ਕੌਮੀ ਬੇਸਬਾਲ ਟੀਮ ਦੀ ਮੈਂਬਰ ਬਣੀ ਪਿੰਡ ਬੁੱਟਰ ਦੀ ਮਨਵੀਰ ਕੌਰ

ਪਿੰਡ ਬੁੱਟਰ ਕਲਾਂ ਦੀ ਜੰਮਪਲ ਮਨਵੀਰ ਕੌਰ ਦੀ ਭਾਰਤੀ ਕੌਮੀ ਮਹਿਲਾ ਬੇਸਬਾਲ ਟੀਮ ਵਿੱਚ ਚੋਣ ਕੀਤੀ ਗਈ ਹੈ। ਇਹ ਟੀਮ ਇਸੇ ਸਾਲ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਮਨਵੀਰ ਕੌਰ ਦੀ ਇਸ ਪ੍ਰਾਪਤੀ ਉਤੇ ਪਿੰਡ ਬੁੱਟਰ, ਜ਼ਿਲ੍ਹਾ ਮੋਗਾ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਨਵੀਰ ਨੇ ਬੈਂਕਾਕ (ਥਾਈਲੈਂਡ) ਵਿਖੇ ਇੰਡੀਆ ਟੀਮ ਦੇ ਕਰਵਾਏ ਗਏ ਏਸ਼ੀਆ ਕੱਪ ਕੁਆਲੀਫਾਈ ਮੁਕਾਬਲੇ ਵਿੱਚ ਕੁਆਲੀਫਾਈ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਿਰਤੀ ਪਰਿਵਾਰ ਦੀ ਹੋਣਹਾਰ ਲੜਕੀ ਮਨਵੀਰ ਕੌਰ ਪੁੱਤਰੀ ਗੁਰਮਖ ਸਿੰਘ ਨੇ ਪਿੰਡ ਦੇ ਸਕੂਲ ’ਚੋਂ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਅਤੇ ਇਥੇ ਹੀ ਬੇਸਬਾਲ ਦੀ ਟ੍ਰੇਨਿੰਗ ਸ਼ੁਰੂ ਕੀਤੀ। ਇਸ ਪਿੱਛੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਕਰਨ ਉਪਰੰਤ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਬੀ.ਪੀ.ਐਡ. ਕਰ ਰਹੀ ਹੈ। ਪਿੰਡ ਵਾਸੀਆਂ ਤੇ ਇਲਾਕੇ ਵਿੱਚ ਮਨਵੀਰ ਕੌਰ ਦੀ ਭਾਰਤ ਦੀ ਟੀਮ ਵਿੱਚ ਹੋਈ ਚੋਣ ਲਈ ਖੁਸ਼ੀ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।

Loading