
ਕੋਲਕਾਤਾ, 21 ਜਨਵਰੀ :
ਇੱਥੋਂ ਦੀ ਸਿਆਲਦਾਹ ਅਦਾਲਤ ਨੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਦੋਸ਼ੀ ਠਹਿਰਾਏ ਸੰਜੈ ਰਾਏ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਸੀਬੀਆਈ ਨੇ ਹਾਲਾਂਕਿ ਰਾਏ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਅਦਾਲਤ ਨੇ ਸੂੁਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 17 ਲੱਖ ਰੁਪਏ ਦੀ ਅਦਾਇਗੀ ਕਰੇ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਕਿਹਾ ਕਿ ਇਹ ਅਪਰਾਧ ‘ਵਿਰਲਿਆਂ ’ਚੋਂ ਵਿਰਲੇ’ ਵਰਗ ਵਿਚ ਨਹੀਂ ਆਉਂਦਾ ਜੋ ਦੋਸ਼ੀ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਇਕ ਕਾਰਨ ਹੈ। ਅਦਾਲਤ ਨੇ ਰਾਏ ਨੂੰ ਬੀਐੱਨਐੱਸ ਦੀ ਧਾਰਾ 64, 66 ਤੇ 103 (1) ਤਹਿਤ ਦੋਸ਼ੀ ਠਹਿਰਾਇਆ ਸੀ। ਜੱਜ ਨੇ ਫ਼ੈਸਲੇ ’ਚ ਕਿਹਾ, ‘ਸੀਬੀਆਈ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਬਚਾਅ ਪੱਖ ਦੇ ਵਕੀਲ ਨੇ ਮੰਗ ਕੀਤੀ ਕਿ ਮੌਤ ਦੀ ਸਜ਼ਾ ਮਗਰੋਂ ਜੇਲ੍ਹ ਦੀ ਸਜ਼ਾ ਦਿੱਤੀ ਜਾਵੇ। ਇਹ ਅਪਰਾਧ ਵਿਰਲਿਆਂ ’ਚੋਂ ਵਿਰਲੇ ਅਪਰਾਧ ਦੀ ਸ਼੍ਰੇਣੀ ’ਚ ਨਹੀਂ ਆਉਂਦਾ।’ ਜੱਜ ਨੇ ਕਿਹਾ ਕਿ ਰਾਏ ਨੂੰ ਇਸ ਫ਼ੈਸਲੇ ਖ਼ਿਲਾਫ਼ ਕਲਕੱਤਾ ਹਾਈ ਕੋਰਟ ’ਚ ਅਪੀਲ ਕਰਨ ਦਾ ਅਧਿਕਾਰ ਹੈ ਅਤੇ ਲੋੜ ਪੈਣ ’ਤੇ ਉਸ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।