
ਵਿਨੀਪੈਗ, 3 ਦਸੰਬਰ:
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ’ਤੇ ਡਰੱਗ ਉਨ੍ਹਾਂ ਦੇ ਦੇਸ਼ ਭੇਜਣ ਦੇ ਦੋਸ਼ ਲਾਉਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਉਨ੍ਹਾਂ ’ਤੇ ਬ੍ਰਿਟਿਸ਼ ਕੋਲੰਬੀਆ ਦੇ ਪੋਰਟਾਂ ਨੂੰ ਡਰੱਗ ਸਿੰਡੀਕੇਟ ਬਣਾਏ ਜਾਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਮਾਮਲੇ ਵਿਚ ਸਰੀ ਕਲੋਵਰਡੇਲ ਤੋਂ ਕੰਜ਼ਰਵੇਟਿਵ ਐੱਮਐੱਲਏ ਤੇ ਪਬਲਿਕ ਸੇਫ਼ਟੀ ਅਤੇ ਸਾਲਿਸਟਰ ਜਨਰਲ ਲਈ ਸ਼ੈਡੋ ਮੰਤਰੀ ਏਲੇਨੋਰ ਸਟੁਰਕੋ ਨੇ ਕੈਨੇਡੀਅਨ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ ਹੈ। ਇਸ ਦੌਰਾਨ ਉਨ੍ਹਾਂ ਨੇ ਐਕਸ ’ਤੇ ਕੀਤੀ ਇਕ ਪੋਸਟ ਵਿਚ ਕਿਹਾ ਕਿ ਈਬੀ ਤੇ ਟਰੂਡੋ ਦੀਆਂ ਰੈਡੀਕਲ ਡਰੱਗ ਅਤੇ ਨਰਮ-ਅਪਰਾਧ ਨੀਤੀਆਂ ਨੇ ਬੀ ਸੀ ਪੋਰਟਾਂ ਨੂੰ ਗਲੋਬਲ ਡਰੱਗ ਸਿੰਡੀਕੇਟਾਂ ਅਤੇ ਕਾਰਟੈਲਾਂ ਲਈ ਟ੍ਰਾਂਸਸ਼ਿਪਮੈਂਟ ਅਤੇ ਉਤਪਾਦਨ ਕੇਂਦਰਾਂ ’ਚ ਬਦਲ ਦਿੱਤਾ ਹੈ। ਸਾਨੂੰ ਆਪਣੀਆਂ ਬੰਦਰਗਾਹਾਂ ਅਤੇ ਸਰਹੱਦਾਂ ‘ਤੇ ਹੋਰ ਪੁਲਸ ਦੀ ਲੋੜ ਹੈ ਅਤੇ ਕਿੰਗ ਪਿੰਨਾਂ ਲਈ ਸਖ਼ਤ ਸਜ਼ਾਵਾਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ, ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋ ਰਹੇ ਹਨ ਅਤੇ ਉਹ ਆਪਣੇ ਨਾਲ ਡਰੱਗਜ਼ ਅਤੇ ਅਪਰਾਧ ਲਿਆ ਰਹੇ ਹਨ। ਜੇਕਰ ਕੈਨੇਡਾ ਅਤੇ ਮੈਕਸੀਕੋ ਚਾਹੁਣ ਤਾਂ ਉਹ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਹਨ ਅਤੇ ਉਨ੍ਹਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ। ਇਸ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ’ਤੇ 25 ਫ਼ੀਸਦੀ ਟੈਰਿਫ਼ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਆਪਣੀ ਸਰਹੱਦ ਰਾਹੀਂ ਅਮਰੀਕਾ ‘ਚ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ, ਉਨ੍ਹਾਂ ਨੂੰ ਭਾਰੀ ਟੈਰਿਫ਼ ਦੇਣਾ ਪਵੇਗਾ।
ਇਸ ਦੌਰਾਨ ਦੋ ਪੰਜਾਬੀ ਕੈਨੇਡੀਅਨ ਨੂੰ ਭਾਰੀ ਮਾਤਰਾ ਵਿਚ ਡਰੱਗ ਸਮੇਤ ਕਾਬੂ ਕੀਤਾ ਹੈ। ਇਲੀਨੋਇਸ ਸਟੇਟ ਪੁਲੀਸ ਨੇ ਆਇਓਵਾ ਸਟੇਟ ਲਾਈਨ ਨੇੜੇ ਇੱਕ ਸੈਮੀ-ਟ੍ਰੇਲਰ ਟਰੱਕ ਤੋਂ 40 ਮਿਲੀਅਨ ਡਾਲਰ ਤੋਂ ਵੱਧ ਦੀ ਕੋਕੀਨ ਜ਼ਬਤ ਕੀਤੀ ਹੈ। ਇਸ ਦੌਰਾਨ ਪੁਲੀਸ ਨੇ 27 ਸਾਲਾ ਵੰਸ਼ਪ੍ਰੀਤ ਸਿੰਘ ਅਤੇ 36 ਸਾਲਾ ਮਨਪ੍ਰੀਤ ਸਿੰਘ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਵੰਸ਼ਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਹੈਨਰੀ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ।