ਕ੍ਰਿਕਟ ’ਚ ਸ਼ੁਭਮਨ ਗਿੱਲ ਨੇ ਸਿਰਜਿਆ ਇਤਿਹਾਸ

In ਖੇਡ ਖਿਡਾਰੀ
July 04, 2025

ਬਰਮਿੰਘਮ/ਏ.ਟੀ.ਨਿਊਜ਼:
ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ ਟੈਸਟ ਮੈਚ ਬਰਮਿੰਘਮ ਦੇ ਅਜਬੈਸਟਨ ਸਟੇਡੀਅਮ ਵਿੱਚ ਖੇਡਿਆ ਗਿਆ।ਸ਼ੁਭਮਨ ਗਿੱਲ 269 ਦੌੜਾਂ ਬਣਾ ਕੇ ਆਊਟ ਹੋਇਆ। ਗਿੱਲ ਇਨ੍ਹਾਂ ਦੌੜਾਂ ਨਾਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ ਤੇ ਉਨ੍ਹਾਂ ਨੇ ਵਿਰਾਟ ਕੋਹਲੀ ਦਾ 254 ਦੌੜਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ ਸਾਲ 2019 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪੁਣੇ ਵਿੱਚ ਨਾਬਾਦ 254 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਸ਼ਭਮਨ ਇੰਗਲੈਂਡ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬਣ ਗਏ ਹਨ। ਉਨ੍ਹਾਂ ਸੁਨੀਲ ਗਵਾਸਕਰ ਦਾ 1979 ਦੌਰਾਨ ਓਵਲ ਵਿੱਚ ਇੰਗਲੈਂਡ ਖ਼ਿਲਾਫ਼ 221 ਦੌੜਾਂ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸੇ ਏਸ਼ਿਆਈ ਕਪਤਾਨ ਦਾ ਇੰਗਲੈਂਡ ਵਿੱਚ ਸਰਵੋਤਮ ਪ੍ਰਦਰਸ਼ਨ 193 ਦੌੜਾਂ ਸੀ ਜੋ 2011 ਵਿੱਚ ਸ੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਨੇ ਲਾਡਰਜ਼ ਵਿੱਚ ਬਣਾਏ ਸਨ। ਗਿੱਲ ਨੇ ਦੋਹਰਾ ਸੈਂਕੜਾ ਮਾਰਨ ਲਈ 311 ਗੇਂਦਾਂ ਦਾ ਸਾਹਮਣਾ ਕੀਤਾ। ਉਹ ਹੁਣ ਐੱਮਏਕੇ ਪਟੌਦੀ, ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਮਹਿੰਦਰ ਧੋਨੀ ਨਾਲ ਭਾਰਤ ਲਈ ਦੋਹਰਾ ਸੈਂਕੜਾ ਮਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।

Loading