ਖ਼ਤਮ ਹੁੰਦਾ ਜਾ ਰਿਹੈ ‘ਕੰਧ ਓਹਲੇ ਪਰਦੇਸ’ ਦਾ ਭਰਮ

In ਮੁੱਖ ਲੇਖ
May 10, 2025
-ਪਰਮਿੰਦਰ ਸੋਢੀ : ਅੱਜ ਅੱਜ ਦੀ ਦੁਨੀਆਂ ਵਿੱਚ ਮਨੁੱਖਾਂ ਨੂੰ ਇੱਕ-ਦੂਜੇ ਤੋਂ ਵੱਖ ਰੱਖਣ ਦਾ ਸਭ ਤੋਂ ਵੱਡਾ ਕਾਰਨ ਦੇਸ਼ਾਂ ਦੀਆਂ ਰਾਜਨੀਤਕ ਸਰਹੱਦਾਂ ਹਨ। ਆਪਣੀਆਂ ਇਤਿਹਾਸਕ ਦੁਸ਼ਮਣੀਆਂ ਨੂੰ ਭੁਲਾ ਨਾ ਸਕਣਾ ਦੂਜਾ ਵੱਡਾ ਕਾਰਨ ਹੈ ਕਿ ਦੁਨੀਆਂ ਭਰ ਦੇ ਲੋਕ ਇੱਕ-ਦੂਜੇ ਤੋਂ ਦੂਰੀ ਬਣਾਈ ਰੱਖਦੇ ਹਨ। ਆਰਥਿਕ ਨਾਬਰਾਬਰੀ ਤੀਜਾ ਕਾਰਨ ਹੈ। ਅਮੀਰ ਮੁਲਕ ਨਹੀਂ ਚਾਹੁੰਦੇ ਕਿ ਗ਼ਰੀਬ ਮੁਲਕਾਂ ਨਾਲ ਸਰਹੱਦਾਂ ਖ਼ਤਮ ਕਰੀਆਂ ਜਾਣ। ਚੌਥਾ ਕਾਰਨ ਸੱਭਿਆਚਾਰਾਂ ਵਿਚਲੇ ਫ਼ਰਕ ਹਨ ਜਿਸ ਵਿੱਚ ਧਾਰਮਿਕ ਵਖਰੇਵੇਂ ਵੀ ਸ਼ਾਮਲ ਹਨ। ਇਸੇ ਤਰ੍ਹਾਂ ਲੋਕਾਂ ਵਿੱਚ ਇੱਕ-ਦੂਜੇ ਲਈ ਹਮਦਰਦੀ ਅਤੇ ਇੱਕ-ਦੂਜੇ ਨੂੰ ਸਮਝਣ ਦੀ ਘਾਟ ਪੰਜਵਾਂ ਕਾਰਨ ਹੈ। ਇਹ ਸਾਰੀਆਂ ਰੁਕਾਵਟਾਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਅਤੇ ਚੁਣੌਤੀਆਂ ਦਾ ਇੱਕ ਗੁੰਝਲਦਾਰ ਜਾਲ਼ ਬੁਣਦੀਆਂ ਹਨ ਜੋ ਦੁਨੀਆਂ ਭਰ ਦੇ ਲੋਕਾਂ ਦੇ ਆਪਸੀ ਸੰਪਰਕ, ਮੇਲ-ਜੋਲ ਅਤੇ ਸਹਿਯੋਗ ਵਿੱਚ ਰੁਕਾਵਟ ਪਾਉਂਦੀਆਂ ਹਨ। ਅਜੋਕੇ ਦੌਰ ਵਿੱਚ ਮਨੁੱਖਤਾ ਨੂੰ ਵੰਡਣ ਵਾਲੀ ਪਹਿਲੀ ਚੁਣੌਤੀ ਰਾਜਾਂ ਜਾਂ ਦੇਸ਼ਾਂ ਵਿਚਕਾਰ ਉਸਰੀਆਂ ਸਰਹੱਦਾਂ ਹਨ। ਅਮਰੀਕਾ ਅਤੇ ਮੈਕਸੀਕੋ ਵਿਚਕਾਰ ਚੱਲ ਰਿਹਾ ਰਫਿਊਜੀ ਮਸਲਾ ਇਸ ਦੀ ਵੱਡੀ ਮਿਸਾਲ ਹੈ। ਅਮਰੀਕਾ ਨੇ ਉੱਚੀਆਂ ਤੇ ਵੱਡੀਆਂ ਕੰਧਾਂ ਉਸਾਰ ਕੇ ਇਸ ਵੰਡ ਨੂੰ ਪੱਕਾ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹਜ਼ਾਰਾਂ ਮੀਲਾਂ ਤੱਕ ਵਿਛਾਈ ਕੰਡਿਆਲੀ ਤਾਰ ਵੀ ਇਸ ਦੀ ਸਪਸ਼ਟ ਉਦਾਹਰਨ ਹੈ। ਯੂਰਪੀ ਅਤੇ ਅਫ਼ਰੀਕੀ ਮੁਲਕਾਂ ਦੀਆਂ ਆਪਸੀ ਸਰਹੱਦਾਂ ਮਨੁੱਖਾਂ ਦੇ ਆਉਣ-ਜਾਣ ਵਿੱਚ ਵੱਡੀ ਰੁਕਾਵਟ ਬਣੀਆਂ ਹਨ। ਇਹ ਮਨੁੱਖਤਾ ਲਈ ਪੁਲ ਨਹੀਂ, ਕੰਧਾਂ ਬਣਾਉਣ ਵਾਲੇ ਰਾਜਨੀਤਕ ਫ਼ੈਸਲਿਆਂ ਦੀ ਗਵਾਹੀ ਭਰਦੇ ਹਨ। ਆਪਣੀਆਂ ਇਤਿਹਾਸਕ ਦੁਸ਼ਮਣੀਆਂ ਨੂੰ ਭੁਲਾ ਨਾ ਸਕਣਾ ਵੀ ਦੁਨੀਆਂ ਭਰ ਦੇ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰ ਕਰਦਾ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਂ ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਲੰਬੇ ਅਰਸੇ ਤੋਂ ਚੱਲ ਰਹੇ ਤਣਾੱਅ ਭਰੇ ਰਿਸ਼ਤੇ ਹਨ। ਇਸ ਤਣਾਅਪੂਰਨ ਮਾਹੌਲ ਨੇ ਲੋਕਾਂ ਨੂੰ ਭਾਵੁਕ ਤੌਰ ਉੱਤੇ ਵੰਡਣ ਦਾ ਗ਼ੈਰ-ਮਨੁੱਖੀ ਕੰਮ ਕੀਤਾ ਹੈ। ਆਰਥਿਕ ਨਾ ਬਰਾਬਰੀ ਵੀ ਮਨੁੱਖਤਾ ਨੂੰ ਵੰਡਣ ਵਿੱਚ ਨਾਂਹ-ਪੱਖੀ ਭੂਮਿਕਾ ਅਦਾ ਕਰਦੀ ਹੈ। ਮਜ਼ਬੂਤ ਆਰਥਿਕਤਾ ਵਾਲੇ ਦੇਸ਼ ਜਿਵੇਂ ਕਿ ਅਮਰੀਕਾ ਅਤੇ ਪੱਛਮੀ ਯੂਰਪੀ ਦੇਸ਼ ਸਖ਼ਤ ਇਮੀਗ੍ਰੇਸ਼ਨ ਨਿਯਮ ਲਾਗੂ ਕਰ ਕੇ ਗ਼ਰੀਬ ਮੁਲਕਾਂ ਦੇ ਲੋਕਾਂ ਦਾ ਪਰਵਾਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਪਿਛਲੇ ਦਿਨਾਂ ਵਿੱਚ ਅਮਰੀਕਾ ਵੱਲੋਂ ਭਾਰਤ ਵੱਲ ਭੇਜੇ ਪਰਵਾਸੀਆਂ ਨਾਲ ਭਰੇ ਜਹਾਜ਼ਾਂ ਦੀ ਘਟਨਾ ਨੂੰ ਵੀ ਇਸੇ ਨੁਕਤੇ ਤੋਂ ਸਮਝਿਆ ਜਾ ਸਕਦਾ ਹੈ। ਅਰਬ ਦੇਸ਼ਾਂ ਵਿੱਚ ਗ਼ਰੀਬ ਦੇਸ਼ਾਂ ਤੋਂ ਆਏ ਪਰਵਾਸੀਆਂ ਨਾਲ ਹੁੰਦੇ ਬੁਰੇ ਵਿਵਹਾਰ ਪਿੱਛੇ ਵੀ ਇਹੀ ਕਾਰਨ ਸਾਫ਼ ਨਜ਼ਰ ਆਉਂਦਾ ਹੈ। ਫਰਾਂਸ ਵਿੱਚ ਹਿਜਾਬ ਜਾਂ ਦਸਤਾਰ ’ਤੇ ਬਹਿਸ, ਪੱਛਮੀ ਅਤੇ ਮੱਧ ਪੂਰਬੀ ਦੇਸ਼ਾਂ ਵਿਚਕਾਰ ਸੱਭਿਆਚਾਰਕ ਪਾੜਾ, ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਲੈਸਬੀਅਨ ਜਾਂ ਸਮਲਿੰਗੀ ਜਾਂ ਖੁਸਰਿਆਂ ਆਦਿ ਦੇ ਅਧਿਕਾਰਾਂ ਲਈ ਵੱਖੋ-ਵੱਖਰੇ ਰਵੱਈਏ ਦਰਸਾਉਂਦੇ ਹਨ ਕਿ ਸੱਭਿਆਚਾਰਕ ਰੁਕਾਵਟਾਂ ਲੋਕਾਂ ਨੂੰ ਕਿਵੇਂ ਇੱਕ-ਦੂਜੇ ਤੋਂ ਦੂਰ ਕਰਦੀਆਂ ਹਨ। ‘ਕੰਧ ਓਹਲੇ ਪਰਦੇਸ’ ਦਾ ਮਾਨਸਿਕ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਭੂਗੋਲਿਕ ਹੱਦਾਂ ਦੇ ਹੁੰਦੇ ਹੋਏ ਵੀ ਦੁਨੀਆਂ ਭਰ ਦੇ ਲੋਕ ਇੱਕ-ਦੂਜੇ ਬਾਰੇ ਵਧੇਰੇ ਚੰਗੀ ਤਰ੍ਹਾਂ ਜਾਣੂ ਹੋ ਰਹੇ ਹਨ। ਅਰਬ ਸਪਰਿੰਗ ਵਰਗੇ ਅੰਦੋਲਨ ਨੇ ਲੋਕਤੰਤਰੀ ਸਰਗਰਮੀਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਵਿਸ਼ਵ-ਵਿਆਪੀ ਵਿਰੋਧ ਪ੍ਰਦਰਸ਼ਨਾਂ, ਜਿਵੇਂ ਕਿ ‘ਕਾਲੇ ਲੋਕਾਂ ਦਾ ਜੀਵਨ ਵੀ ਕੀਮਤੀ’ (ਬਲੈਕ ਲਾਈਵਜ਼ ਮੈਟਰ) ਨੂੰ ਵਿਸ਼ਵ-ਵਿਆਪੀ ਸਮਰਥਨ ਮਿਲਿਆ। ਇਹ ਸਭ ਦਰਸਾਉਂਦੇ ਹਨ ਕਿ ਡਿਜੀਟਲ ਪਲੇਟਫਾਰਮ ਸਰਹੱਦਾਂ ਤੋਂ ਪਰੇ ਜਾ ਕੇ ਲੋਕਾਂ ਨੂੰ ਇਕਜੁੱਟ ਕਰ ਸਕਦੇ ਹਨ। ਸਿੱਖਿਆ ਦਾ ਪ੍ਰਸਾਰ ਵੀ ਲੋਕਾਂ ਦੀ ਸਮਝ ਨੂੰ ਵਧਾਉਂਦਾ ਹੈ। ਸੱਭਿਆਚਾਰਕ ਅਦਾਨ-ਪ੍ਰਦਾਨ ਸੌਖਾ ਹੋਇਆ ਹੈ। ਇੱਕ-ਦੂਜੇ ਦੇ ਗੀਤ-ਸੰਗੀਤ, ਡਰਾਮੇ, ਫਿਲਮਾਂ, ਫੈਸ਼ਨ, ਖਾਣ-ਪੀਣ ਅਤੇ ਸਾਹਿਤ ਨੂੰ ਦੇਖਣ, ਮਾਣਨ, ਪੜ੍ਹਨ ਜਾਂ ਸੁਣਨ ਨਾਲ ਫ਼ਾਸਲੇ ਘਟ ਰਹੇ ਹਨ। ਦੁਨੀਆਂ ਭਰ ਦੇ ਲੋਕ ਡਰਾਮੇ ਦੇਖ ਕੇ, ਅਫ਼ਰੀਕੀ ਜਾਂ ਭੰਗੜਾ ਬੀਟਸ ਸੁਣ ਕੇ, ਬਾਲੀਵੁੱਡ ਫਿਲਮਾਂ ਦਾ ਆਨੰਦ ਮਾਣ ਕੇ ਜਾਂ ਪੱਛਮੀ ਫੈਸ਼ਨ ਦੇ ਰੁਝਾਨਾਂ ਦੀ ਪਾਲਣਾ ਕਰ ਕੇ ਵੱਖ-ਵੱਖ ਸੱਭਿਆਚਾਰਾਂ ਨਾਲ ਜੁੜਦੇ ਹਨ। ਨੈੱਟਫਲਿਕਸ, ਟਿਕਟਾਕ ਤੇ ਯੂਟਿਊਬ ਵਰਗੇ ਪਲੇਟਫਾਰਮਾਂ ਨੂੰ ਗਲੋਬਲ ਚੇਤਨਾ ਨੂੰ ਉਤਸ਼ਾਹਤ ਕੀਤਾ ਹੈ। ਕੁਦਰਤੀ ਆਫ਼ਤਾਂ ਵੇਲੇ ਮਾਨਵਤਾਵਾਦੀ ਯਤਨ ਅਤੇ ਗਲੋਬਲ ਸਹਿਯੋਗ ਵਿੱਚ ਵਾਧਾ ਹੋਇਆ ਹੈ ਜਿਸ ਨੇ ਭੂਗੋਲਿਕ ਦੂਰੀ ਹੋਣ ਦੇ ਬਾਵਜੂਦ ਦੇਸ਼ਾਂ ਨੂੰ ਇਕਜੁੱਟ ਕੀਤਾ ਹੈ। ਤੁਰਕੀ ਅਤੇ ਸੀਰੀਆ ਵਿੱਚ 2023 ਦੇ ਭੂਚਾਲ ਪ੍ਰਤੀ ਵਿਸ਼ਵ-ਵਿਆਪੀ ਪ੍ਰਤੀਕਿਰਿਆ ਅਤੇ ਨਾਲ ਹੀ ਆਸਟ੍ਰੇਲੀਆ ਅਤੇ ਯੂਨਾਨ ’ਚ ਜੰਗਲ ਦੀ ਅੱਗ ਲਈ ਅੰਤਰਰਾਸ਼ਟਰੀ ਸਹਾਇਤਾ ਇਹ ਸਾਬਿਤ ਕਰਦੀ ਹੈ ਕਿ ਮਨੁੱਖੀ ਹਮਦਰਦੀ ਸਰਹੱਦਾਂ ਤੋਂ ਪਾਰ ਹੈ। ਕੋਵਿਡ-19 ਟੀਕਿਆਂ ਦੇ ਵਿਕਾਸ ਵਿੱਚ ਵਿਸ਼ਵ ਪੱਧਰੀ ਸਹਿਯੋਗ, ਦੇਸ਼ਾਂ ਦੁਆਰਾ ਖੋਜ ਅਤੇ ਸਰੋਤ ਸਾਂਝੇ ਕਰਨਾ ਮਨੁੱਖੀ ਸਹਿਯੋਗ ਦੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਨਿਕਟ ਭਵਿੱਖ ਵਿੱਚ ਕੁਝ ਅੰਤਰਰਾਸ਼ਟਰੀ ਸੜਕ ਅਤੇ ਰੇਲ ਮਾਰਗ ਵੀ ਵਿਕਸਤ ਹੋਣ ਜਾ ਰਹੇ ਹਨ। ਟਰਾਂਸ-ਯੂਰੇਸ਼ੀਅਨ ਰੇਲ ਤੇ ਸੜਕ ਲਿੰਕ ਨਾਲ ਚੀਨ ਅਤੇ ਯੂਰਪ ਵਿਚਕਾਰਲੇ ਮੁਲਕ ਆਪਸ ਵਿੱਚ ਜੁੜਨ ਵਾਲੇ ਹਨ। ਇਸੇ ਤਰ੍ਹਾਂ ਭਾਰਤ-ਮੱਧ ਪੂਰਬ ਏਸ਼ੀਆ-ਯੂਰਪ ਗਲਿਆਰਾ ਵਿਕਸਤ ਹੋਣ ਨਾਲ ਭਾਰਤ ਦਾ ਯੂਰਪ ਨਾਲ ਜੁੜਨਾ ਸੰਭਵ ਹੋ ਜਾਣਾ ਹੈ। ਇਸੇ ਤਰ੍ਹਾਂ ਰੂਸ ਤੋਂ ਅਲਾਸਕਾ ਤੱਕ ਬਣਨ ਵਾਲੀ ਬੇਰਿੰਗ ਸਟ੍ਰੇਟ ਸੁਰੰਗ ਨੇ ਏਸ਼ੀਅਨ ਮੁਲਕਾਂ ਨੂੰ ਸਿੱਧੇ ਅਮਰੀਕਾ ਨਾਲ ਜੋੜ ਦੇਣਾ ਹੈ। ਜਿਬਰਾਲਟਰ ਸੁਰੰਗ ਨਾਲ ਯੂਰਪੀ ਤੇ ਅਫ਼ਰੀਕੀ ਲੋਕਾਂ ਦੇ ਜੁੜਨ ਦੀ ਉਮੀਦ ਕੀਤੀ ਜਾਂਦੀ ਹੈ। ਇਹ ਰਸਤੇ ਵਪਾਰ, ਯਾਤਰਾ ਤੇ ਵਿਸ਼ਵ-ਵਿਆਪੀ ਨੇੜਤਾ ਵਿਚ ਕ੍ਰਾਂਤੀ ਲਿਆ ਸਕਦੇ ਹਨ। ਇੱਥੇ ਮਨੁੱਖਤਾ ਨੂੰ ਆਪਸ ਵਿੱਚ ਜੋੜਨ ਵਾਲੀਆਂ ਤੇ ਸਰਹੱਦਾਂ ਪਾਰ ਕਰ ਕੇ ਮਾਨਵਤਾਵਾਦੀ ਅਤੇ ਸ਼ਾਂਤੀ-ਕੇਂਦ੍ਰਿਤ ਸੰਸਥਾਵਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਮਾਨਵਤਾਵਾਦੀ ਸੰਗਠਨਾਂ ਵਿੱਚ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੀ ਭੂਮਿਕਾ ਮਹੱਤਵਪੂਰਨ ਹੈ ਜੋ ਟਕਰਾਅ ਵਾਲੇ ਖੇਤਰਾਂ ਵਿੱਚ ਪੀੜਤ ਲੋਕਾਂ ਦੀ ਮਦਦ ਕਰਦੀ ਹੈ ਤੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨਾਂ ਨੂੰ ਉਤਸ਼ਾਹਤ ਕਰਦੀ ਹੈ। ਮੇਡੇਕਿਨਸ ਸੈਂਸ ਫਰੰਟੀਅਰਜ਼ (ਸਰਹੱਦਾਂ ਮੁਕਤ ਡਾਕਟਰ)-ਯੁੱਧ ਖੇਤਰਾਂ, ਮਹਾਮਾਰੀਆਂ ਅਤੇ ਆਫ਼ਤ ਦੀ ਮਾਰ ਵਿੱਚ ਆਏ ਖੇਤਰਾਂ ਵਿੱਚ ਐਮਰਜੈਂਸੀ ਡਾਕਟਰੀ ਸਹਾਇਤਾ ਪੇਸ਼ ਕਰਦੀ ਹੈ। ਇਵੇਂ ਹੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.)- ਦੁਨੀਆਂ ਭਰ ਵਿੱਚ ਸ਼ਰਨਾਰਥੀਆਂ, ਰਾਜ ਰਹਿਤ ਲੋਕਾਂ ਤੇ ਉਜੜੇ ਭਾਈਚਾਰਿਆਂ ਦੀ ਰੱਖਿਆ ਤੇ ਸਹਾਇਤਾ ਕਰਦਾ ਹੈ। ਇੰਟਰਨੈਸ਼ਨਲ ਰੈਸਕਿਊ ਕਮੇਟੀ- ਸ਼ਰਨਾਰਥੀਆਂ ਤੇ ਆਫ਼ਤ ਪ੍ਰਭਾਵਿਤ ਖੇਤਰਾਂ ਲਈ ਐਮਰਜੈਂਸੀ ਰਾਹਤ, ਪੁਨਰਵਾਸ ਸਹਾਇਤਾ ਅਤੇ ਵਕਾਲਤ ਪ੍ਰਦਾਨ ਕਰਦੀ ਹੈ। ਵਰਲਡ ਫੂਡ ਪ੍ਰੋਗਰਾਮ-ਭੋਜਨ ਮੁਹੱਈਆ ਕਰਦਾ ਹੈ ਅਤੇ ਝਗੜੇ ਜਾਂ ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਲੰਬੇ ਭੁੱਖਮਰੀ ਮਸਲਿਆਂ ਨੂੰ ਹੱਲ ਕਰਨ ਲਈ ਕੰਮ ਕਰਦਾ ਹੈ। ਸ਼ਾਂਤੀ-ਨਿਰਮਾਣ ਸੰਗਠਨਾਂ ਵਿੱਚ ਇੰਟਰਨੈਸ਼ਨਲ ਕਰਾਈਸਿਜ਼ ਗਰੁੱਪ-ਵਿਸ਼ਵ-ਵਿਆਪੀ ਟਕਰਾਅ ਨੂੰ ਰੋਕਣ ਤੇ ਹੱਲ ਦੀ ਵਕਾਲਤ ਕਰਦਾ ਹੈ। ਅਹਿੰਸਕ ਸ਼ਾਂਤੀ ਫੋਰਸ- ਨਾਗਰਿਕਾਂ ਦੀ ਰੱਖਿਆ ਕਰਨ ਤੇ ਟਕਰਾਅ ਦੇ ਹੱਲ ਕਰਨ ਲਈ ਨਿਹੱਥੇ ਨਾਗਰਿਕ ਸ਼ਾਂਤੀ ਰੱਖਿਅਕਾਂ ਨੂੰ ਤਾਇਨਾਤ ਕਰਦੀ ਹੈ। ਸਰਚ ਫਾਰ ਕਾਮਨ ਗਰਾਊਂਡ-ਸ਼ਾਂਤੀ ਨੂੰ ਉਤਸ਼ਾਹਤ ਕਰਨ ਤੇ ਹਿੰਸਾ ਨੂੰ ਰੋਕਣ ਲਈ ਸੰਵਾਦ, ਮੀਡੀਆ ਤੇ ਭਾਈਚਾਰਕ ਪਹਿਲਕਦਮੀਆਂ ਦੀ ਵਰਤੋਂ ਕਰਦੀ ਹੈ। ਜ਼ਾਹਰਾ ਤੌਰ ’ਤੇ ਦੁਨੀਆਂ ਭਰ ’ਚ ਕਲਾ ਤੇ ਸੱਭਿਆਚਾਰ ਦਾ ਰੰਗ-ਰੂਪ ਇੱਕੋ ਜਿਹਾ ਹੁੰਦਾ ਜਾ ਰਿਹਾ ਹੈ। ਨਿਕਟ ਭਵਿੱਖ ’ਚ ਇੰਟਰਨੈੱਟ, ਮੀਡੀਆ, ਯੂਟਿਊਬ, ਫਿਲਮਾਂ ਤੇ ਕਿਤਾਬਾਂ ਨਾਲ ਵੱਖਰੇਪਣ ਨੂੰ ਸਮਝਣ ਤੇ ਸਵੀਕਾਰ ਕਰਨ ਦੀ ਸਮਰੱਥਾ ਵਧੇਗੀ। ਬੋਲੀਆਂ ਦੇ ਵੱਖ-ਵੱਖ ਹੋਣ ਕਰਕੇ ਸੰਚਾਰ ਦੀਆਂ ਰੁਕਾਵਟਾਂ ਨੂੰ ਅਨੁਵਾਦ ਦੇ ਟੂਲਜ਼ ਨੇ ਲਗਪਗ ਖ਼ਤਮ ਹੀ ਕਰ ਦਿੱਤਾ ਹੈ। ਕੁੱਲ-ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਜੇ ਮਨੁੱਖਤਾ ਦਾ ਇੱਕ ਹਿੱਸਾ ਆਪਸ ’ਚ ਦੂਰੀਆਂ ਬਣਾਈ ਰੱਖਣ ਲਈ ਸੁਚੇਤ ਜਾਂ ਅਚੇਤ ਤੌਰ ’ਤੇ ਵਰਤਿਆ ਜਾਂਦਾ ਰਿਹਾ ਹੈ ਤਾਂ ਇਸੇ ਮਨੁੱਖਤਾ ਦੇ ਇੱਕ ਹਿੱਸੇ ਅੰਦਰ ਸਰਬ ਸਾਂਝੀਵਾਲਤਾ ਦੀ ਤਾਂਘ ਵੀ ਖ਼ਤਮ ਨਹੀਂ ਹੋਈ ਹੈ। ਸੱਤਾ ਜਾਂ ਤਾਕਤ ਦੇ ਨੇੜੇ ਰਹਿਣ ਵਾਲੇ ਸਿਆਸੀ ਤੇ ਧਾਰਮਿਕ ਆਗੂ ਮਨੁੱਖਤਾ ਵਿਚਕਾਰ ਦੂਰੀਆਂ ਬਣਾਈ ਰੱਖਣ ਲਈ ਕੋਸ਼ਿਸ਼ ਕਰਦੇ ਰਹਿਣਗੇ ਪਰ ਆਮ ਲੋਕਾਂ ’ਚ ਧਾਰਮਿਕ, ਸਮਾਜਿਕ ਤੇ ਸਿਆਸੀ ਕੱਟੜਪੰਥੀਆਂ ਦਾ ਘਟਣਾ ਹੁਣ ਸੰਭਵ ਹੁੰਦਾ ਜਾ ਰਿਹਾ ਹੈ। ਇਹ ਸੰਭਵ ਹੈ ਕਿ ਪੰਜਾਹ ਜਾਂ ਸੌ ਸਾਲਾਂ ’ਚ ਮਨੁੱਖਤਾ ’ਚ ਦੂਰੀ ਘਟੇ ਤੇ ਭੂਗੋਲਿਕ ਸਰਹੱਦਾਂ ਬੇਮਾਅਨਾ ਹੋ ਜਾਣ। ਇੱਕ ਵਧੇਰੇ ਜੁੜੀ ਹੋਈ ਤੇ ਸਦਭਾਵਨਾ ਪੂਰਨ ਦੁਨੀਆਂ ਦਾ ਜਨਮ ਹੋਵੇ ਜਿੱਥੇ ਸਾਰੇ ਮਨੁੱਖ ਆਪਣੇ-ਆਪ ਨੂੰ ਇੱਕੋ ਜਿਹੇ, ਕਦਰਯੋਗ ਤੇ ਸਤਿਕਾਰਯੋਗ ਮਹਿਸੂਸ ਕਰਦੇ ਹੋਣ। -(ਲੇਖਕ ਟੋਕੀਓ ਆਧਾਰਤ ਪਰਵਾਸੀ ਭਾਰਤੀ ਹੈ)

Loading