ਮੇਜਰ ਮਾਂਗਟ
ਜਦੋਂ ਮੈਂ ਆਪਣੀਆਂ ਛੁੱਟੀਆਂ ਵਿੱਚ ਇੰਗਲੈਂਡ ਗਿਆ ਤਾਂ ਬਹੁਤ ਕੁਝ ਦੇਖਿਆ। ਕਦੀ ਕਦੀ ਪ੍ਰਸ਼ਨ ਮਨ ’ਚ ਉੱਠਦਾ ਕਿ ਕੀ ਇਹ ਉਹੋ ਦੇਸ਼ ਹੈ ਜਿਸ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਛਿਪਦਾ? ਜਿਸ ਤੋਂ ਮੁਕਤ ਹੋਣ ਲਈ ਹਜ਼ਾਰਾਂ ਦੇਸ਼ ਭਗਤ ਆਪਣੀਆਂ ਜਾਨਾਂ ਵਾਰ ਗਏ। ਪਰੰਤੂ ਹੁਣ ਤਾਂ ਵਕਤ ਬਦਲ ਚੁੱਕਾ ਸੀ। ਇੰਗਲੈਂਡ ਆਧੁਨਿਕ ਸਹੂਲਤਾਂ ਅਤੇ ਸਫਾਈ ਦੇ ਪੱਖੋਂ ਮੈਨੂੰ ਕੈਨੇਡਾ ਤੋਂ ਕੋਈ ਬਹੁਤਾ ਸੋਹਣਾ ਨਹੀਂ ਸੀ ਜਾਪ ਰਿਹਾ। ਹਾਂ ਲੋਕਾਂ ਵਿੱਚ ਰਹਿਣ-ਸਹਿਣ ਦੀ ਇੱਕ ਤਰਤੀਬ ਅਤੇ ਸਲੀਕਾ ਜ਼ਰੂਰ ਸੀ।
ਏਥੇ ਆ ਕੇ ਮੈਂ ਕਈ ਸ਼ਹਿਰ ਦੇਖੇ, ਟਰੇਨਾਂ ਵਿੱਚ ਘੁੰਮਿਆ, ਬਹੁਤ ਸਾਰੇ ਲੇਖਕਾਂ ਨੂੰ ਮਿਲਿਆ ਅਤੇ ਬਹੁਤ ਸਾਰੀਆਂ ਦੇਖਣਯੋਗ ਥਾਵਾਂ ਵੀ ਵੇਖੀਆਂ। ਇੱਕ ਦਿਨ ਅਸੀਂ ਡਬਲ ਡੈਕਰ ਬੱਸ ਦੀ ਛੱਤ ’ਤੇ ਬਹਿ ਕੇ ਲੰਡਨ ਵੇਖ ਰਹੇ ਸੀ। ਜਿਸ ਵਿੱਚ ਤਰਫਾਲਗਰ ਚੌਂਕ, ਬ੍ਰਿਟਿਸ਼ ਪਾਰਲੀਮੈਂਟ, ਕੈਕਸਟਨ ਹਾਲ, ਬਕਿੰਘਮ ਪੈਲਿਸ, ਲੰਡਨ ਟਾਵਰ ਵੇਖੇ ਉਸੇ ਦਿਨ ਬਹੁਤ ਸਾਰੇ ਮਿਊਜ਼ੀਅਮ ਵੀ ਵੇਖੇ।
ਇਨ੍ਹਾਂ ਵਿਚੋਂ ਇੱਕ ਮਿਊਜ਼ੀਅਮ ਮੇਰੇ ਮਨ ’ਚੋਂ ਕਦੇ ਵੀ ਨਹੀਂ ਨਿਕਲਦਾ, ਜਿਸ ਦਾ ਨਾਂਅ ਹੈ ‘ਲੰਡਨ ਟਾਵਰ’। ਇਸੇ ਲੰਡਨ ਟਾਵਰ ਵਿੱਚ ਭਾਰਤ ਤੋਂ ਲੁੱਟ ਕੇ ਲਿਆਂਦੀਆਂ ਬਹੁਤ ਸਾਰੀਆਂ ਕੀਮਤੀ ਵਸਤਾਂ ਪਈਆਂ ਹਨ। ਜਿਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੁਨਹਿਰੀ ਕੁਰਸੀ ਅਤੇ ਭਾਰਤ ਮਾਂ ਦਾ ਕੀਮਤੀ ਭੂਸ਼ਨ ਰੋਸ਼ਨੀ ਦਾ ਪਹਾੜ ਭਾਵ ‘ਕੋਹਿਨੂਰ ਹੀਰਾ’ ਵੀ ਹੈ। ਇਨ੍ਹਾਂ ਨੂੰ ਵੇਖ ਕੇ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ ਤੇ ਪੈਰਾਂ ਨੂੰ ਜਿਵੇਂ ਸੰਗਲ਼ ਪੈ ਜਾਂਦੇ ਹਨ। ਮੇਰੇ ਦੇਸ਼ ਦਾ ਸਮਾਨ ਦਿਖਾਉਣ ਲਈ ਵੀ ਟਿਕਟਾਂ ਵੇਚ ਕੇ ਬਹੁਤ ਵੱਡੀ ਆਮਦਨ ਦਾ ਵਸੀਲਾ ਬਣਾਇਆ ਗਿਆ ਸੀ।
‘ਕੋਹਿਨੂਰ ਹੀਰੇ’ ਦੀ ਫੋਟੋ ਖਿੱਚਣੀ ਸਖਤ ਮਨ੍ਹਾਂ ਹੈ। ਪਰ ਮੇਰੇ ਤਾਂ ਪੈਰ ਏਥੇ ਆ ਕੇ ਜਾਮ ਹੋ ਗਏ ਸਨ। ਮੇਰੇ ਤੋਂ ਨਹੀਂ ਸੀ ਰਿਹਾ ਗਿਆ ਤੇ ਪਾਬੰਦੀ ਉੱਪਰੰਤ ਵੀ ਕੋਹਿਨੂਰ ਹੀਰੇ ਦੀ ਫੋਟੋ ਲੈਣ ਵਿੱਚ ਮੈਂ ਕਾਮਯਾਬ ਹੋ ਗਿਆ:-
ਘਰ ਆ ਕੇ ‘ਕੋਹਿਨੂਰ ਹੀਰਾ’ ਮੇਰੇ ਦਿਮਾਗ਼ ਵਿੱਚ ਘੁੰਮਦਾ ਰਿਹਾ ਤੇ ਅੱਜ ਤੱਕ ਵੀ ਘੁੰਮਦਾ ਹੈ, ਤਾਂ ਹੀ ਤਾਂ ਮੈਂ ਇਹ ਆਰਟੀਕਲ ਲਿਖਣ ਲਈ ਮਜਬੂਰ ਹੋ ਗਿਆ। ਆਉ ਭਾਰਤ ਦੀ ਏਸ ਵਿਰਾਸਤ ਦੇ ਇਤਿਹਾਸ ’ਤੇ ਇੱਕ ਨਜ਼ਰ ਮਾਰ ਲਈਏ।
ਕਹਿੰਦੇ ਨੇ ਕਿ ਰੋਸ਼ਨੀ ਦੇ ਇਸ ਪਹਾੜ ਦੀ ਲੱਭਤ ਅੱਜ ਤੋਂ ਕੋਈ ਪੰਜ ਕੁ ਹਜ਼ਾਰ ਸਾਲ ਪਹਿਲਾਂ ਮੌਜੂਦਾ ਆਂਧਰਾ ਪ੍ਰਦੇਸ਼ ਦੀ ਰਿਆਸਤ ਗੋਲਕੁੰਡਾ ਵਿੱਚ ਹੋਈ ਸੀ, ਜਿਸ ਨੂੰ ਕੋਲੂਰ ਦੀਆਂ ਖਾਣਾਂ ’ਚੋਂ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਇਹ ਅਨਘੜ ਹੀਰਾ 787 ਕੈਰਿਟ ਦੇ ਲੱਗਪਗ ਸੀ। ਪਰੰਤੂ 1665 ਈ: ਵਿੱਚ ਇੱਕ ਖੋਜੀ ਟਰੈਵਰਨੀਅਰ ਨੇ ਇਸ ਨੂੰ ਮਾਪਿਆ ਤਾਂ ਇਸ ਦੇ 280 ਕੈਰਿਟ ਹੋਣ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਇਸ ਦੇ ਮਾਲਕਾਂ ਨੇ ਇਸਦੀ ਸੁੰਦਰ ਦਿੱਖ ਬਣਉਣ ਲਈ ਤਰਾਸ਼ਣਾ ਜਾਰੀ ਰੱਖਿਆ। ਇੰਗਲੈਂਡ ਪਹੁੰਚਣ ਤੱਕ ਇਹ ਸਿਰਫ 186 ਕੈਰਿਟ ਰਹਿ ਗਿਆ ਜੋ ਹੁਣ ਸਿਰਫ 106 ਕੈਰਿਟ ਦੇ ਨੇੜੇ ਤੇੜੇ ਹੈ।
ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਂ ਕੋਹਿਨੂਰ ਨਹੀਂ ਸੀ। ਇਹ ਤਾਂ ਬਹੁਤ ਬਾਅਦ ਅਕਬਰ ਦੇ ਸਮੇਂ ਵਿੱਚ ਪ੍ਰਚੱਲਤ ਹੋਇਆ। ਪੁਰਾਤਨ ਗ੍ਰੰਥਾਂ ਵਿੱਚ ਇਸ ਨੂੰ ਸ਼ਿਆਮ ਟਕਾ ਲਿਖਿਆ ਗਿਆ ਹੈ। ਕਿਉਂਕਿ 3200 ਪੂਰਵ ਈਸਵੀ ਦੇ ਲਗਭਗ ਇਸ ਦਾ ਸੰਬੰਧ ਰਾਧੇ ਸ਼ਿਆਮ ਜਾਣੀ ਕ੍ਰਿਸ਼ਨ ਨਾਲ ਸੀ। ਇਸ ਰੋਸ਼ਨੀ ਦੇ ਪਹਾੜ ਨੂੰ ਕ੍ਰਿਸ਼ਨ ਕੋਲ ਚਮਕਦਾ ਵੇਖ ਕੇ ਹੀ ਕਈਆਂ ਨੇ ਇਸ ਨੂੰ ‘ਪਦਮ’ ਕਰਕੇ ਵੀ ਜਾਣਿਆ ਹੈ।
ਉਸ ਉਪਰੰਤ ਰਾਜੇ ਇਸ ਲਈ ਲੜਦੇ ਰਹੇ। ਦੰਦ ਕਥਾਵਾਂ ਪ੍ਰਚੱਲਤ ਸਨ ਕਿ ਜਿਸ ਪਾਸ ਇਹ ਹੀਰਾ ਆ ਜਾਵੇ ਉਹ ਰਾਜਭਾਗ ਦਾ ਮਾਲਕ ਬਣ ਜਾਂਦਾ ਹੈ ਤੇ ਬਾਅਦ ਵਿੱਚ ਇਹ ਹੀ ਹੀਰਾ ਉਸ ਦੇ ਵਿਨਾਸ਼ ਦਾ ਕਾਰਨ ਵੀ ਬਣਦਾ ਹੈ। ਉਸ ਤੋਂ ਬਾਅਦ ਇਸ ਦੀ ਮਾਲਕੀ ਹਜ਼ਾਰਾਂ ਸਾਲ ਗੁਪਤ ਰਹੀ। ਪਰੰਤੂ 1320ਈ: ਵਿੱਚ ਦੁਨੀਆ ਦਾ ਇਹ ਸਭ ਤੋਂ ਕੀਮਤੀ ਹੀਰਾ ਫੇਰ ਜੱਗ ਜ਼ਾਹਰ ਹੋ ਗਿਆ। ਉਦੋਂ ਦਿੱਲੀ ’ਤੇ ਖਿਲਜੀ ਸਲਤਨਤ ਦੀ ਹਕੂਮਤ ਸੀ। ਹੋਇਆ ਇਸ ਤਰ੍ਹਾਂ ਕਿ ਗਿਆਸੂਦੀਨ ਤੁਗਲੁਕ ਸ਼ਾਹ ਨੇ 1323 ਈ: ਵਿੱਚ ਇਸ ਬਾਰੇ ਪਤਾ ਲੱਗਣ ’ਤੇ ਆਪਣੇ ਪੁੱਤਰ ਉਲਘ ਖਾਨ ਨੂੰ ਕਾਕੇਤੀਆ ਦੇ ਰਾਜਾ ਪ੍ਰਤਾਪਉਦਰਾ ’ਤੇ ਹਮਲਾ ਕਰਨ ਲਈ ਭੇਜਿਆ। ਇੱਕ ਮਹੀਨਾ ਹਾਥੀ ਘੋੜਿਆਂ ਅਤੇ ਰੱਥ ਬੱਘੀਆਂ ਨਾਲ ਘਮਸਾਣ ਦਾ ਯੁੱਧ ਹੋਇਆ। ਅੰਤ ਨੂੰ ਜੰਗੀ ਤਕਨੀਕ ਤੋਂ ਵਾਂਝੀ ਰਾਜਾ ਪ੍ਰਤਾਪਉਦਰਾ ਦੀ ਸੈਨਾ ਹਾਰ ਗਈ। ਹਮਲਾਵਰਾਂ ਨੇ ਉਸਦੇ ਰਾਜ ਭਾਗ ਵਿੱਚ ਖੂਬ ਲੁੱਟ ਮਚਾਈ। ਲੁੱਟ ਦਾ ਸਮਾਨ ਲੈ ਕੇ ਹਾਥੀ, ਘੋੜੇ ਅਤੇ ਰੱਥ ਬੱਘੀਆਂ ਜਦੋਂ ਦਿੱਲੀ ਦਰਬਾਰ ਪਹੁੰਚੇ ਤਾਂ ਉਸ ਵਿੱਚ ਇਹ ਹੀਰਾ ਵੀ ਸੀ।
1526 ਵਿੱਚ ਜਦੋਂ ਬਾਬਰ ਨੇ ਦਿੱਲੀ ’ਤੇ ਧਾਵਾ ਬੋਲਿਆ ਤਾਂ ਹੀਰਾ ਉਸਦੇ ਕਬਜ਼ੇ ਵਿੱਚ ਆ ਗਿਆ। ਆਪਣੀ ਲਿਖਤ ਬਾਬਰਨਾਮਾ ਵਿੱਚ ਇਸ ਦਾ ਜ਼ਿਕਰ ਕਰਦਿਆਂ ਉਸ ਨੇ ਦੱਸਿਆ ਹੈ ਕਿ ਇਹ ਹੀਰਾ 1294 ਵਿੱਚ ਕਿਸੇ ਮਾਲਵਾ ਦੇਸ਼ ਦੇ ਰਾਜੇ ਦੀ ਮਲਕੀਅਤ ਹੋਇਆ ਕਰਦਾ ਸੀ। ਬਾਅਦ ਵਿੱਚ ਇਸ ਨੂੰ ਅਲਾਉਦੀਨ ਖਿਲਜੀ ਨੇ ਖੋਹ ਲਿਆ ਸੀ। ਬਾਬਰ ਦੇ ਸਮੇਂ ਇਸ ਦਾ ਨਾਂਅ ਬਾਬਰ ਦਾ ਹੀਰਾ ਹੀ ਪ੍ਰਚੱਲਤ ਰਿਹਾ। ਕੁਸ਼ਵਾਹਾ ਰਾਜਕਾਲ ਅਧੀਨ ਇਹ ਕੁਝ ਦੇਰ ਗਵਾਲੀਅਰ ਵਿੱਚ ਵੀ ਰਿਹਾ। ਫੇਰ ਸਿੰਕਦਰਲੋਧੀ ਨੂੰ ਮਾਤ ਦੇ ਕੇ ਇਹ ਹੀਰਾ ਵਿਕਰਮਾਦੱਤ ਨੇ ਲੁੱਟ ਕੇ ਚਿਤੌੜ ਲੈ ਆਂਦਾ। ਜਦੋਂ ਇੱਕ ਸਮਝੌਤੇ ਤਹਿਤ ਮੁਗ਼ਲ ਬਾਦਸ਼ਾਹ ਹਿੰਮਾਯੂ ਆਪਣੀ ਰਾਜਧਾਨੀ ਦਿੱਲੀ ਤੋਂ ਮੇਵਾੜ ਚਿਤੌੜ ਵਿੱਚ ਲੈ ਗਿਆ ਤਾਂ ਰਾਜਾ ਵਿਕਰਮਾਦਿੱਤ ਨੇ ਇਹ ਹੀਰਾ ਤੋਹਫੇ ਵਜੋਂ ਉਸ ਨੂੰ ਭੇਟ ਕਰ ਦਿੱਤਾ।
ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਹਿੰਮਾਯੂ ਨੂੰ ਹਰਾ ਕੇ ਇਹ ਹੀਰਾ ਪ੍ਰਾਪਤ ਕੀਤਾ, ਜਿਸ ਕੋਲੋਂ ਇਹ ਜਲਾਲ ਖਾਨ ਕੋਲ ਗਿਆ। ਜਦੋਂ ਅਕਬਰ ਨੇ ਤਖਤ ਸੰਭਾਲਿਆ ਤਾਂ ਇਹ ਹੀਰਾ ਉਸਦਾ ਹੋ ਗਿਆ। ਆਈਨੇ ਅਕਬਰੀ ਅਨੁਸਾਰ ਉਦੋਂ ਹੀ ਇਸ ਨੂੰ ਕੋਹਿਨੂਰ ਦਾ ਨਾਮ ਦਿੱਤਾ ਗਿਆ। ਸ਼ਾਹੀ ਮਹਿਲਾਂ ਦਾ ਸ਼ਿੰਗਾਰ ਕੋਹਿਨੂਰ ਜਦੋਂ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦੀ ਮਲਕੀਅਤ ਸੀ, ਤਾਂ ਉਹ ਇਸ ਦਾ ਕਦੀ ਵਿਸਾਹ ਨਹੀਂ ਸੀ ਖਾਂਦਾ। ਫੇਰ ਉਸ ਦੇ ਪੁੱਤਰ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਕਤਲ ਕਰਕੇ ਰਾਜ ਸੱਤਾ ਹਥਿਆ ਲਈ ਤੇ ਪਿਉੁ ਨੂੰ ਆਗਰੇ ਕੈਦਖਾਨੇ ਵਿੱਚ ਸੁੱਟ ਦਿੱਤਾ। ਪਰ ਸ਼ਾਹ ਜਹਾਨ ਨੇ ਇਹ ਕੀਮਤੀ ਭੂਸ਼ਨ ਆਪਣੇ ਕੋਲ ਹੀ ਲੁਕਾ ਕੇ ਰੱਖਿਆ। ਆਗਰੇ ਉਹ ਇਸ ਨੂੰ ਕੈਦਖਾਨੇ ਦੀ ਖਿੜਕੀ ਵਿੱਚ ਰੱਖ ਕੇ ਪ੍ਰਿਜ਼ਮ ਦਾ ਕੰਮ ਲੈਂਦਾ ਸੀ। ਜਿਸ ਵਿਚੋਂ ਤਾਜ ਮਹੱਲ ਦਾ ਪੂਰਾ ਅਕਸ ਦਿਖਾਈ ਦਿੰਦਾ ਸੀ। ਜਿੱਥੇ ਉਸਦੀ ਮੁਹੱਬਤ, ਬੇਹੱਦ ਖੂਬਸੂਰਤ ਅਤੇ ਪਿਆਰੀ ਪਤਨੀ ਮੁਮਤਾਜ਼ ਦਫਨ ਸੀ।
ਸੰਨ 1739 ਈ: ਵਿੱਚ ਜਦੋਂ ਨਾਦਰ ਸ਼ਾਹ ਨੇ ਦਿੱਲੀ ਅਤੇ ਆਗਰੇ ਵਿੱਚ ਲੁੱਟ ਮਚਾਈ ਤਾਂ ਕੋਹਿਨੂਰ ਵੀ ਲੁੱਟਿਆ ਗਿਆ। ਨਾਦਰ ਸ਼ਾਹ ਨੇ ਇਹ ਹੀਰਾ ਅਫਗਾਨਸਤਾਨ ਦੇ ਰਾਜ ਕਰ ਰਹੇ ਅਹਿਮਦਸ਼ਾਹ ਅਬਦਾਲੀ ਨੂੰ ਜਾ ਕੇ ਸੌਂਪ ਦਿੱਤਾ। ਕੁਝ ਦੇਰ ਇਹ ਹੀਰਾ ਬ੍ਰਾਜ਼ੀਲ ਵਿੱਚ ਵੀ ਰਿਹਾ ਹੈ, ਲੇਕਿਨ ਫੇਰ ਅਫਗਾਨਿਸਤਨ ਆ ਗਿਆ। 1830 ਵਿੱਚ ਜਦੋਂ ਸ਼ਾਹ ਸੂਜਾ ਨੇ ਅਫਗਾਨਿਸਤਾਨ ਦਾ ਰਾਜ ਸੰਭਾਲਿਆ ਤਾਂ ਇਹ ਹੀਰਾ ਉਸ ਦੀ ਦੌਲਤ ਬਣ ਗਿਆ। ਉਸ ਵਕਤ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਹੋ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਆਪਣੇ ਰਾਜ ਦੀਆਂ ਹੱਦਾਂ ਵਧਾਉਣ ਲਈ ਚੁਫੇਰੇ ਤਾਬੜਤੋੜ ਹਮਲੇ ਕਰ ਰਹੇ ਸਨ ਜਿਨਾਂ ਵਿੱਚ ਜਮਰੌਦ ਦਾ ਕਿਲਾ ਵੀ ਨਿਸ਼ਾਨਾ ਸੀ। ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਵੱਲੋਂ ਕੀਤੇ ਹਮਲਿਆਂ ਅਤੇ ਪ੍ਰਾਪਤ ਕੀਤੀਆਂ ਜਿੱਤਾਂ ਸਦਕਾ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਹੌਰ ਪੁੱਜ ਗਿਆ। 28 ਜੂਨ 1839 ਈ: ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਤਾਂ ਰਾਜਭਾਗ ਦੇ ਨਾਲ ਨਾਲ ਇਸ ਦਾ ਵਾਰਿਸ ਮਹਾਰਾਜਾ ਦਲੀਪ ਸਿੰਘ ਬਣਿਆ।
ਮਹਾਰਾਜਾ ਦਲੀਪ ਸਿੰਘ ਜਿਸ ਦਾ ਜਨਮ 4 ਸਤੰਬਰ, 1838 ਨੂੰ ਹੋਇਆ ਸੀ, ਪੰਜ ਸਾਲ ਦੀ ਨਿੱਕੀ ਉਮਰ ਵਿੱਚ, ਸਤੰਬਰ 1843 ਨੂੰ ਇਸ ਨੂੰ ਰਾਜ ਸਿੰਘਾਸਣ ’ਤੇ ਬਿਠਾਇਆ ਗਿਆ। ਰਾਜਸੱਤਾ ’ਤੇ ਕਾਬਜ਼ ਹੋਣ ਲਈ ਸਿੱਖਾਂ ਦੀ ਆਪਸੀ ਜੰਗ ਸ਼ੁਰੂ ਹੋ ਗਈ। ਇਕ ਦੂਜੇ ਦੇ ਕਤਲ ਹੋਣ ਲੱਗੇ। ਧਿਆਨ ਸਿੰਘ, ਪਹਾੜਾ ਸਿੰਘ ਅਤੇ ਲਾਲ ਸਿੰਘ ਵਰਗੇ ਗ਼ੱਦਾਰੀ ਕਰਕੇ ਅੰਦਰ ਖਾਤੇ ਅੰਗਰੇਜ਼ਾਂ ਨਾਲ ਜਾ ਮਿਲੇ। ਫਿਰੰਗੀਆਂ ਨੇ ਸਿੰਘਾਂ ਨੂੰ ਮਾਤ ਦੇ ਕੇ ਇੱਕ ਸਮਝੌਤੇ ਅਧੀਨ ਲਹੌਰ ਦਰਬਾਰ ਵਿੱਚ ਘੁਸਪੈਠ ਕਰਦਿਆਂ ਕੋਝੀ ਚਾਲ ਖੇਡੀ। ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਆਪਣੇ ਗ੍ਰਹਿ ਸਕੱਤਰ ਐੱਚ ਐੱਮ ਇਲੀਅਟ ਨੂੰ 27 ਮਾਰਚ 1849 ਨੂੰ ਆਪਣਾ ਜਾਨਸ਼ੀਨ ਬਣਾ ਕੇ ਲਹੌਰ ਦਰਬਾਰ ਭੇਜਿਆ ਜਿਸ ਨੇ ਹੁਸ਼ਿਆਰੀ ਨਾਲ ਮਹਾਰਾਜਾ ਦਲੀਪ ਸਿੰਘ ਦਾ ਜਾਨਸ਼ੀਨ ਹੋਣ ਦੇ ਕਾਗਜ਼ ’ਤੇ ਦਸਤਖਤ ਕਰਵਾ ਲਏ। 29 ਮਾਰਚ 1849 ਨੂੰ ਜੋ ਸਿੱਖ ਰਾਜ ਦਾ ਆਖਰੀ ਦਰਬਾਰ ਲੱਗਿਆ, ਉਸ ਵਿੱਚ ਮਹਾਰਾਜਾ ਦਲੀਪ ਨੂੰ ਆਮ ਲੋਕਾਂ ਵਾਂਗ ਦਰਸ਼ਕ ਗੈਲਰੀ ਵਿੱਚ ਬਿਠਾਇਆ ਗਿਆ। ਉਦੋਂ ਉਸ ਦੀ ਉਮਰ ਸਿਰਫ ਸਾਢੇ ਦਸ ਵਰ੍ਹੇ ਸੀ। ਉਸ ਵਕਤ ਬ੍ਰਿਟਿਸ਼ ਹਕੂਮਤ ਦੀ ਅੱਖ ਜਿੱਥੇ ਰਾਜ ਸਤਾ ’ਤੇ ਕਬਜ਼ਾ ਕਰਨਾ ਸੀ ਉੱਥੇ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕਹਿਨੂਰ ਵੀ ਹਥਿਆਉਣਾ ਸੀ। ਆਖਰ ਇਸੇ ਤਰ੍ਹਾਂ ਹੀ ਹੋਇਆ।
16 ਜੁਲਾਈ 1850 ਨੂੰ ਸਰਕਾਰੀ ਖਜ਼ਾਨੇ ਦੀ ਦੇਖਰੇਖ ਦੇ ਇੰਚਾਰਜ ਡਾ: ਜੌਹਨ ਲੋਗਨ ਨੇ ਆਪਣੀ ਪਤਨੀ ਨੂੰ ਇੱਕ ਪੱਤਰ ਵਿੱਚ ਦੱਸਿਆ ਕਿ ਲਾਰਡ ਡਲਹੌਜ਼ੀ ਇੱਕ ਛੋਟੇ ਬੈਗ ਸਮੇਤ ਉਸ ਦੇ ਕਮਰੇ ਵਿਚ ਆਇਆ ਸੀ। ਉਸ ਕੋਲ ਬੋਰਡ ਆਫ ਐਡਮਨਿਸਟ੍ਰੇਸ਼ਨ ਦੇ ਸਾਈਨਾਂ ਵਾਲੇ ਪੇਪਰ ਸਨ। ਜਿਨਾਂ ਨੂੰ ਦਿਖਾ ਕੇ ਉਹ ‘ਕੋਹਿਨੂਰ ਹੀਰਾ’ ਲੈ ਗਿਆ। ਉਸ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਇਹ ਘਟਨਾ 7 ਦਸੰਬਰ 1849 ਦੀ ਹੈ। ਲੈ ਕੇ ਜਾਣ ਸਮੇਂ ਇਹ ਹੀਰਾ ਲਾਰਡ ਡਲਹੌਜ਼ੀ ਨੇ ਆਪਣੇ ਲੱਕ ਨੂੰ ਬੰਨ੍ਹ ਲਿਆ ਸੀ।
6 ਅਪ੍ਰੈਲ 1850 ਨੂੰ ਡਲਹੌਜ਼ੀ ਬੰਬਈ ਤੋਂ ਐੱਚ: ਐੱਮ: ਐੱਸ: ਮੀਡੀਆਂ ਸਮੁੰਦਰੀ ਜਹਾਜ਼ ਰਾਹੀਂ ਲੰਡਨ ਨੂੰ ਰਵਾਨਾ ਹੋਇਆ। ਹੀਰਾ ਉਸ ਵਕਤ ਵੀ ਉਸ ਦੇ ਲੱਕ ਨੂੰ ਬੰਨਿ੍ਹਆ ਹੋਇਆ ਸੀ। ਕਮਰਕਸ ਨਾਲ ਬੰਨ੍ਹ ਕੇ ਇੱਕ ਸੁਰੱਖਿਆ ਵਜੋਂ ਇੱਕ ਚੇਨ ਵੀ ਗੱਲ ਨੂੰ ਵੀ ਪਾਈ ਹੋਈ ਸੀ। 2 ਜੁਲਾਈ 1850 ਨੂੰ ਇਹ ਜਹਾਜ਼ ਇੰਗਲੈਂਡ ਪਹੁੰਚਿਆ। ਇਸ ਜਹਾਜ਼ ਨੂੰ ਈਸਟ ਇੰਡੀਆ ਹਾਊਸ ਲਿਜਾਇਆ ਗਿਆ ਜਿੱਥੇ ਈਸਟ ਇੰਡੀਆ ਕੰਪਨੀ ਦੇ ਮੀਤ ਚੇਅਰਮੈਨ ਨੇ ਕੋਹਿਨੂਰ ਹੀਰਾ ਲਾਰਡ ਡਲਹੌਜ਼ੀ ਤੋਂ ਲੈ ਕੇ ‘ਸੇਂਟ ਜੇਮਜ਼’ ਮਹਿਲ ਵਿੱਚ ਜਾ ਕੇ ਮਲਿਕਾ ਵਿਕਟੋਰੀਆ ਅੱਗੇ ਪੇਸ਼ ਕਰ ਦਿੱਤਾ। ਮਹਾਰਾਣੀ ਵਿਕਟੋਰੀਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਹੀ ਇਸ ਨੂੰ ‘ਕਰਾਊਨ ਜਿਊਲ’ ਬਣਾਉਣ ਦਾ ਫੈਸਲਾ ਲਿਆ। ਉਸੇ ਸਾਲ ਮਸ਼ਹੂਰ ਹਾਈਡ ਪਾਰਕ ਵਿੱਚ ਜਦੋਂ ਸਭ ਤੋਂ ਵੱਡੀ ਨੁਮਾਇਸ਼ ਲੱਗੀ ਤਾਂ ਪਬਲਿਕ ਦੇ ਪ੍ਰਦਰਸ਼ਨ ਲਈ ‘ਕੋਹਿਨੂਰ ਹੀਰਾ’ ਉੱਥੇ ਰੱਖਿਆ ਗਿਆ ਤਾਂ ਕਿ ਲੋਕ ਜਾਣ ਲੈਣ ਕਿ ਹੁਣ ਇਹ ਇੰਗਲੈਂਡ ਦੀ ਸੰਪਤੀ ਹੈ।
ਸਾਲ 1852 ਵਿੱਚ ਮੈਸਰਜ਼ ਗੈਰਰਡਸ ਨੇ ਮਹਾਰਾਣੀ ਦੇ ਆਦੇਸ਼ ’ਤੇ ਇੱਕ ਹੀਰੇ ਤਰਾਸ਼ਣ ਵਾਲੇ ਮਾਹਿਰ ਵੂਂਗਸੈਂਗਰ ਨੂੰ ਐਮਸਟਰਡਮ ਤੋਂ ਮੰਗਵਾਇਆ। ਉਸ ਨੇ ਅਠੱਤੀ ਦਿਨ ਲਗਾ ਕੇ ਹੀਰੇ ਨੂੰ ਸੁੰਦਰ ਬਣਾਉਣ ਲਈ ਮੁੜ ਤੋਂ ਤਰਾਸ਼ਿਆ। ਟੁੱਟ ਭੱਜ ਨਾਲ ਹੁਣ ਇਹ 186 ਤੋਂ ਸਿਰਫ 105.602 ਕੈਰਿਟ ਰਹਿ ਗਿਆ। ਜਦੋਂ ਬ੍ਰਿਟਿਸ਼ ਹਕੂਮਤ ਮਹਾਰਾਜਾ ਦਲੀਪ ਸਿੰਘ ਨੂੰ ਬਰਤਾਨੀਆ ਲੈ ਆਈ ਤਾਂ ਇੱਕ ਦਿਨ ਮਹਾਰਾਣੀ ਵਿਕਟੋਰੀਆ ਨੇ ਇਹ ਹੀਰਾ ਉਸ ਨੂੰ ਦੇਖਣ ਲਈ ਦਿੱਤਾ। ਜਦੋਂ ਉਸ ਨੇ ਵਾਪਿਸ ਇਹ ਮਹਾਰਾਣੀ ਦੀ ਤਲ਼ੀ ’ਤੇ ਰੱਖਿਆ ਤਾਂ ਫੋਟੋਆਂ ਖਿੱਚ ਕੇ ਇਹ ਸਾਬਤ ਕੀਤਾ ਕਿ ਗਿਆ ਮਹਾਰਾਜੇ ਨੇ ਤਾਂ ਆਪਣੇ ਹੱਥ ਨਾਲ ਤੋਹਫੇ ਵਜੋਂ ‘ਕੋਹਿਨੂਰ ਹੀਰਾ’ ਮਲਿਕਾ ਵਿਕਟੋਰੀਆ ਨੂੰ ਪੇਸ਼ ਕੀਤਾ ਹੈ।
ਮੁੜ ਕੇ ਮਹਾਰਾਜਾ ਦਲੀਪ ਸਿੰਘ, ਖੁਸੀ ਸਤਾ ਹਾਸਲ ਕਰਨ ਲਈ ਅਤੇ ਲੁੱਟੀ ਸੰਪਤੀ (ਜਿਸ ਵਿੱਚ ਇਹ ਹੀਰਾ ਵੀ ਸੀ) ਪ੍ਰਾਪਤ ਕਰਨ ਲਈ ਆਪਣੀ ਜ਼ਿੰਦਗੀ ਦੇ ਅੰਤਿਮ ਸਵਾਸਾਂ ਤੱਕ ਤਾਂਘਦਾ ਰਿਹਾ। ਪਰ ਉਹ ਗੋਰਿਆਂ ਵਲੋਂ ਵਿਛਾਏ ਜਾਲ ਵਿਚੋਂ ਨਿੱਕਲ ਨਾ ਸਕਿਆ। ਆਖਰ 22 ਅਕਤੂਬਰ, 1893 ਨੂੰ 55 ਸਾਲ ਦੀ ਉਮਰ ਵਿੱਚ ਪੈਰਿਸ ਦੇ ਇੱਕ ਹੋਟਲ ‘ਟ੍ਰੈਮੋਇਲ’ ਦੇ ਕਮਰੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ, ਜਿੱਥੇ 21 ਅਕਤੂਬਰ ਨੂੰ ਪਏ ਦੌਰੇ ਕਾਰਨ ਉਹ ਬੇਹੋਸ਼ ਪਿਆ ਸੀ। 26 ਅਕਤੂਬਰ 1893 ਨੂੰ ਇੱਕ ਸਾਦਾ ਕੱਫਣ ਵਿੱਚ ਲਪੇਟ ਕੇ ਮਹਾਰਾਜੇ ਨੂੰ ਦਫਨ ਕਰ ਦਿੱਤਾ ਗਿਆ। ਹੁਣ ਇਸ ਹੀਰੇ ਦਾ ਦਾਅਵੇਦਾਰ ਕੋਈ ਨਹੀਂ ਸੀ ਰਿਹਾ। ਸਿੱਖ ਰਾਜ ਦਾ ਅੰਤਿਮ ਬਾਦਸ਼ਾਹ ਵੀ ਇਸ ਦੁਨੀਆ ਤੋਂ ਜਾ ਚੁੱਕਾ ਸੀ।
ਜੇਮਜ਼ ਟੈਂਨਟ ਦੀ ਦੇਖ ਰੇਖ ਹੇਠ 8000 ਪੌਂਡ ਖਰਚ ਕੇ ਇਸ ਨੂੰ ਮਹਾਰਾਣੀ ਦੇ ਤਾਜ ਵਿੱਚ ਜੜਿਆ ਗਿਆ ਜੋ 42 ਫ਼ੀਸਦੀ ਆਪਣਾ ਭਾਰ ਗਵਾ ਚੁੱਕਾ ਸੀ। ਨਿੱਕੇ ਟੁਕੜਿਆਂ ਨੂੰ 200 ਦੇ ਕਰੀਬ ਸਿਤਾਰਿਆ ਦੇ ਤੌਰ ’ਤੇ ਜੜ ਦਿੱਤਾ ਗਿਆ। ਰਾਣੀ ‘ਅਲੈਗਜ਼ੈਂਡਰਾ’ ਨੇ ਕੋਹਿਨੂਰ ਹੀਰੇ ਜੜਿਆ ਤਾਜ ਪਹਿਲੀ ਵਾਰ ਪਹਿਨਿਆ। 1936 ਤੋਂ ਬਾਅਦ ਇਹ ਤਾਜ ਕੁਈਨ ‘ਅਲਿਜ਼ਬੈਥ’ ਪਹਿਨਦੀ ਰਹੀ ਜਿਸ ਨੂੰ ਬਾਅਦ ਵਿੱਚ ‘ਕੁਈਨਜ਼’ ਕਰਕੇ ਜਾਣਿਆ ਜਾਂਦਾ ਰਿਹਾ। ਸੰਨ 2022 ਵਿੱਚ ਕੁਈਨਜ਼ ਮਦਰ ਅਲਿਜ਼ਬੈੱਥ ਦੀ ਮੌਤ ਸਮੇਂ ਇਹ ਹੀਰੇ ਜੜਿਆ ਤਾਜ ਆਖਰੀ ਵਾਰ ਉਸ ਦੇ ਕੱਫਨ ’ਤੇ ਰੱਖ ਕੇ ਰਾਜ ਦਰਬਾਰ ਵਿੱਚ ਰਿਟਾਇਰ ਕਰ ਦਿੱਤਾ ਗਿਆ। ਇਸ ਨੂੰ ਆਮ ਲੋਕਾਂ ਦੀ ਪ੍ਰਦਰਸ਼ਨੀ ਲਈ ‘ਲੰਡਨ ਟਾਵਰ’ ਮਿਊਜ਼ੀਅਮ ਵਿੱਚ ਰੱਖ ਦਿੱਤਾ ਗਿਆ। ਜਿੱਥੇ ਹੁਣ ਲੱਖਾਂ ਲੋਕ ਇਸ ਰੋਸ਼ਨੀ ਦੇ ਪਹਾੜ ਨੂੰ ਦੇਖਦੇ ਹਨ। ਜਿਸ ਦੀ ਕੀਮਤ ਦਾ ਸਭ ਤੋਂ ਪਹਿਲੀ ਵਾਰ ਅਨੁਮਾਨ ਲਾਉਂਦਿਆਂ ‘ਬਾਬਰ’ ਨੇ ਕਿਹਾ ਸੀ ਕਿ ਪੂਰੀ ਦੁਨੀਆ ਦਾ ਦੋ ਦਿਨਾਂ ਦਾ ਖਰਚਾ ਇਸ ਦੀ ਕੀਮਤ ਹੈ। ਭਾਰਤ ਦੀ ਸੰਪਤੀ ‘ਕੋਹਿਨੂਰ ਹੀਰਾ’ ਮੇਰੀਆਂ ਅੱਖਾਂ ਸਾਹਮਣੇ ਪਿਆ ਸੀ। ਮੇਰੇ ਕੈਮਰੇ ਨੇ ਇਹ ਨਜ਼ਾਰਾ ਹਮੇਸ਼ਾ ਹਮੇਸ਼ਾ ਲਈ ਪਕੜ ਲਿਆ। ਮੇਰੀਆਂ ਅੱਖਾਂ ’ਚੋਂ ਨਿਕਲੇ ਮੋਤੀ (ਅੱਥਰੂ) ਤਾਂ ਇਸ ਦੀ ਚਮਕ ਸਾਹਮਣੇ ਕੋਈ ਮਹੱਤਵ ਨਹੀਂ ਸਨ ਰੱਖਦੇ। ਅਸੀਂ ਮਿਊਜ਼ੀਅਮ ਤੋਂ ਬਾਹਰ ਆ ਗਏ।
![]()
