਾਲ ਤੁਹਾਨੂੰ ਗਰੀਨ ਕਾਰਡ ਦੇ ਵਿਸ਼ੇਸ਼ ਅਧਿਕਾਰ ਮਿਲਣਗੇ। ਇਸ ਦੇ ਨਾਲ ਹੀ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਵੀ ਪੱਧਰਾ ਹੋਵੇਗਾ। ਇਹ ਕਾਰਡ ਖ਼ਰੀਦ ਕੇ ਅਮੀਰ ਲੋਕ ਅਮਰੀਕਾ ਦਾ ਰੁਖ਼ ਕਰਨਗੇ।’’ ਟਰੰਪ ਨੇ ਕਿਹਾ ਕਿ ਮੌਜੂਦਾ ਇਮੀਗਰੇਸ਼ਨ ਪ੍ਰਣਾਲੀ ਨੇ ਕੌਮਾਂਤਰੀ ਪ੍ਰਤਿਭਾਵਾਂ ਖਾਸ ਕਰ ਕੇ ਭਾਰਤੀਆਂ ਨੂੰ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਤੋਂ ਰੋਕ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਕੋਈ ਵਿਅਕਤੀ ਭਾਰਤ, ਚੀਨ, ਜਪਾਨ ਅਤੇ ਹੋਰ ਮੁਲਕਾਂ ਤੋਂ ਆਉਂਦਾ ਹੈ। ਹਾਰਵਰਡ ਜਾਂ ਵਾਰਟਨ ਸਕੂਲ ਆਫ਼ ਫਾਇਨਾਂਸ ’ਚ ਪੜ੍ਹਾਈ ਕਰਦਾ ਹੈ। ਉਨ੍ਹਾਂ ਨੂੰ ਨੌਕਰੀ ਦੇ ਮੌਕੇ ਮਿਲਦੇ ਹਨ ਪਰ ਇਹ ਮੌਕੇ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਸ ਬਾਰੇ ਕੁਝ ਵੀ ਪੱਕਾ ਨਹੀਂ ਹੈ ਕਿ ਉਹ ਵਿਅਕਤੀ ਮੁਲਕ ’ਚ ਰਹਿ ਸਕਦਾ ਹੈ ਜਾਂ ਨਹੀਂ।’’ ਟਰੰਪ ਨੇ ਕਿਹਾ ਕਿ ਇਸ ਕਾਰਨ ਕਈ ਪ੍ਰਤਿਭਾਸ਼ਾਲੀ ਗਰੈਜੂਏਟ, ਜਿਨ੍ਹਾਂ ਨੂੰ ਅਮਰੀਕਾ ਛੱਡਣ ਲਈ ਮਜਬੂਰ ਹੋਣਾ ਪਿਆ, ਆਪਣੇ ਮੁਲਕ ’ਚ ਸਫ਼ਲ ਕਾਰੋਬਾਰੀ ਬਣ ਗਏ। ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਜਾਂ ਆਪਣੇ ਮੁਲਕ ਪਰਤਦੇ ਹਨ ਅਤੇ ਉਥੇ ਕਾਰੋਬਾਰ ਸ਼ੁਰੂ ਕਰਕੇ ਅਰਬਪਤੀ ਬਣ ਜਾਂਦੇ ਹਨ ਅਤੇ ਹਜ਼ਾਰਾਂ ਵਿਅਕਤੀਆਂ ਨੂੰ ਰੁਜ਼ਗਾਰ ਦਿੰਦੇ ਹਨ। ਟਰੰਪ ਨੇ ਕਿਹਾ ਕਿ ਕੋਈ ਵੀ ਕੰਪਨੀ ਗੋਲਡ ਕਾਰਡ ਖ਼ਰੀਦ ਸਕਦੀ ਹੈ ਅਤੇ ਇਸ ਦੀ ਵਰਤੋਂ ਗਰੈਜੂਏਟਾਂ ਦੀ ਭਰਤੀ ’ਚ ਕਰ ਸਕਦੀ ਹੈ।